ਅੱਜ ਦਾ ਸੁਨੇਹਾ...

ਅਸੀਂ ਵਾਰ ਵਾਰ ਹੋਕਾ ਦਿੱਤਾ ਹੈ ਕਿ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਦਾ ਹਰ ਪੰਨਾ, ਹਰ ਚੜਦੇ ਸੂਰਜ, ਇਕ ਨਵਾਂ ਸੁਨੇਹੇ ਕੌਮ, ਦੇਸ਼ ਤੇ ਪੂਰੀ ਦੁਨੀਆ ਨੂੰ ਦਿੰਦਾ ਹੈ। ਉਸ ਸੁਨੇਹੇ ਨੂੰ ਸੁਣ ਸਕਣ ਦੇ ਅਸੀਂ ਸਮਰੱਥ ਹਾਂ ਜਾਂ ਨਹੀਂ, ਇਹ ਵੱਖਰਾ ਮੁੱਦਾ ਹੈ। ਅੱਜ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨਣ ਵਾਲੀ ਗਦਰ ਲਹਿਰ ਦੇੇ ਬਾਲਾ ਸ਼ਹੀਦ, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਹੁਣ ਤੱਕ ਕੌਮੀ ਸ਼ਹੀਦ ਦਾ ਦਰਜਾ ਨਾਂਹ ਦਿੱਤੇ ਜਾਣ ਤੇ ਸਿੱਖ ਕੌਮ ’ਚ ਡੂੰਘਾ ਰੋਸ ਤੇ ਰੋਹ ਹੈ। ਭਾਵੇਂ ਸ਼ਹੀਦ ਕਿਸੇ ਰੁਤਬੇ ਦੇ ਮੁਹਤਾਜ ਨਹੀਂ ਹੁੰਦੇ, ਪ੍ਰੰਤੂ ਕਿਉਂਕਿ ਉਹ ਨਵੀਂ ਪੀੜੀਆਂ ਲਈ ਪ੍ਰੇਰਨਾ-ਸ੍ਰੋਤ ਹੁੰਦੇ ਹਨ, ਇਸ ਲਈ ਉਨਾਂ ਦੀਆਂ ਕੁਰਬਾਨੀਆਂ, ਸੋਚ, ਮਿਸ਼ਨ ਤੇ ਪਾਈਆਂ ਪੈੜਾਂ ਨੂੰ ਯਾਦ ਕਰਨਾ, ਸਤਿਕਾਰ ਦੇਣਾ, ਦੇਸ਼-ਕੌਮ ਦਾ ਮੁੱਢਲਾ ਫਰਜ਼ ਬਣ ਜਾਂਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੇਣ, ਆਮ ਜਿਹੀ ਨਹੀਂ ਹੈ, ਇਹ ਬੇਹੱਦ ਲਾਸਾਨੀ ਹੈ। 19 ਸਾਲ ਦੀ ਨਿੱਕੀ ਜਿਹੇ ਉਮਰੇ ਜੋ ਕੁਝ ਸਰਾਭਾ ਦੇਸ਼ ਦੀ ਅਜ਼ਾਦੀ ਲਈ ਕਰ ਗਿਆ, ਉਹ ਉਸਦੇ ਹਿੱਸੇ ਹੀ ਆਇਆ ਸੀ, ਜਿਸਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਜੰਗ-ਏ-ਅਜ਼ਾਦੀ ਦੇ ਇਸ ਛੋਟੀ ਉਮਰ ਦੇ ਮਹਾਨ ਸ਼ਹੀਦ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਦਿਨ 13 ਸਤੰਬਰ ਦੀ ਯਾਦ ਵੀ ਖ਼ੁਦ-ਬ-ਖ਼ੁਦ ਆ ਹੀ ਜਾਂਦੀ ਹੈ।

ਅੱਜ ਦੇ ਦਿਨ ਸ਼ਹੀਦ ਸਰਾਭਾ ਨੇ ਅੰਗਰੇਜ਼ ਹਾਕਮਾਂ ਦੀ ਅਦਾਲਤ ’ਚ ਇਕ ਅੰਗਰੇਜ਼ ਜੱਜ ਸਾਹਮਣੇ ਦੇਸ਼ ਦੀ ਅਜ਼ਾਦੀ ਲਈ ਕੀਤੇ ਆਪਣੇ ਕਾਰਨਾਮਿਆਂ ਦਾ ਇਕਬਾਲ ਕੀਤਾ ਸੀ ਅਤੇ ਆਖਿਆ ਸੀ ਕਿ ਉਹ ਜਲਦੀ ਤੋਂ ਜਲਦੀ ਫਾਂਸੀ ਲੱਗ ਕੇ, ਮੁੜ ਜਨਮ ਲੈ ਕੇ, ਆਪਣੀ ਅਧੂਰੀ ਜੰਗ ਨੂੰ ਪੂਰੀ ਕਰਨ ਦਾ ਇਛੁੱਕ ਹੈ। ਸਿੱਖ ਇਤਿਹਾਸ ਦੇ ਹਰ ਪੰਨੇ ਤੇ ਨਵੀਂ ਸੂਰਬੀਰਤਾ ਦੀ ਕਹਾਣੀ ਦਰਜ ਹੈ। ਸ਼ਹੀਦ ਸਰਾਭੇ ਵੱਲੋਂ ਅੱਜ ਦੇ ਦਿਨ 13 ਸਤੰਬਰ 1915 ਨੂੰ ਆਪਣੇ ਇਕਬਾਲੀਆ ਬਿਆਨ ਨੂੰ ਅੰਗਰੇਜ਼ ਜੱਜ ਦੇ ਕਹਿਣ ਦੇ ਬਾਵਜੂਦ ਬਦਲਣ ਤੋਂ ਇਨਕਾਰ ਕਰਕੇ, ਸਿੱਖੀ ’ਚ ਸੂਰਬੀਰਤਾ ਤੇ ਇਰਾਦੇ ਦੀ ਦਿ੍ਰੜਤਾ ਨੂੰ ਮੁੜ ਤਾਜ਼ਾ ਕੀਤਾ ਸੀ ਅਤੇ ਸ਼ਹੀਦ ਸਰਾਭੇ ਦੇ ਆਪਣੇ ਕੀਤੇ ਕਾਰਨਾਮੇ ਤੇ ਡੱਟੇ ਰਹਿਣ ਕਾਰਣ ਅੰਗਰੇਜ਼ ਜੱਜ ਨੇ ਉਸਨੂੰ ਅੱਜ ਦੇ ਦਿਨ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਸ਼ਹੀਦ ਸਰਾਭਾ ਨੇ ਜਿਸ ਦਿ੍ਰੜਤਾ ਨਾਲ ਆਪਣੀ ਸ਼ਹਾਦਤ ਦਿੱਤੀ, ਉਹ ਆਪਣੇ-ਆਪ ’ਚ ਇਤਿਹਾਸ ਦੀ ਮਹਾਨ ਘਟਨਾ ਸੀ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਅੱਜ ਜਦੋਂ ਨੌਜਵਾਨ ਪੀੜੀ ਨੂੰ ਜਿਹੜੀ ਆਪਣੇ ਫਰਜ਼ਾਂ ਤੋਂ ਮੂੰਹ ਫੇਰ ਕੇ ਨਸ਼ਿਆਂ ਦੀ ਦਲਦਲ ’ਚ ਜਾ ਡਿੱਗੀ ਹੈ, ਉਸਨੂੰ ਸ਼ਹੀਦ ਸਰਾਭਾ ਵਰਗਿਆਂ ਦੇ ਮਹਾਨ ਕਾਰਨਾਮਿਆਂ ਤੋਂ ਜਾਣੂ ਕਰਵਾਇਆ ਜਾਵੇ, ਸਰਕਾਰਾਂ ਇਨਾਂ ਮਹਾਨ ਸ਼ਹੀਦਾਂ ਨੂੰ ਭੁੱਲ-ਵਿਸਰ ਰਹੀਆਂ ਹਨ। ਪਹਿਲਾ ਸ਼ਹੀਦ ਸਰਾਭਾ ਦੀ ਯਾਦਗਾਰ ਨੂੰ ਜਿਸ ਤਰਾਂ ਲਟਕਾਇਆ ਗਿਆ ਅਤੇ ਉਸ ਨੂੰ ਪੂਰਾ ਕਰਵਾਉਣ ਲਈ ਇਲਾਕੇ ਦੇ ਲੋਕਾਂ ਨੂੰ ਧਰਨੇ-ਮੁਜ਼ਾਹਰੇ ਕਰਨੇ ਪਏ, ਉਹ ਸਰਕਾਰ ਦੀ ਸ਼ਹੀਦਾਂ ਪ੍ਰਤੀ ਬੇਰੁਖੀ ਨੂੰ ਬਾਖ਼ੂਬੀ ਦਰਸਾਉਂਦਾ ਹੈ। ਸਾਡੇ ਲਈ ਦੁੱਖ ਤੇ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਜਿਸ ਨੂੰ ਆਪਣੇ-ਆਪ ਨੂੰ ਸ਼ਹੀਦ ਸਰਾਭਾ ਦਾ ਵਾਰਿਸ ਅਖਵਾਉਣ ’ਚ ਮਾਣ ਹੋਣਾ ਚਾਹੀਦਾ ਸੀ, ਉਹ ਵੀ ਸ਼ਹੀਦ ਸਰਾਭਾ ਨੂੰ ਭੁੱਲ ਜਾਂਦੀ ਹੈ, ਅਜ਼ਾਦੀ ਦਿਵਸ ਮੌਕੇ ਦਿੱਤੇ ਸਰਕਾਰੀ ਇਸ਼ਤਿਹਾਰ ’ਚ ਸ਼ਹੀਦ ਸਰਾਭਾ ਨੂੰ ਕੋਈ ਥਾਂ ਨਹੀਂ ਮਿਲਦੀ ਅਤੇ ਨਾਂ ਹੀ ਪੰਜਾਬ ਸਰਕਾਰ ਨੇ ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ ਤੇ ਕਦੇ ਦਬਾਅ ਪਾਉਣ ਦਾ ਯਤਨ ਕੀਤਾ ਹੈ। 

ਆਖ਼ਰ ਇਹ ਕਿਸੇ ਸਾਜ਼ਿਸ ਅਧੀਨ ਤਾਂ ਨਹੀਂ ਹੋ ਰਿਹਾ ਹੈ? ਪੱਗਾਂ ਵਾਲੇ ਸ਼ਹੀਦਾਂ ਤੋਂ ਸਰਕਾਰਾਂ ਆਖ਼ਰ ਡਰਦੀਆਂ ਕਿਉਂ ਹਨ? ਜਿਹੜੀ ਸਰਕਾਰ ਤੇ ਸ਼ਕਤੀਆਂ ਪੰਜਾਬ ’ਚੋਂ ਸਿੱਖ ਜੁਆਨੀ ਨੂੰ ਖ਼ਤਮ ਕਰਨ ਲਈ ਪੰਜਾਬ ’ਚ ਨਸ਼ਿਆਂ ਤੇ ਲੱਚਰਤਾ ਦਾ ਦਰਿਆ ਵਗਾ ਰਹੀਆਂ ਹਨ, ਪੰਜਾਬ ਦੀ ਜੁਆਨੀ ਨੂੰ ਤਬਾਹ ਕਰਨ ਲਈ ਹਰ ਹਥਕੰਡਾ ਵਰਤਿਆ ਜਾ ਰਿਹਾ ਹੈ, ਉਸ ਜੁਆਨੀ ਨੂੰ ਸ਼ਹੀਦ ਸਰਾਭੇ ਵਰਗੇ ਮਹਾਨ ਸ਼ਹੀਦਾਂ ਦੀ ਸੋਚ, ਫ਼ਿਟਕਾਰ ਪਾ ਕੇ, ਕਦੇ ਸਹੀ ਰਾਹ ਵੱਲ ਨਾ ਤੋਰ ਲਵੇ, ਇਸ ਤੋਂ ਡਰਦਿਆਂ ਇਹ ਤਾਕਤਾਂ, ਸ਼ਹੀਦ ਸਰਾਭੇ ਨੂੰ ਜਾਣ-ਬੁੱਝ ਕੇ ਭੁੱਲਣਾ ਵਿਸਰਨਾ ਚਾਹੁੰਦੀਆਂ ਹਨ। ਇਸੇ ਕਰਕੇ ਅੱਜ ਅਸੀਂ ਇਕ ਪਾਸੇ ਪੰਜਾਬ ਦੇ ਇਨਾਂ ਜੁਆਨਾਂ ਨੂੰ 13 ਸਤੰਬਰ ਦੀ ਯਾਦ ਦਿਵਾ ਰਹੇ ਹਾਂ ਕਿ ਅੱਜ ਦੇ ਦਿਨ ਸ਼ਹੀਦ ਸਰਾਭੇ ਨੇ ਅੰਗਰੇਜ਼ੀ ਕਾਨੂੰਨ ਨੂੰ ਵੰਗਾਰ ਕੇ ਆਪਣੇ ਲਈ ਫਾਂਸੀ ਖ਼ੁਦ ਮੰਗੀ ਸੀ ਅਤੇ ਦੂਜੇ ਪਾਸੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਹਾਕਮ ਧਿਰਾਂ ਕਦੇ ਵੀ ਸੱਚ ਦੇ ਰਾਹ ਤੇ ਚੱਲਣ ਵਾਲੇ ਸੂਰਬੀਰਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ, ਉਹ ਸਰਕਾਰ ਭਾਵੇਂ ਗੋਰਿਆਂ ਦੀ ਹੋਵੇ ਜਾਂ ਕਾਲਿਆਂ ਦੀ। ਲੋੜ ਹੈ ਕਿ ਵਰਤਮਾਨ ਪੀੜੀ-ਖ਼ੁਦ ਹੀ ਹਾਕਮ ਧਿਰਾਂ ਦੀਆਂ ਸ਼ੈਤਾਨੀ ਚਾਲਾਕੀਆਂ ਵਿਰੁੱਧ ਜਾਗਰੂਕ ਹੋਵੇ ਅਤੇ ਉਨਾਂ ਮਹਾਨ ਨਾਇਕਾਂ ਨੂੰ ਜਿਹੜੇ ਵਰਤਮਾਨ ਪੀੜੀ ਦੇ ਰੋਲ ਮਾਡਲ ਬਣਨ ਦੇ ਸਮਰੱਥ ਹਨ ਉਨਾਂ ਦੀ ਯਾਦ ਨੂੰ ਧੁੰਦਲੀ ਕਰਨ ਦੀ ਹਰ ਸਾਜ਼ਿਸ ਦਾ ਮੂੰਹ ਤੋੜਵਾ ਜਵਾਬ ਦੇਵੇ। ਇਹ ਤਦ ਹੀ ਸੰਭਵ ਹੋਵੇਗਾ, ਜੇ ਸਾਡੀ ਵਰਤਮਾਨ ਪੀੜੀ ਸ਼ਹੀਦਾਂ ਦੀਆਂ ਜੀਵਨੀਆਂ, ਉਨਾਂ ਦੇ ਪਾਏ ਪੂਰਨਿਆਂ ਅਤੇ ਕੀਤੇ ਕਾਰਨਾਮਿਆਂ ਬਾਰੇ ਬਾਖ਼ੂਬੀ ਜਾਣਦੀ ਹੋਵੇ ਅਤੇ ਉਨਾਂ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਦਿ੍ਰੜ ਸੰਕਲਪਿਤ ਹੋਵੇ। 

International