ਬਾਦਲ ਸਾਬ! ਰੱਬ ਤੇ ਅੱਤ ਦਾ ਵੈਰ ਹੁੰਦਾ ਹੈ...

ਜਦੋਂ ਸੱਤਾ ਦਾ ਹੰਕਾਰ ਸਿਰ ਨੂੰ ਚੜ ਜਾਵੇ ਤਾਂ ਹਾਕਮ, ਜਾਬਰ ਬਣ ਜਾਂਦੇ ਹਨ। ਉਨਾਂ ਦੇ ਬਾਬਰ ਦੀ ਰੂਹ ਵਾਸਾ ਕਰ ਲੈਂਦੀ ਹੈ ਜਾਂ ਫ਼ਿਰ ਜਦੋਂ ਪਾਪਾ ਦਾ ਘੜਾ ਭਰਨਾ ਹੋਵੇ ਤਾਂ ਮੱਤ ਮਾਰੀ ਜਾਂਦੀ ਹੈ। ਉਨਾਂ ਨੂੰ ਆਪਣੇ ਫਰਜ਼ ਭੁੱਲ ਜਾਂਦੇ ਹਨ, ਲੋਕਾਂ ਨੂੰ ਇਨਸਾਫ਼ ਦੇਣਾ ਵਿਸਰ ਜਾਂਦਾ ਹੈ। ਸਿਰਫ਼ ਲੁੱਟ-ਖਸੁੱਟ ਤੇ ਕੁੱਟ ਹੀ ਉਨਾਂ ਦਾ ਹਥਿਆਰ ਬਣ ਜਾਂਦੀ ਹੈ। ਅੱਜ ਪੰਜਾਬ ’ਚ ਹਰ ਪਾਸੇ ਹਾਹਾਕਾਰ ਹੈ। ਜ਼ੋਰ-ਜਬਰ ਦਾ ਰਾਜ ਹੈ। ਕਿਸੇ ਦੀ ਫ਼ਰਿਆਦ ਨਹੀਂ ਸੁਣੀ ਜਾਂਦੀ, ਸਿਰਫ਼ ਤੇ ਸਿਰਫ਼ ਧੱਕਾ ਹੈ। ਜ਼ੁਲਮ, ਸਿਤਮ ਹੈ, ਤਸ਼ੱਦਦ ਹੈ। ਜਿਨਾਂ ਸਿੱਖਾਂ ਨੇ ਲੱਖਾਂ ਕੁਰਬਾਨੀਆਂ ਕਰਕੇ ਸ਼ੋ੍ਰਮਣੀ ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਸਿਰਜਿਆ, ਅੱਜ ਉਸੇ ਅਕਾਲੀ ਦਲ ਦੇ ਕਰਤੇ-ਧਰਤੇ, ਸਿੱਖ ਦੁਸ਼ਮਣ ਬਣ ਚੁੱਕੇ ਹਨ। ਸਿੱਖਾਂ ਦੀ ਹਰ ਹੱਕੀ ਮੰਗ ਨੂੰ ਡੰਡੇ ਨਾਲ, ਗੋਲੀ ਨਾਲ, ਜੇਲਾਂ ਦੀਆਂ ਕਾਲ ਕੋਠੜੀਆਂ ’ਚ ਬੰਦ ਕਰਕੇ ਦਬਾਉਣ ਦਾ ਇੱਕੋ-ਇੱਕ ਹਥਿਆਰ ਹਰ ਪਾਸੇ ਵਰਤਿਆ ਜਾ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ 203 ਦਿਨਾਂ ਤੋਂ ਭੁੱਖ ਹੜਤਾਲ ਤੇ ਹਨ। ਸਰਕਾਰ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨਾਂ ਨੂੰ ਰਿਹਾਅ ਕਰਨ ਦੀ ਥਾਂ, ਸਰਕਾਰ ਇਸ ਸੰਘਰਸ਼ ਨੂੰ ਡੰਡੇ ਨਾਲ ਦਬਾਉਣ ਦੇ ਰਾਹ ਤੁਰ ਪਈ ਹੈ। ਕਦੇ ਬਾਪੂ ਨੂੰ ਜਬਰੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਇਆ ਜਾਂਦਾ ਹੈ, ਕਦੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਅਤੇ ਸੰਘਰਸ਼ ਕਰ ਰਹੇ ਸਿੰਘਾਂ ਨੂੰ ਜੇਲਾਂ ’ਚ ਡੱਕਿਆ ਜਾਂਦਾ ਹੈ।

ਕੀ ਬਾਦਲ, ਇਹ ਭੁੱਲ ਗਿਆ ਕਿ ਸਿੱਖ ਕੌਮ ਨੇ ਕਦੇ ਕਿਸੇ ਜਾਬਰ ਦੀ ਟੈਂ ਨਹੀਂ ਮੰਨੀ, ਸਿੱਖਾਂ ਨੂੰ ਖ਼ਤਮ ਕਰਦੇ-ਕਰਦੇ, ਪਤਾ ਨਹੀਂ, ਕਿੰਨੇ ਬਾਬਰ, ਮੀਰ ਮੰਨੂ ਤੇ ਜ਼ਕਰੀਆ ਖਾਨ ਤੇ ਇੰਦਰਾ ਗਾਂਧੀ ਵਰਗੇ ਇਸ ਜਹਾਨੋਂ ਤੁਰ ਗਏ। ਸਿੱਖ ਕੌਮ ਹਰ ਵੇਲੇ ਸਰਬੱਤ ਦਾ ਭਲਾ ਮੰਗਦੀ ਹੈ। ਵਾਰ-ਵਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਸ਼ਾਂਤਮਈ ਲੜਨ ਦਾ ਵਾਅਦਾ ਤੇ ਦਾਅਵਾ ਕਰ ਰਹੀ ਹੈ ਅਤੇ ਪਿਛਲੇ ਲਗਭਗ 7 ਮਹੀਨਿਆਂ ’ਚ ਇਸ ਵਾਅਦੇ ਤੇ ਖ਼ਰਾ ਉੱਤਰ ਕੇ ਵੀ ਵਿਖਾਇਆ ਹੈ। ਪ੍ਰੰਤੂ ਜਦੋਂ ਹਾਕਮ ਦੇ ਸਿਰ ਹੰਕਾਰ ਚੜ ਕੇ ਬੋਲਦਾ ਹੋਵੇ ਤਾਂ ਉਨਾਂ ਨੂੰ ਆਮ ਲੋਕ ਕੀੜੇ-ਮਕੌੜੇ ਵਿਖਾਈ ਦੇਣ ਲੱਗ ਜਾਂਦੇ ਹਨ। ਬਾਦਲ ਨੂੰ ਸੰਘਰਸ਼ ਕਰਦੀ ਸਿੱਖ ਕੌਮ ਸ਼ਰਾਰਤੀ ਅਨਸਰ ਵਿਖਾਈ ਦਿੰਦੀ ਹੈ। ਪ੍ਰੰਤੂ ਉਹ ਭੁੱਲ ਜਾਂਦੇ ਹਨ ਕਿ ਇਸੇ ਕੌਮ ਨੇ ਉਸਨੂੰ ਪੰਜਵੀਂ ਵਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਹੈ। ਦਿੱਲੀ ਦੀ ਪਾਰਲੀਮੈਂਟ ਵੱਲੋਂ ਸਿੱਖ ਕੌਮ ਦੇ ਸਫ਼ਲ ਕੂਚ ਨੇ ਬਾਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨਾਂ ਦੀ ਬੁਖ਼ਲਾਹਟ ਵੱਧ ਗਈ ਹੈ। ਜਿਸ ਕਰਕੇ ਪੰਜਾਬ ’ਚ ਬੀਤੀ ਰਾਤ ਤੋਂ ਗਿ੍ਰਫ਼ਤਾਰੀ ਦਾ ਦਮਨ-ਚੱਕਰ ਚਲਾਇਆ ਹੋਇਆ ਹੈ। ਕਾਨੂੰਨ ਦਾ ਨੰਗਾ-ਚਿੱਟਾ ਕਤਲ     ਹੋ ਰਿਹਾ ਹੈ, ਪ੍ਰੰਤੂ ਅਦਾਲਤ ਸਮੇਤ ਸਾਰੇ ਚੁੱਪ ਹਨ। ਕਿਉਂਕਿ ਮਾਰ ਸਿੱਖਾਂ ਨੂੰ ਪੈ ਰਹੀ ਹੈ। ਅਸੀਂ ਬਾਦਲ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਸਦਾ ਦਮਨ-ਚੱਕਰ ਕੌਮ ਨੂੰ ਸੰਘਰਸ਼ ਤੋਂ ਪਿੱਛੇ ਨਹੀਂ ਮੋੜ ਸਕਦਾ। ਸਗੋਂ ਕੌਮ ਇਸ ਜਬਰ ਦਾ ਮੁਕਾਬਲਾ ਸਬਰ ਨਾਲ ਕਰਨੇ ਲਈ, ਹਰ ਕੁਰਬਾਨੀ ਦੇਣ ਲਈ ਤਿਆਰ ਬੈਠੀ ਹੈ। ਬਾਦਲਕਿਆਂ ਵੱਲੋਂ ਜੇ ਕੋਈ ਹੋਰ ਇਮਤਿਹਾਨ ਬਾਕੀ ਹੈ ਤਾਂ ਉਹ ਵੀ ਲੈ ਲੈਣ, ਪ੍ਰੰਤੂ ਇਹ ਜ਼ਰੂਰ ਯਾਦ ਰੱਖਣ ਕਿ ਰੱਬਾ ਤੇ ਅੱਤ ਦਾ ਵੈਰ ਹੁੰਦਾ ਹੈ। 

International