ਮੁੱਛ-ਫੁੱਟ ਜੁਆਨੀ ਨੂੰ ਅੱਜ ਦਾ ਸੁਨੇਹਾ...

ਜਸਪਾਲ ਸਿੰਘ ਹੇਰਾਂ
ਸਿੱਖ ਕੌਮ ਦੇ ਇਤਿਹਾਸ ਦਾ ਪੰਨਾ ਜਿਥੇ ਕੁਰਬਾਨੀਆਂ ਤੇ ਵੀਰਤਾ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ, ਉਥੇ ਇਹ ਪੰਨੇ ਨਵਾਂ ਸੰਦੇਸ਼ ਵੀ ਦਿੰਦੇ ਹਨ, ਇਹ ਸੰਦੇਸ਼ ਕੌਮ ਦੀ ਅਗਵਾਈ ਅਤੇ ਕੌਮ ’ਚ ਕੌਮੀ ਜਜ਼ਬਾਤਾਂ ਨੂੰ ਜਗਾਈ ਰੱਖਣ ਦੇ ਪੂਰੇ-ਪੂਰੇ ਸਮਰੱਥ ਵੀ ਹੁੰਦੇ ਹਨ। ਇਹ ਸਾਡੀ ਕੌਮ ਦੀ ਤ੍ਰਾਸਦੀ ਹੈ, ਬਦਕਿਸਮਤੀ ਹੈ ਕਿ ਹਰ ਨਵੇਂ ਚੜਦੇ ਸੂਰਜ ਨਾਲ ਸਾਨੂੰ ਮਿਲਦੇ ਅਗਵਾਈ ਭਰੇ ਸੁਨੇਹਿਆਂ ਦੇ ਬਾਵਜੂਦ ਅਸੀਂ ਦਿਨੋ-ਦਿਨ ਨਿਘਾਰ ਵੱਲ ਗਏ ਹਾਂ। ਕੌਮੀ ਪ੍ਰਵਾਨਿਆਂ ਦਾ ਰਾਹ ਛੱਡ ਕੇ ਸੁਆਰਥੀਆਂ, ਚਾਪਲੂਸਾਂ ਤੇ ਅ�ਿਤਘਣਾਂ ਦਾ ਰਾਹ ਅਪਨਾ ਲਿਆ ਹੈ। ਅੱਜ ਦਾ ਸੁਨੇਹਾ ਜੁਆਨੀ ਅਤੇ ਖ਼ਾਸ ਕਰਕੇ ਮੁੱਛ-ਫੁੱਟ ਜੁਆਨੀ ਲਈ ਸੁਨੇਹਾ ਹੈ। ਹਾਲਾਂਕਿ ਮੁੱਛ-ਫੁੱਟ ਸਿੱਖ ਜੁਆਨੀ ਨੂੰ ਜੋ ਸੁਨੇਹਾ ਬਾਬਾ ਜੂਝਾਰ ਸਿੰਘ ਦੇ ਗਿਆ, ਉਸਤੋਂ ਬਾਅਦ ਕਿਸੇ ਹੋਰ ਸੁਨੇਹੇ ਦੀ ਲੋੜ ਹੀ ਬਾਕੀ ਨਹੀਂ ਰਹਿੰਦੀ, ਪ੍ਰੰਤੂ ਅੱਜ ਦਾ ਸੁਨੇਹਾ ਵੀ ਇਹ ਪ੍ਰਪੱਕ ਕਰਵਾਉਂਦਾ ਹੈ ਕਿ ਬਾਬਾ ਜੂਝਾਰ ਸਿੰਘ ਨੇ ਕੌਮ ਸਿਰ ਪਈ ਭੀੜ ਸਮੇਂ ਆਪਣੇ-ਆਪ ਨੂੰ ਜੂਝਣ ਲਈ ਪੇਸ਼ ਕਰਨ ਦੀ ਜਿਹੜੀ ਪਿਰਤ ਪਾਈ ਸੀ, ਉਸ ਨੂੰ ਮੁੱਛ-ਫੁੱਟ ਸਿੱਖ ਜੁਆਨੀ ਨੇ ਪਿਛਲੇ ਸਮਿਆਂ ’ਚ ਬਾਖ਼ੂਬੀ, ਸਿਰੜ ਨਾਲ ਨਿਭਾਇਆ ਹੈ। ਅੱਜ ਦੇ ਦਿਨ 19 ਜੂਨ ਨੂੰ ਜੈਤੋ ਦੇ ਮੋਰਚੇ ’ਚ 500 ਸਿੰਘਾਂ ਦਾ ਜਿਹੜਾ ਛੇਵਾਂ ਜੱਥਾ ਪ੍ਰੇਮ ਸਿੰਘ ਕੋਕਰੀ ਦੀ ਅਗਵਾਈ ’ਚ ਫਿਰੋਜ਼ਪੁਰ ਤੋਂ ਚੱਲ ਕੇ ਸ੍ਰੀ ਅੰਮਿ੍ਰਤਸਰ ਸਾਹਿਬ ਪੁੱਜਾ ਸੀ ਅਤੇ 10 ਜੂਨ 1924 ਨੂੰ ਜੈਤੋ ਲਈ ਰਵਾਨਾ ਹੋਇਆ ਸੀ, ਉਹ ਜੱਥਾ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਜੈਤੋ ਪੁੱਜਾ ਸੀ, ਉਸ ਜਥੇ ’ਚ 22 ਮੁੱਛ-ਫੁੱਟ ਉਮਰ ਦੇ ਉਹ ਲੜਕੇ ਜਿਨਾਂ ਦੀ ਉਮਰ 12 ਤੋਂ 16 ਸਾਲ ਦੇ ਵਿਚਕਾਰ ਸੀ, ਵੀ ਸ਼ਾਮਲ ਸਨ। ਜਾਬਰ ਅੰਗਰੇਜ਼ ਹਾਕਮਾਂ ਨੇ ਇਸ ਜਥੇ ਨੂੰ ਗਿ੍ਰਫ਼ਤਾਰ ਕੀਤਾ ਅਤੇ ਚੜਦੀ ਜੁਆਨੀ ਦੇ ਇਨਾਂ ਵੀਰ ਯੋਧਿਆਂ ਨੂੰ ਥੜਕਾਉਣ ਲਈ ਕੜਕਦੀ ਧੁੱਪ ’ਚ 1 ਘੰਟੇ ਰੇਤ ਤੇ ਖੜਾ ਕਰੀ ਰੱਖਿਆ ਤਾਂ ਕਿ ਉਹ ਬੱਚੇ ਡੋਲ ਜਾਣ। ਪ੍ਰੰਤੂ ਬਾਬਾ ਜੁਝਾਰ ਸਿੰਘ ਦੇ ਸੱਚੇ ਵਾਰਸ ਡੋਲੇ ਨਹੀਂ। ਫਿਰ ਇਨਾਂ ਨੂੰ ਨਾਭੇ ਦੀ ‘‘ਕਾਰਖ਼ਾਸ’’ ਨਾਮੀ ਹਵਾਲਾਤ, ਜਿਹੜੀ ਅਸਲ ’ਚ 9¿10 ਫੁੱਟ ਦਾ ਪਿੰਜਰਾ ਹੀ ਸੀ, ’ਚ ਬੰਦ ਕਰ ਦਿੱਤਾ ਗਿਆ। ਹਾੜ ਮਹੀਨੇ ਦੀ ਤੱਪਦੀ ਗਰਮੀ ’ਚ 22 ਮੁੰਡਿਆਂ ਨੂੰ 9¿10 ਦੇ ਪਿੰਜਰੇ ’ਚ ਬੰਦ ਕਰ ਦੇਣਾ ਅਤੇ ਫਿਰ 4-4 ਨੂੰ ਬਾਹਰ ਕੱਢ ਉਨਾਂ ਤੇ ਅੰਨਾ ਤਸ਼ੱਦਦ ਕਰਨਾ, ਵੀ ਉਨਾਂ ਸੂਰਬੀਰਾਂ ਦੇ ਦਿ੍ਰੜ ਇਰਾਦੇ ਨੂੰ ਤੋੜ ਨਹੀਂ ਸਕਿਆ। ਅੱਠਵੇਂ ਦਿਨ ਇਨਾਂ ਨੂੰ ਧੂਰੀ ਰੇਲਵੇ ਸਟੇਸ਼ਨ ਤੇ ਛੱਡ ਦਿੱਤਾ ਗਿਆ, ਪ੍ਰੰਤੂ ਇਹ 22 ਮੁੰਡੇ ਫਿਰ ਸ੍ਰੀ ਅੰਮਿ੍ਰਤਸਰ ਪੁੱਜ ਗਏ। ਅੰਨੇ ਤਸ਼ੱਦਦ ਦੇ ਝੰਭੇ ਇਨਾਂ ਸੂਰਬੀਰਾਂ ਨੇ ਫਿਰ ਜੈਤੋ ਜਾਣ ਦੀ ਆਗਿਆ ਮੰਗੀ। ਪ੍ਰਬੰਧਕ ਉਨਾਂ ਦੀ ਹਾਲਤ ਵੇਖ ਕੇ, ਭੇਜਣ ਦੇ ਹੱਕ ’ਚ ਨਹੀਂ ਸਨ, ਪ੍ਰੰਤੂ ਉਨਾਂ ਦੇ ਕੁਰਬਾਨੀ ਦੇ ਜਜ਼ਬੇ, ਦਿ੍ਰੜਤਾ ਤੇ ਆਡੋਲਤਾ ਅੱਗੇ ਝੁਕਣਾ ਪਿਆ ਅਤੇ ਇਹ 22 ਮੁੰਡੇ ਫਿਰ ਜੈਤੋ ਪਹੁੰਚਾਏ ਗਏ। ਉਸੇ ਸਮੇਂ ਹੀ 500 ਸਿੰਘਾਂ ਦਾ ਅੱਠਵਾਂ ਜੱਥਾ ਗਿ੍ਰਫ਼ਤਾਰੀ ਦੇਣ ਲਈ ਪੁੱਜ ਚੁੱਕਾ ਸੀ।

ਇਹ 22 ਨੌਜਵਾਨ ਜਦੋਂ ਸਟੇਸ਼ਨ ਤੋਂ ਜੈਕਾਰੇ ਗੂੰਜਾਉਂਦੇ, ਜੱਥੇ ’ਚ ਸ਼ਾਮਲ ਹੋਣ ਲਈ ਭੱਜੇ ਤਾਂ ਪੁਲਿਸ ਨੇ ਇਨਾਂ ਨੂੰ ਰੇਲਵੇ ਸਟੇਸ਼ਨ ਤੇ ਹੀ ਇੱਕ ਰੇਲ ਦੇ ਡੱਬੇ ’ਚ ਬੰਦ ਕਰ ਦਿੱਤਾ ਅਤੇ ਜਦੋਂ ਇਨਾਂ ਨੂੰ ਕਾਸੂਬੇਗ ਰੇਲਵੇ ਸਟੇਸ਼ਨ ਤੇ ਛੱਡਣ ਲਈ ਚਲੀ ਰੇਲ ਕੋਟਕਪੂਰੇ ਪੁੱਜੀ ਤਾਂ ਫਿਰ ਇਹ ਰਾਤ ਦੇ ਹਨੇਰੇ ’ਚ ਛਾਲਾਂ ਮਾਰ ਗਏ ਤੇ ਅਗਲੇ ਦਿਨ ਫਿਰ ਪੈਦਲ ਹੀ ਜੈਤੋ ਜਾ ਪੁੱਜੇ। ਪੁਲਿਸ ਨੇ ਗਿ੍ਰਫਤਾਰ ਕਰਕੇ, ਫਿਰ ਉਸੇ ‘ਕਾਰਖ਼ਾਸ’ ਹਵਾਲਾਤ ’ਚ ਬੰਦ ਕਰ ਦਿੱਤਾ ਅਤੇ ਇਸ ਵਾਰ ਪਹਿਲਾ ਨਾਲੋਂ ਕਈ ਗੁਣਾਂ ਵੱਧ ਤਸ਼ੱਦਦ ਕੀਤਾ ਗਿਆ, ਪ੍ਰੰਤੂ ਇਨਾਂ ਯੋਧਿਆਂ ਨੇ ਆਪਣਾ ਸਿਰੜ ਨਹੀਂ ਛੱਡਿਆ ਅਤੇ, ‘‘ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ, ਆਖੰਡ ਪਾਠ ਕਰਵਾਂਗੇ ਦੀ ਰੱਟ ਨਹੀਂ ਛੱਡੀ। ਤਿੰਨ ਵਾਰ ਉਹ ‘ਕਾਰਖ਼ਾਸ’ ਬੰਦ ਕੀਤੇ ਗਏ, ਅੰਨਾ ਤਸ਼ੱਦਦ ਹੋਇਆ, ਪ੍ਰੰਤੂ ਸਿੱਖੀ ਸਵੈਮਾਣ ਦੀ ਰਾਖ਼ੀ ਦਾ ਜਜ਼ਬਾ, ਅੰਨੇ ਤਸ਼ੱਦਦ ਨਾਲ ਹੋਰ ਤਿੱਖਾ ਹੁੰਦਾ ਰਿਹਾ। ਅੱਜ ਜਦੋਂ ਸਿੱਖ ਜੁਆਨੀ ’ਚ ਵੱਧਦੇ ਪਤਿਤਪੁਣੇ, ਨਸ਼ੇ, ਲੱਚਰਤਾ, ਵਿਹਲੜਪੁਣਾ ਤੇ ਜਾਂਗਲੀ ਪੁਣੇ ਨੂੰ ਲੈ ਕੇ ਕੌਮ ’ਚ ਚਿੰਤਾ ਦਿਨੋ-ਦਿਨ ਵੱਧ ਰਹੀ ਹੈ, ਉਸ ਸਮੇਂ ਸਾਡੇ ਇਤਿਹਾਸ ਦੀਆਂ ਅਜਿਹੀਆਂ ਘਟਨਾਵਾਂ ਜਿਹੜੀਆਂ ਜੁਆਨੀ ਨੂੰ ਝੰਜੋੜਨ ਵਾਲੀਆਂ ਹਨ, ਉਨਾਂ ਘਟਨਾਵਾਂ ਦੀ ਚਰਚਾ ਹੋਣੀ ਬੇਹੱਦ ਜ਼ਰੂਰੀ ਹੈ। ਪ੍ਰੰਤੂ ਅਫ਼ਸੋਸ ਹੈ ਕਿ ਕੌਮ ਦੇ ਆਗੂਆਂ ਨੂੰ ਆਪਣੀ ਚੌਧਰ ਦੀ ਅਤੇ ਆਪਣੀਆਂ ਤਿਜੌਰੀਆਂ ਦੀ ਚਿੰਤਾ ਹੈ, ਕੌਮ ਦੇ ਪ੍ਰਚਾਰਕਾਂ ਨੂੰ ਵੀ ਆਪਣੇ ਆਕਿਆਂ ਨੂੰ ਖੁਸ਼ ਰੱਖਣ ਅਤੇ ਨੋਟ ਕਮਾਉਣ ਦੀ ਚਿੰਤਾ ਹੈ, ਉਸ ਸਮੇਂ ਅਜਿਹੇ ਵਿਸ਼ੇਸ਼ ਸੁਨੇਹੇ ਕੌਮ ਦੀ ਜੁਆਨੀ ਤੱਕ ਪਹੁੰਚਾਉਣ ਦੀ ਵਿਹਲ ਕਿਸਨੂੰ ਹੈ? ਅਸੀਂ ਇਹ ਆਖਦੇ ਤਾਂ ਹਾਂ ਕਿ ਇਤਿਹਾਸ ਅਗਵਾਈ ਦਿੰਦਾ ਹੈ, ਪ੍ਰੰਤੂ ਜਿਸ ਤਰਾਂ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ, ਪ੍ਰੰਤੂ ‘ਗੁਰੂ ਦੀ’ ਮੰਨਣੋਂ ਹੱਟ ਗਏ ਹਾਂ, ਉਸੇ ਤਰਾਂ ਅਸੀਂ ਇਤਿਹਾਸ ਦੀ ਗੱਲ ਤਾਂ ਕਰਦੇ ਹਾਂ, ਪ੍ਰੰਤੂ ਅਸਲ ’ਚ ਅਸੀਂ ਇਤਿਹਾਸ ਨੂੰ ਵਿਸਾਰ ਛੱਡਿਆ ਹੈ। ਅਸੀਂ ਨਵੀ ਪੀੜੀ ਨੂੰ ਆਪਣੇ ਵਿਰਸੇ ਨਾਲੋਂ ਟੁੱਟਣ ਤੇ ਮੂੰਹ ਜ਼ੁਬਾਨੀ ਦੀ ਚਿੰਤਾ ਤਾਂ ਪ੍ਰਗਟਾ ਛੱਡਦੇ ਹਾਂ, ਪ੍ਰੰਤੂ ਵਿਰਸੇ ਤੋਂ ਟੁੱਟਦੀ ਜਾ ਰਹੀ ਜੁਆਨੀ ਨੂੰ ਵਿਰਸੇ ਨਾਲ ਜੋੜਣ ਲਈ ਕੋਈ ਗੰਭੀਰ ਉਪਰਾਲਾ ਨਹੀਂ ਕੀਤਾ ਜਾਂਦਾ। ਅਮੀਰ ਵਿਰਸੇ ਦੀ ਮਾਲਕ ਕੌਮ ਅੱਜ ਆਪਣੇ ਵਿਰਾਸਤੀ ਗੁਣਾਂ ਤੋਂ ਕੰਗਾਲ ਕਿਉਂ ਹੋ ਗਈ? ਇਸ ਸੁਆਲ ਦਾ ਜਵਾਬ ਕਿਸੇ ਪਾਸ ਨਹੀਂ ਹੈ। ਇਸ ਲਈ ਲੋੜ ਹੈ ਕਿ ਅਸੀਂ ਹਰ ਦਿਨ ਦੇ ਸੁਨੇਹੇ ਨੂੰ ਖ਼ੁਦ ਸੁਣੀਏ ਅਤੇ ਦੂਜਿਆਂ ਨੂੰ ਸੁਣਾਉਣ ਦਾ ਯਤਨ ਕਰੀਏ। ਲੀਡਰਾਂ ਦੀ ਝਾਕ ਛੱਡ ਕੇ ਇਹ ਹੰਭਲਾ ਕੌਮ ਨੂੰ ਖ਼ੁਦ ਹੀ ਮਾਰਨਾ ਪਵੇਗਾ। 

International