ਪੜਾਅ ਦਰ ਪੜਾਅ ਪਾਸ ਹੋਣ ਦੀ ਲੋੜ...

ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਇਸ ਸਮੇਂ ਕੌਮੀ ਸੰਘਰਸ਼ ਬਣ ਚੁੱਕਾ ਹੈ। ਕੌਮ ਦੇ ਮਨਾਂ ’ਚ ਉਸ ਨਾਲ ਹੁੰਦੇ ਜ਼ੋਰ-ਜਬਰ ਵਿਤਕਰੇ ਤੇ ਬੇਇਨਸਾਫ਼ੀ ਦੀ ਵੇਦਨਾ, ਡੂੰਘੀ ਹੋ ਗਈ ਹੈ। ਜਾਬਰ ਤੇ ਮਕਾਰ ਸਰਕਾਰਾਂ ਵੱਲੋਂ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਕੁਟਲ ਚਾਲ ਵਰਤਣ ਦੇ ਬਾਵਜੂਦ ਕੌਮ ਦਾ ਭਰੋਸਾ ਬਾਪੂ ਸੂਰਤ ਸਿੰਘ ਦੀ ਦਿ੍ਰੜਤਾਂ ਹਠ ਤੇ ਕੁਰਬਾਨੀ ਦੇ ਜਜ਼ਬੇ ਤੇ ਅਡੋਲ ਹੈ। ਦਿੱਲੀ ’ਚ ਹਜ਼ਾਰਾਂ ਪੰਥ ਦਰਦੀਆਂ ਦਾ ਪਾਰਲੀਮੈਂਟ ਵੱਲ ਰੋਹ ਤੇ ਰੋਸ ਭਰਪੂਰ ਮਾਰਚ ਕਰਨਾ, ਇਨਾਂ ਜਜ਼ਬਾਤਾਂ ਦਾ ਖੁੱਲਮ-ਖੁੱਲਾ ਪ੍ਰਗਟਾਵਾ ਹੈ। ਸੀਮਤ ਸਾਧਨ ਵਾਲੇ ਕਿਰਤੀ ਸਿੱਖਾਂ ਵੱਲੋਂ ਆਪੋ-ਆਪਣੀ ਸਮਰੱਥ ਅਨੁਸਾਰ ਦਿੱਲੀ ਪੁੱਜਣਾ, ਉਨਾਂ ਦੀ ਕੌਮ ਪ੍ਰਤੀ ਪੂਰਨ ਸਮਰਪਿਤ ਭਾਵਨਾ ਦਾ ਪ੍ਰਗਟਾਵਾ ਹੈ। ਕੌਮ ਸੰਘਰਸਾਂ ’ਚੋਂ ਹੀ ਜੰਮੀ ਹੈ ਅਤੇ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਸੰਘਰਸ਼ ਹੀ ਕਰ ਰਹੀ ਹੈ। ਵੱਡੀਆਂ-ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਹਨ, ਰਾਜ ਭਾਗ ਤੱਕ ਸਥਾਪਿਤ ਪ੍ਰੰਤੂ ਕਈ ਵਾਰ ਵੱਡੀਆਂ-ਵੱਡੀਆਂ ਨਾਕਾਮੀਆਂ ਵੀ ਕੌਮ ਦੀ ਝੋਲੀ ਪਾਈਆਂ ਹਨ। ਇਸ ਸਮੇਂ ਜਦੋਂ ਕੌਮ ਸਮਰੱਥ ਤੇ ਸਰਵਪ੍ਰਮਾਣਿਤ ਲੀਡਰਸ਼ਿਪ ਤੋਂ ਲਗਭਗ ਵਿਹੂਣੀ ਹੈ, ਉਸ ਸਮੇਂ ਇਸ ਸੰਘਰਸ਼ ਨੂੰ ਪ੍ਰਾਪਤੀਆਂ ਤੱਕ ਲੈ ਕੇ ਜਾਣਾ, ਕੌਮ ਦੀ ਨਵੀਂ, ਦਿਸ਼ਾ ਤੈਅ ਕਰੇਗਾ। ਕੌਮ ਦੇ ਜਜ਼ਬਾਤ ਜਾਗੇ ਹਨ, ਰੋਹ ਤੇ ਰੋਸ ਭੜਕਿਆ ਹੈ, ਵਿਦੇਸ਼ਾਂ ਦੀ ਧਰਤੀ ਤੇ ਬੈਠੇ ਸਿੱਖਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ, ਉਸ ਸਮੇਂ ਮੌਕਾ ਸੰਭਾਲਣਾ ਅਤਿ ਜ਼ਰੂਰੀ ਹੈ। ਅੱਜ ਲੋੜ ਹੈ ਕਿ ਕੌਮ ਹਰ ਮੁਹਾਜ਼ ਤੇ ਸਮਰੱਥਾ ਨਾਲ ਲੜਨ ਦੇ ਸਮਰੱਥ ਹੋਵੇ। ਧਾਰਮਿਕ ਖੇਤਰ ’ਚ ਆ ਚੁੱਕੀਆਂ ਕੰਮਜ਼ੋਰੀਆਂ ਨੂੰ ਸਾਡੀ ਸੱਚੀ-ਸੁੱਚੀ ਧਾਰਮਿਕ ਅਗਵਾਈ ਦੂਰ ਕਰੇ। ਸਿਆਸੀ ਮੁਹਾਜ਼ ਤੇ ਅਸੀਂ ਸੂਝ-ਬੂਝ ਨਾਲ ਲੜਨ ਵਾਲੀ ਸਮਰੱਥ ਲੀਡਰਸ਼ਿਪ ਪੈਦਾ ਕਰੀਏੇ, ਬੌਧਿਕ ਪੱਖ ਤੇ ਕੌਮ ਨੂੰ ਦੂਰਦਿ੍ਰਸ਼ਟੀ ਸੋਚ ਦਾ ਮਾਲਕ ਬਣਾਉਣ ਵਾਲੀ ਸਿਆਣਪ ਭਰੀ ਅਗਵਾਈ ਮਿਲੇ।

ਪੰਜਾਬ ਦੀ ਤਬਾਹ ਹੋ ਰਹੀ ਆਰਥਿਕਤਾ ਨੂੰ ਬਚਾਉਣ ਦੇ ਉਪਰਾਲੇ ਕਰਨ ਵਾਲੇ ਸਾਡੇ ਆਰਥਿਕ ਮਾਹਿਰ ਆਪਣੀ ਅਗਵਾਈ ਦੇਣ ਅਤੇ ਜੁਆਨੀ ਨੂੰ ਕੌਮ ਪ੍ਰਤੀ ਸਮਰਪਿਤ ਭਾਵਨਾ ਵਾਲੀ ਉਹ ਸਮਰੱਥ ਜੁਆਨੀ ਬਣਾਇਆ ਜਾਵੇ, ਜਿਹੜੀ ਵਿਸ਼ਵ ਪੱਧਰ ਦੇ ਮੁਕਾਬਲੇ ਤੇ ਆਪਣੀ ਸਮਰੱਥਾ ਵਿਖਾਉਣ ਦੇ ਹਰ ਪੱਖੋਂ ਯੋਗ ਹੋਵੇ। ਖੈਰ! ਸਾਡਾ ਅੱਜ ਦਾ ਵਿਸ਼ਾ ਦਿੱਲੀ ਵਿਖੇ ਪਾਰਲੀਮੈਂਟ ਵੱਲ ਕੌਮ ਵੱਲੋਂ ਕੀਤੇ ਸਫ਼ਲ ਕੂਚ ਬਾਰੇ ਹੈ। ਅਸੀਂ ਦੇਸ਼ ਦੇ ਲੋਕ ਨੁਮਾਇੰਦਿਆਂ ਨੂੰ ‘‘ਸਿੱਖ ਨੂੰ ਇਸ ਦੇਸ਼ ’ਚ ਇਨਸਾਫ਼ ਕਿਉਂ ਨਹੀਂ?’’ ਸੁਆਲ ਬੁਲੰਦ ਅਵਾਜ਼ ’ਚ ਪੁੱਛਿਆ ਹੈ। ਕੋਈ ਜਵਾਬ ਆਵੇਗਾ? ਇਸਦੀ ਬਹੁਤੀ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ। ਪ੍ਰੰਤੂ ਬੰਦੀ ਸਿੰਘਾਂ ਦੀ ਰਿਹਾਈ ਦੀ ਗੂੰਜ ਦੇਸ਼ ਦੀ ਰਾਜਧਾਨੀ ਤੱਕ ਜ਼ਰੂਰ ਪੁੱਜੀ ਹੈ। ਬਦਲੇ ਹਾਲਤਾਂ ਕਾਰਣ ਸਰਕਾਰਾਂ ਵੱਲੋਂ ਇਸ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਤੇ ਸੰਘਰਸ਼ ਨੂੰ ਦਬਾਉਣ ਦੀ ਸਖ਼ਤ ਕੋਸ਼ਿਸ ਹੋਵੇਗੀ, ਇਹ ਲਗਭਗ ਪੱਕਾ ਹੈ। ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਅਸੀਂ ਕਿਉਂਕਿ, ‘‘ਜਬਰ ਦਾ ਮੁਕਾਬਲਾ ਸਬਰ ਨਾਲ’’ ਕਰਨ ਦਾ ਪਹਿਲਾ ਹੀ ਦਿ੍ਰੜ ਨਿਸ਼ਚਾ ਅਤੇ ਐਲਾਨ ਕਰ ਚੁੱਕੇ ਹਾਂ, ਇਸ ਲਈ ਸਬਰ ਨੂੰ ਹਰ ਹੀਲੇ ਬਣਾਈ ਰੱਖਣਾ ਹੈ। ਬਾਪੂ ਸੂਰਤ ਸਿੰਘ ਖਾਲਸਾ ਲੁਧਿਆਣੇ ਦੇ ਦਿਆਨੰਦ ਹਸਪਤਾਲ ’ਚ ‘ਸਰਕਾਰ ਦੀ ਕੈਦ’ ’ਚ ਹਨ। ਸਰਕਾਰ ਦੀ ਇਸ ਗੈਰ-ਕਾਨੂੰਨੀ ਧੱਕੇਸ਼ਾਹੀ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਸਮੇਤ ਇਸ ਵਰਤਮਾਨ ਸੰਘਰਸ਼ ’ਚ ਜੇਲੀ ਡੱਕੇ ਸਿੰਘਾਂ ਦੀ ਰਿਹਾਈ ਲਈ 6 ਅਗਸਤ ਨੂੰ ਕੌਮ ਨੂੰ ਦਿਆਨੰਦ ਹਸਪਤਾਲ ਵੱਲ ਕੂਚ ਕਰਨ ਦਾ ਸੱਦਾ ਹੈ। ਕੌਮ ਦੀ ਇਸ ਸੰਘਰਸ਼ ਪ੍ਰਤੀ ਇਕਜੁਟਤਾ, ਇਕਸੁਰਤਾ ਵਿਖਾਉਣੀ ਜਿੱਤ ਦੀ ਮੰਜ਼ਿਲ ਵੱਧਣ ਦਾ ਇੱਕੋ-ਇਕ ਰਾਹ ਹੈ। ਇਸ ਲਈ ਕੌਮ 6 ਅਗਸਤ ਨੂੰ ਲੁਧਿਆਣੇ ਵੱਲ ਕੂਚ ਕਰੇ, ਇਹ ਸਾਡੀ ਹਾਰਦਿਕ ਅਪੀਲ ਹੈ।

International