ਵੇਰਕੇ ਦਾ ਮੁਖਾ ਕਾਂਡ, ਗੁੰਡਾ ਕੌਣ...?

ਜਸਪਾਲ ਸਿੰਘ ਹੇਰਾਂ
ਅੰਮਿ੍ਰਤਸਰ ਵਿੱਚ ਵਾਪਰੀ ਘਟਨਾ ਨੇ ਬਾਦਲ ਦਲੀਏ ਅਤੇ ਪੰਜਾਬ ਪੁਲੀਸ ਦੋਵੇਂ ਕਟਿਹਰੇ ਵਿੱਚ ਲਿਆ ਖੜੇ ਕੀਤੇ ਹਨ। ਪ੍ਰੰਤੂ ਹੁਣ ਫੈਸਲਾ ਕੌਣ ਕਰੇਗਾ? ਬਾਦਲ ਦਲ ਦੇ ਆਗੂਆਂ ਵਿੱਚ ਗੁੰਡਿਆਂ ਦੀ ਘੁਸਪੈਠ ਹੈ ਜਾਂ ਫਿਰ ਬਾਦਲ ਸਰਕਾਰ ਦੀ ਪੁਲਿਸ ਦੇ ਮੂੰਹ ਹਾਲੇ ਵੀ ਝੂਠੇ ਪੁਲੀਸ ਮੁਕਾਬਲਿਆਂ ਦਾ ਖੂਨ ਲੱਗਾ ਹੋਇਆ ਹੈ? ਪੁਲਿਸ ਨੇ ਬਾਦਲ ਦੇ ਵਾਰਡ ਪ੍ਰਧਾਨ ਨੂੰ ਪੁਲਿਸ ਮੁਕਾਬਲੇ ’ਚ ਮਾਰ ਦਿੱਤਾ ਹੈ। ਪੁਲਿਸ ਮੁਕਾਬਲਾ ਝੂਠਾ ਸੀ ਜਾਂ ਸੱਚਾ? ਅਕਾਲੀ ਆਗੂ ਆਖ ਰਹੇ ਹਨ ਝੂਠਾ। ਉਨਾਂ ਦੀ ਹੀ ਪੁਲੀਸ ਆਖ ਰਹੀ ਹੈ ਸੱਚਾ। ਹੁਣ ਇਹ ਅਕਾਲੀਆਂ ਦੀ ਪੁਲਿਸ ਉਨਾਂ ਨੂੰ ਹੀ ਝੂਠੇ ਮੁਕਾਬਲਿਆਂ ਵਿੱਚ ਮਾਰਨ ਲੱਗ ਪਈ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ? ਇਹ ਧੱਕੜ, ਜ਼ਾਬਰ, ਪੁਲਿਸ ਆਮ ਲੋਕਾਂ ਨੂੰ ਕੀ ਸਮਝਦੀ ਹੋਵੇਗੀ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਰਨ ਵਾਲੇ ਦਾ ਪਿਛੋਕੜ ਸਾਫ਼ ਨਹੀਂ। ਉਸ ਨੂੰ ਪੁਲਿਸ ਨੇ ਹੁਣ 2007 ਤੋਂ ਭਗੌੜਾ ਵੀ ਦਰਸਾ ਦਿੱਤਾ ਹੈ। ਫਿਰ ਇੱਕ ਭਗੌੜੇ ਨੂੰ ਅਕਾਲੀਆਂ ਨੇ ਵਾਰਡ ਪ੍ਰਧਾਨ ਕਿਵੇਂ ਬਣਾ ਦਿੱਤਾ? ਬਿਕਰਮ ਸਿੰਘ ਮਜੀਠੀਆ ਜਿਸ ਨੂੰ ਅਕਾਲੀ ਮਾਝੇ ਦਾ ਜਰਨੈਲ ਦੱਸਣ ਲੱਗ ਪਏ ਹਨ, ਉਸ ਦੇ ਨੇੜਲੇ ਸਾਥੀਆਂ ਦੇ ਕਾਰਨਾਮੇ ਜੱਗ ਜ਼ਾਹਿਰ ਹੋ ਰਹੇ ਹਨ। ਬੀਤੀ ਰਾਤ ਵੇਰਕਾ ਦੇ ਵਾਰਡ ਨੰਬਰ 16 ਦੇ ਪ੍ਰਧਾਨ ਮੁਖਜੀਤ ਸਿੰਘ ਮੁਖਾ ਨੂੰ ਜਦੋਂ ਪੁਲੀਸ ਨੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਤਾਂ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਮਜੀਠੀਏ ਦੇ ਬਿ੍ਰਗੇਡ ਕਮਾਂਡਰ ਸੜਕ ਜਾਮ ਕਰਨ ਲਈ ਭੱਜੇ ਅਤੇ ਇਸ ਨੂੰ ਪੁਲੀਸ ਦੀ ਜ਼ਾਬਰ ਕਾਰਵਾਈ ਗਰਦਾਨਿਆ। ਦੂਜੇ ਪਾਸੇ ਪੁਲੀਸ ਨੇ ਪਹਿਲਾਂ ਭੁਲੇਖੇ ਵਿੱਚ ਹੋਇਆ ਮੁਕਾਬਲਾ ਦੱਸਿਆ। ਫਿਰ ਮੁਖੇ ਨੂੰ ਭਗੌੜਾ ਵੀ ਦਰਸਾ ਦਿੱਤਾ। ਤੇ ਆਖ਼ਿਰ ਇਸ ਮੁਕਾਬਲੇ ਦੀ ਜਾਂਚ ਕਰਾਉਣ ਦੀ ਸਹਿਮਤੀ ਵੀ ਦੇ ਦਿੱਤੀ। ਹੁਣ ਪੰਜਾਬ ਦੇ ਲੋਕਾਂ ਸਾਹਮਣੇ ਜਿਹੜਾ ਸਵਾਲ ਮੂੰਹ ਟੱਡ ਕੇ ਖੜਾ ਹੈ। ਉਹ ਇਹ ਹੈ ਕਿ ਕੀ ਪੰਜਾਬ ਪੁਲੀਸ ਦੇ ਮੂੰਹ ਹਾਲੇ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਖੂਨ ਲੱਗਾ ਹੋਇਆ ਹੈ। ਉਹ ਬਿਨਾਂ ਕਿਸੇ ਪੱਕੇ ਠੋਸ ਸਬੂਤ ਦੇ ਜਿਸ ਨੂੰ ਮਰਜ਼ੀ ਗੈਂਗਸਟਰ ਦੱਸ ਕੇ ਉਸ ਦਾ ਪੁਲਿਸ ਮੁਕਾਬਲਾ ਬਣਾ ਦੇਵੇ? ਕੋਈ ਦੱਸਣ-ਪੁੱਛਣ ਵਾਲਾ ਨਹੀਂ। ਜੇ ਪੰਜਾਬ ਪੁਲਿਸ ਦੀਆਂ ਮੁਹਾਰਾਂ ਤੇ ਵਾਗਾਂ ਏਨੀਆਂ ਖੁੱਲੀਆਂ ਹਨ ਤਾਂ ਫਿਰ ਪੰਜਾਬ ਵਿੱਚ ਪੰਜਾਬ ਪੁਲਿਸ ਦੇ ਜੰਗਲ ਰਾਜ ਨੂੰ ਹੋਈ। ਕਿਵੇਂ ਝੁਠਲਾ ਸਕਦਾ ਹੈ? ਪ੍ਰੰਤੂ ਜੇ ਮੁਖੇ ਦਾ ਸੱਚਮੁੱਚ ਏਨਾ ਅਪਰਾਧਿਕ ਪਿਛੋਕੜ ਰਿਹਾ ਹੈ ਤਾਂ ਉਸ ਨੂੰ ਅਕਾਲੀ ਦਲ ਦਾ ਵਾਰਡ ਪ੍ਰਧਾਨ ਬਣਾਉਣਾ ਇਹ ਸੱਪਸ਼ਟ ਕਰਦਾ ਹੈ ਕਿ ਅਕਾਲੀ ਦਲ ਨੇ ਹੁਣ ਗੁੰਡਿਆਂ ਨੂੰ ਪਾਰਟੀ ਦੀ ਵਾਂਗਡੋਰ ਸੌਂਪ ਦਿੱਤੀ ਹੈ। ਜਿਨਾਂ ਵੱਡਾ ਗੈਂਗਸਟਰ ਉਨਾਂ ਵੱਡਾ ਬਾਦਲ ਦਲ ਦਾ ਆਗੂ। ਪੁਲਿਸ ਦੀ ਦੋਹਰੀ ਭੂਮਿਕਾ, ਅਕਾਲੀਆਂ ਦੀ ਦੋਹਰੀ ਭੂਮਿਕਾ। ਮਾਮਲੇ ਨੂੰ ਸਿਰਫ਼ ਪੇਚੀਦਾ ਹੀ ਨਹੀਂ ਬਣਾ ਰਹੀ ਸਗੋਂ ਆਮ ਲੋਕਾਂ ਵਿੱਚ ਦਹਿਸ਼ਤ ਵੀ ਪੈਦਾ ਕਰ ਰਹੀ ਹੈ। ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝਣ? ਪੁਲਿਸ ਆਦਮਬੋਅ, ਆਦਮਬੋਅ ਕਰਦੀ ਫਿਰ ਰਹੀ। ਗੁੰਡਿਆਂ ਨੂੰ ਪ੍ਰਧਾਨਗੀਆਂ ਸੌਂਪੀਆਂ ਹੋਈਆਂ ਹਨ, ਸ਼ਰੀਫ ਬੰਦਾ ਬਾਹਰ ਕਿਹੜੇ ਹੌਂਸਲੇ ਨਾਲ ਨਿਕਲੇ, ਉਹ ਇਨਸਾਫ਼ ਦੀ ਉਮੀਦ ਕਿਸ ਤੋਂ ਰੱਖੇ? ਅਸੀਂ ਚਾਹੁੰਦੇ ਹਾਂ ਕਿ ਮੁਖਾ ਮੁਕਾਬਲਾ ਕਾਂਡ ਦੀ ਉੱਚ ਪੱਧਰੀ ਜਾਂਚ ਹੋਵੇ, ਦੋਸ਼ੀ ਪੁਲੀਸ? ਜਾਂ ਗੁੰਡੇ ਆਗੂ? ਇਹ ਫ਼ੈਸਲਾ ਹੋਣਾ ਬੇਹੱਦ ਜ਼ਰੂਰੀ ਹੈ ਕਿ ਇਸ ਤਰਾਂ ਦੀਆਂ ਧੱਕੜ ਤੇ ਵਹਿਸ਼ੀਆਨਾ ਕਾਰਵਾਈਆਂ ਅੰਮਿ੍ਰਤਸਰ ਜਾਂ ਬਠਿੰਡਾ ਇਲਾਕੇ ਵਿੱਚ ਹੀ ਕਿਉਂ ਹੋ ਰਹੀਆਂ ਹਨ? ਜਿਵੇਂ ਕਿ ਅਸੀਂ ਪਹਿਲਾਂ ਵੀ ਵਾਰ-ਵਾਰ ਲਿਖਿਆ ਹੈ ਕਿ ਭਿ੍ਰਸ਼ਟ ਸਿਆਸੀ ਆਗੂਆਂ, ਭਿ੍ਰਸ਼ਟ ਅਫ਼ਸਰਸ਼ਾਹੀ ਅਤੇ ਮਾਫ਼ੀਏ ਦੀ ਤਿੱਕੜੀ ਨੂੰ ਨਕੇਲ ਪਾਏ ਬਿਨਾਂ ਪੰਜਾਬ ਵਿੱਚੋਂ ਲੁੱਟ-ਖਸੁੱਟ, ਧੱਕੇਸ਼ਾਹੀ ਤੇ ਜ਼ੋਰ-ਜ਼ਬਰ ਖ਼ਤਮ ਨਹੀਂ ਹੋ ਸਕਦਾ। ਇਸ ਲਈ ਜਾਗਰੂਕ ਸਿੱਖਾਂ ਅਤੇ ਪੰਜਾਬੀਆਂ ਨੂੰ ਇਸ ਤਿੱਕੜੀ ਵਿਰੁੱਧ ਡੱਟਣਾ ਹੀ ਪੈਣਾ ਹੈ।

International