ਬਾਦਲ ਸਾਬ! ਮੁੱਠੀ ਭਰ ‘ਸ਼ਰਾਰਤੀ ਅਨਸਰ’ ਆਖ਼ ਕੇ ਹੁਣ ਨਹੀਂ ਸਰਨਾ...

ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖ ਰਾਜਨੀਤੀ ਦੇ ਘਾਗ ਖਿਲਾੜੀ ਪ੍ਰਕਾਸ਼ ਸਿੰਘ ਬਾਦਲ ਆਪਣੇ ਵਿਰੋਧੀਆਂ ਨੂੰ ਅਕਸਰ ‘‘ਦੁਸ਼ਮਣ ਤਾਕਤਾਂ ਦੇ ਹੱਥਾਂ ’ਚ ਖੇਡਣ ਵਾਲੇ ਮੁੱਠੀ ਭਰ ਸ਼ਰਾਰਤੀ ਅਨਸਰ ‘‘ਦੱਸ ਕੇ, ਉਨਾਂ ਤੇ ਸੂਬੇ ਦੇ ਅਮਨ-ਚੈਨ ਨੂੰ ਵਿਗਾੜਣ ਦਾ ਦੋਸ਼ ਲਾ ਕੇ, ਖ਼ੁਦ ਨੂੰ ਸੁਰਖ਼ਰੂ ਕਰ ਲੈਂਦਾ ਹੈ। ਸਿੱਖ ਮੁੱਦਿਆਂ ਤੇ ਸਿੱਖ ਵਿਰੋਧ ਕਰਨ, ਆਰਥਿਕ ਮੁੱਦਿਆਂ ਤੇ ਸਾਰਾ ਸੂਬਾ ਚੀਕਾਂ ਮਾਰੇ, ਕਿਸਾਨ, ਮਜ਼ਦੂਰ, ਦੁਕਾਨਦਾਰ ਖ਼ੁਦਕੁਸ਼ੀਆਂ ਕਰੀ ਜਾਵੇ, ਮੁਲਾਜ਼ਮ, ਤਨਖਾਹਾਂ ਲਈ ਪਿੱਟ-ਸਿਆਪੇ ਕਰਦੇ ਰਹਿਣ, ਬੇਰੁਜ਼ਗਾਰ, ਰੁਜ਼ਗਾਰ ਲਈ ਸੜਦੇ ਮਰਦੇ ਰਹਿਣ, ਨਸ਼ੇੜੀ ਮੁੰਡਿਆਂ ਦੀਆਂ ਮੌਤਾਂ ਤੇ ਮਾਪਿਆਂ ਦੀ ਕੁਰਲਾਹਟ ਹੋਈ ਜਾਵੇ, ਹਸਪਤਾਲਾਂ ’ਚ ਗਰੀਬ ਮਰੀਜ਼ ਸਹੂਲਤਾਂ ਖੁਣੋਂ ਤੜਫਦੇ ਰਹਿਣ, ਸਕੂਲਾਂ ਦਾ ਮਾੜਾ ਹਾਲ ਹੋਵੇ, ਥਾਣੇ ਕਚਿਹਰੀ ਤੇ ਸਰਕਾਰੇ-ਦਰਬਾਰੇ ਸਿਰਫ਼ ਲੁੱਟ ਹੀ ਲੁੱਟ ਹੋਵੇ, ਕਿਸੇ ਨੂੰ ਇਨਸਾਫ਼ ਨਾ ਮਿਲੇ ਇਥੋਂ ਤੱਕ ਗਰੀਬਾਂ ਨੂੰ ਪੀਣ ਵਾਲਾ ਪਾਣੀ ਵੀ ਭਰ ਗ਼ਰਮੀ ’ਚ ਨਸੀਬ ਨਾ ਹੋਵੇ, ਕਿਉਂਕਿ ਬਿੱਲ ਨਾ ਦੇਣ ਕਾਰਣ ਸਰਕਾਰੀ ਮੋਟਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹੋਣ। ਅਜਿਹੀ ਬਦ ਤੋਂ ਬਦਤਰ ਸਥਿਤੀ ’ਚ ਪੰਜਾਬ ਤੇ ਲੋਕ ਕੀ ਕਰਨ? ਉਨਾਂ ਲੋਕ ਰੋਸ ਪ੍ਰਗਟਾਉਣ ਤੋਂ, ਸਰਕਾਰ ਦਾ ਪਿੱਟ-ਸਿਆਪਾ ਕਰਨ ਤੋਂ ਇਲਾਵਾ ਹੋਰ ਚਾਰਾ ਕੀ ਬੱਚਦਾ ਹੈ?

ਮੁੱਖ ਮੰਤਰੀ ਨੂੰ ਇਹ ਦੁੱਖੀ ਲੋਕ ‘‘ਮੁੱਠੀ ਭਰ ਸ਼ਰਾਰਤੀ ਅਨਸਰ’’ ਦਿੱਸਦੇ ਹਨ। ਕੀ ਪੰਜਵੀਂ ਵਾਰ ਮੁੱਖ ਮੰਤਰੀ ਬਣਿਆ 9 ਦਹਾਕੇ ਦੀ ਉਮਰ ਹੰਢਾ ਚੁੱਕਾ ਬਾਦਲ, ਸੂਬੇ ਦੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਤੋਂ ਹੁਣ ਜਾਣੂ ਹੀ ਨਹੀਂ ਰਿਹਾ? ਬਾਦਲ ਸਾਬ, ਪੰਜਾਬੀ ਸੂਬੇ ’ਚ, ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਬਣਾਈ ਗਈ ਪੰਜਾਬੀ ਯੂਨੀਵਰਸਿਟੀ ’ਚ ‘‘ਭਗਵਾਨ ਪਰਸ਼ੂ ਰਾਮ’’ ਚੇਅਰਮੈਨ ਦੀ ਸਥਾਪਨਾ ਕਰਨ ਜਾਂਦੇ ਹਨ। ਹਾਲਕਿ ਇਸੇ ਮੁੱਖ ਮੰਤਰੀ ਤੋਂ ਪਿਛਲੇ ਵਰੇ ਗ਼ਦਰ ਅਖ਼ਬਾਰ ਦੇ ਸ਼ਤਾਬਦੀ ਸਮਾਗਮਾਂ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ’ਚ ਸ਼ਹੀਦ ਸਰਾਭਾ ਦੇ ਨਾਮ ਤੇ ਚੇਅਰਮੈਨ ਸਥਾਪਿਤ ਕਰਨ ਦੀ ਜਦੋਂ ਪੱਤਰਕਾਰ ਭਾਈਚਾਰੇ ਨੇ ਮੰਗ ਰੱਖੀ ਸੀ, ਤਾਂ ਬਾਦਲ ਸਾਬ ਦਾ ਜਵਾਬ ਸੀ ‘‘ਛੱਡੋ ਜੀ’’ ਚੇਅਰਾਂ-ਚੂਰਾਂ ਦਾ ਕੀ ਹੁੰਦਾ?’’

ਖੈਰ! ਉਦਘਾਟਨ ਸਮਾਗਮ ’ਚ ਪੁੱਜੇ ਮੁੱਖ ਮੰਤਰੀ ਦਾ ਧਿਆਨ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਵਿੱਢੇ ਸੰਘਰਸ਼ ਵੱਲੋਂ ਦਿਵਾਉਣ ਲਈ ਜਦੋਂ ਕੁਝ ਪੰਥ ਦਰਦੀਆਂ ਨੇ ਨਾਅਰੇਬਾਜ਼ੀ ਕੀਤੀ ਤਾਂ ਬਾਦਲ ਸਾਬ ਦਾ ਉਹੀ ਘੜਿਆ-ਘੜਾਇਆ ਜਵਾਬ ਸੀ ਕਿ ਇਹ ਤਾਂ ਸ਼ਰਾਰਤੀ ਅਨਸਰ ਹਨ, ਜਿਹੜੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਵਿਦੇਸ਼ਾਂ ਦੀ ਧਰਤੀ ਤੇ ਵੀ ਉਥੋਂ ਦੇ ਸਿੱਖਾਂ ਨੇ ਇਹੋ ਸੁਆਲ ਬਾਦਲ ਦੀ ਮੰਤਰੀ ਫੌਜ ਨੂੰ ਕੀਤਾ ਸੀ, ਜਿਹੜੀ ਉਥੇ ਤਾਂ ਕੋਈ ਜਵਾਬ ਨਹੀਂ ਦੇ ਸਕੀ, ਪ੍ਰੰਤੂ ਪੰਜਾਬ ’ਚ ਮੁੱਖ ਮੰਤਰੀ ਬਾਦਲ ਨੇ ਜ਼ਰੂਰ ਵਿਦੇਸ਼ਾਂ ’ਚ ਬੈਠੇ ਸਿੱਖਾਂ ਨੂੰ ‘‘ਦੇਸ਼ ਵਿਰੋਧੀ ਅਨਸਰ’’ ਆਖ਼ ਕੇ, ਉਨਾਂ ਨਾਲ ਹਮੇਸ਼ਾ ਲਈ ਨਾਤਾ ਤੋੜ ਲਿਆ। ਮੁੱਖ ਮੰਤਰੀ ਨਿਰੰਤਰ ਪੰਜਾਬ ’ਚ ਸੰਗਤ ਦਰਸ਼ਨ ਕਰਦੇ ਹਨ, ਪ੍ਰੰਤੂ ਉਨਾਂ ਨੂੰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਕਦੇ ਨਾ ਤਾਂ ਗਿਆਨ ਹੁੰਦਾ ਹੈ, ਨਾ ਹੀ ਅਹਿਸਾਸ ਹੁੰਦਾ ਹੈ। ਪੰਜਾਬ ਬਲਦੇ ਸਿਵਿਆਂ ਦਾ ਸੂਬਾ ਬਣ ਚੁੱਕਾ ਹੈ, ਪ੍ਰੰਤੂ ਪੰਜਾਬ ਸਰਕਾਰ ਬੇਸ਼ਰਮੀ ਦੀ ਹੱਦ ਤੱਕ ਜਾ ਕੇ ਇਹ ਅੰਕੜੇ ਦਿੰਦੀ ਹੈ ਕਿ ਪੰਜਾਬ ’ਚ ਇਸ ਸਾਲ ’ਚ ਹਾਲੇਂ ਤੱਕ ਸਿਰਫ਼ ਪੰਜ ਕਿਸਾਨਾਂ ਨੇ ਹੀ ਖੁਦਕੁਸ਼ੀ ਕੀਤੀ ਹੈ। ਕੀ ਅਖ਼ਬਾਰਾਂ ਦੀਆਂ ਸੁਰਖੀਆਂ ਜਿਹੜੀ ਹਰ ਚੜਦੇ ਸੂਰਜ ਘੱਟੋ-ਘੱਟ ਦੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦਰਦਨਾਕ ਬਿਆਨ ਕਰਦੀਆਂ ਹਨ, ਉਹ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਪੜਦੇ ਹੀ ਨਹੀਂ। ਪੰਜਾਬ ਦਾ ਖਜ਼ਾਨਾ ਖ਼ਾਲੀ ਹੈ। ਬਜ਼ੁਰਗ, ਬੁਢਾਪਾ ਪੈਨਸ਼ਨ ਲਈ, ਵਿਧਵਾ ਔਰਤਾਂ, ਵਿਧਵਾ ਪੈਨਸ਼ਨ ਲਈ, ਗਰੀਬ ਮਾਪੇ ਆਪਣੀਆਂ ਧੀਆਂ ਦੇ ਹੱਥ ਪੀਲੇ ਕਰਨ ਲਈ ਸ਼ਗਨ ਸਕੀਮ ਦੇ ਪੈਸਿਆਂ ਦੀ ਆਸ ’ਚ ਮੋਟੀ ਵਿਆਜ ਤੇ ਚੁੱਕੇ ਕਰਜ਼ੇ ਨੂੰ ਵਾਪਸ ਕਰਨ ਲਈ, ਮੁਲਾਜ਼ਮ ਤਨਖਾਹਾਂ ਲਈ, ਪੰਚਾਇਤਾਂ ਗਰਾਟਾਂ ਲਈ, ਬਿਨਾਂ ਪਾਣੀ ਮੱਛੀ ਵਾਗੂੰ ਤੜਫ਼ ਰਹੀਆਂ ਹਨ। ਪ੍ਰੰਤੂ ਬਾਦਲਾਂ ਨੂੰ ਆਪਣੀਆਂ ਇਨਾਂ ਹੱਕੀ ਮੰਗਾਂ ਲਈ ਰੌਲਾ ਪਾਉਣ ਵਾਲੇ ਸ਼ਰਾਰਤੀ ਅਨਸਰ ਬਣ ਜਾਂਦੇ ਹਨ।

ਆਖ਼ਰ ਇਸ ਬਾਦਲ ਨੇ ਕਦੇ ਖ਼ੁਦ ਸਿੱਖ ਸੰਘਰਸ਼ ’ਚ ਹਿੱਸਾ ਲਿਆ, ਐਮਰਜੈਂਸੀ ਵਿਰੁੱਧ ਲੜਾਈ ਲੜੀ, ਅੱਜ ਦੀ ਤਾਰੀਖ਼ ਵਿੱਚ  ਬਾਦਲ ਨੇ ਆਪਣੇ-ਆਪ ਨੂੰ ਸੱਤਾ ਲਾਲਸਾ ’ਚ ਇਨਾਂ ਬੌਣਾ ਬਣਾ ਲਿਆ ਹੈ ਕਿ ਉਸਨੂੰ ਹੱਕ-ਸੱਚ ਲਈ ਅਵਾਜ਼ ਬੁਲੰਦ ਕਰਨ ਵਾਲਾ ਜਾਂ ਵਾਲੇ ਦੇਸ਼ ਧ੍ਰੋਹੀ ਸ਼ਰਾਰਤੀ ਅਨਸਰ ਦਿਖਾਈ ਦੇਣ ਲੱਗ ਪਏ ਹਨ। ਸਿਆਣਾ ਓਹੀ ਆਖਿਆ ਤੇ ਸਮਝਿਆ ਜਾਂਦਾ ਹੈ, ਜਿਹੜਾ ਹਵਾ ਦੇ ਰੁੱਖ ਨੂੰ ਭਾਂਪ ਲਵੇ। ਅੱਜ ਜਿਹੜੀ ਹਵਾ ਪੰਜਾਬ ’ਚ ਅਤੇ ਖ਼ਾਸ ਕਰਕੇ ਸਿੱਖ ਵਿਹੜਿਆਂ ’ਚ ਚੱਲ ਰਹੀ ਹੈ, ਉਸ ਹਵਾ ਦੇ ਹਨੇਰੀ ਬਣਨ ਦੇ ਆਸਾਰ, ਸਿਵਾਏ ਬਾਦਲਾਂ ਤੋਂ ਹਰ ਕਿਸੇ ਨੂੰ ਵਿਖਾਈ ਦੇ ਰਹੇ ਹਨ। ‘ਮੁੱਠੀ ਭਰ’ ਆਖ਼ ਕੇ ਬਾਦਲ ਆਪਣੇ ਦਿਲ ਨੂੰ ਝੂਠੀ ਤਸੱਲੀ ਤਾਂ ਦੇ ਸਕਦੇ ਹਨ ਅਤੇ ਉਨਾਂ ਦੇ ਚਾਪਲੂਸ ਇਸ ਦਾ ਹੁੰਗਾਰਾ ਵੀ ਭਰਦੇ ਹੋਣਗੇ। ਪ੍ਰੰਤੂ ਸੱਚ ਤਾਂ ਹੁਣ ਕੰਧ ਤੇ ਲਿਖਿਆ ਜਾ ਚੁੱਕਾ ਹੈ। ਜਿਸਨੂੰ ਪੜਨਾ ਜਾਂ ਨਾਂਹ ਪੜਨਾ ਹੁਣ ਬਾਦਲਾਂ ਦੀ ਮਰਜ਼ੀ...

International