ਦਲ ਖਾਲਾਸਾ ਅਤੇ ਪੰਚ ਪ੍ਰਧਾਨੀ ਨੇ ਅਕਾਲੀ ਤਖ਼ਤ ਤੇ ਕੀਤਾ ਰੋਸ਼ ਦਾ ਪ੍ਰਗਟਾਅ, ਆਖਿਆ ਸਰਬੱਤ ਖਾਲਸਾ ਦੀ ਰਵਾਇਤ ਮੁੜ ਸੁਰਜੀਤ ਕੀਤੀ ਜਾਵੇ

ਅੰਮਿ੍ਰਤਸਰ 29  ਸਤੰਬਰ (ਨਰਿੰਦਰ ਪਾਲ ਸਿੰਘ/ਮਨਿੰਦਰ ਸਿੰਘ ਗੋਰੀ) ਸਿਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜਥੇਦਾਰਾਂ ਵਲੋਂ ਦਿੱਤੀ ਮੁਆਫੀ ਨੂੰ ਪੂਰੀ ਤਰਾਂ ਰੱਦ ਕਰਦਿਆਂ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਇਹ ਫੈਸਲਾ ਸੁਨਾਉਣ ਵਾਲੇ ਜਥੇਦਾਰਾਂ ਨੂੰ ਅਹੁੱਦਿਆਂ ਤੋਂ ਵੱਖ ਕਰਕੇ ਸਰਬੱਤ ਖਾਲਸਾ ਦੀ ਰਵਾਇਤ ਨੂੰ ਮੁੜ ਸਰਜੀਤ ਕਰਨ ਉਤੇ ਵੀ ਜੋਰ ਦਿੱਤਾ ਹੈ ।ਜਥੇਦਾਰਾਂ ਦੇ ੨੪ ਸਤੰਬਰ ਨੂੰ ਸਿਰਸਾ ਡੇਰਾ ਮੁਖੀ ਨੂੰ ਮੁਆਫ ਕਰਨ ਦੇ ਫੈਸਲੇ ਵਿਰੁੱਧ ਆਪਣਾ ਸ਼ਾਂਤਮਈ ਰੋਸ ਅਤੇ ਰੋਹ ਜਿਤਾਉਣ ਲਈ ਅੱਜ ਦੋਨੋਂ ਜਥੇਬੰਦੀਆਂ ਅਤੇ ਕੁਝ ਹਮਖਿਆਲੀ ਜਥੇਬੰਦੀਆਂ ਦੇ ਸੈਂਕੜੇ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕਤਰ ਹੋਏ ਉਹਨਾਂ ਨੇ ਬੜੇ ਹੀ ਸਤਿਕਾਰ ਸਹਿਤਸੰਗਤੀ ਰੂਪ ਵਿੱਚ ਸ੍ਰੀ ਜਪੁ ਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਕੀਤੇ ।ਦਲ ਖਾਲਸਾ ਦੇ ਪ੍ਰਧਾਨ ਸ੍ਰ ਹਰਚਰਨਜੀਤ ਸਿੰਘ ਧਾਮੀ ਨੇ ਸਮੁਚੇ ਪਾਰਟੀ ਵਰਕਰਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲ ਪੁਰਖ ਵਾਹਿਗੁ੍ਰੁ ਅੱਗੇ ਅਰਦਾਸ ਬੇਨਤੀ ਕਰਦਿਆਂ ਕਿਹਾ ‘ਹੇ ਦਾਤਾਰ ਪਿਤਾ ਸਮੱੁਚੀ ਸਿੱਖ ਕੌਮ ਨੂੰ ਬੱਲ ਬੁੱਧੀ ਅਤੇ ਸ਼ਕਤੀ ਬਖਸ਼ੌ ਕਿ ਉਹ ਮਹੰਤ ਨਰੈਣੂ ਤੋਂ ਬਦਤਰ ਗੁਰਦੁਆਰਾ ਨਿਜ਼ਾਮ ਨੂੰ ਬਦਲਣ ਵਿੱਚ ਸਫਲਤਾ ਹਾਸਿਲ ਕਰਨ ।ਦਾਤਾਰ ਪਿਤਾ ਜੀ ਰਹਿਮਤ ਕਰੋ ਕਿ ਆਪ ਜੀ ਦੇ ਪਾਵਨ ਤਖਤ ਸਾਹਿਬ ਤੋਂ ਹਮੇਸ਼ਾਂ ਹੀ ਆਪ ਜੀ ਦੇ ਖਾਲਸੇ ਦੀ ਚੜਦੀ ਕਲਾ ਤੇ ਵਿੱਲਖਣ ਹੋਂਦ ਬਰਕਰਾਰ ਰੱਖਣ ਵਾਲੇ ਫੈਸਲੇ ਹੋਣ‘। ਅਰਦਾਸ ਉਪਰੰਤ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਬਾਹਰ ਆਕੇ ਰੋਸ ਪ੍ਰਗਟ ਕਰਨ ਆਈਆਂ ਸਮੁੱਚੀਆਂ ਜਥੇਬੰਦੀਆਂ ਦੇ ਵਰਕਰਾਂ ਨੇ ਹੱਥਾਂ ਵਿੱਚ  ‘ਸਰਵਉਚ ਅਤੇ ਮਹਾਨ ਅਕਾਲ ਤਖਤ ਸਾਹਿਬ ਹੈ, ਨਾ ਕਿ ਜਥੇਦਾਰ,ਡੇਰਾ ਸਿਰਸਾ ਕਾਂਡ ਦੇ ਸ਼ਹੀਦ ਭਾਈ ਕਮਲਜੀਤ ਸਿੰਘ ,ਸ਼ਹੀਦ ਭਾਈ ਹਰਮੰਦਰ ਸਿੰਘ ,ਸ਼ਹੀਦ ਭਾਈ ਬਲਕਾਰ ਸਿੰਘ ਦੀਆਂ ਤਸਵੀਰਾਂ‘ ‘ਸ਼੍ਰੋਮਣੀ ਕਮੇਟੀ ਤੋਂ ਇਕ ਪ੍ਰੀਵਾਰ ਦਾ ਕਬਜਾ ਹਟਾਉ, ਜਥੇਦਾਰ ਅਹੁਦਿਆਂ ਤੋਂ ਲਾਂਭੇ ਕਰੋ  ਦੇ ਨਾਅਰਿਆਂ ਵਾਲੇ  ਬੈਨਰ ਫੜੇ ਹੋਏ ਸਨ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਅੱਜ ਅਸੀਂ ਭਰੇ ਮਨ ਨਾਲ ਇੱਥੇ ਸੌਦਾ ਸਾਧ ਨੂੰ ਮੁਆਫ ਕਰਨ ਦੇ ਜਥੇਦਾਰਾਂ ਦੇ ‘ਮਨਮਤਿ‘ ਵਾਲੇ ਫੈਸਲੇ ਦਾ ਪੰਥਕ ਜੁਆਬ ਦੇਣ ਲਈ ਇੱਕਤਰ ਹੋਏ ਹਾਂ। ਉਹਨਾਂ ਜਥੇਦਾਰਾਂ ਵਲੋਂ ਸੋਦਾ ਸਾਧ ਮਾਮਲੇ ਵਿੱਚ ੨੪ ਸਤੰਬਰ ੨੦੧੫ ਨੂੰ ਸੁਣਾਏ ਫੈਸਲੇ ਦੀ ਕਾਪੀ ਤੋਂ ਪਹਿਲਾਂ ਅਕਾਲ ਤਖਤ ਸਹਿਬ ਦਾ ਲੈਟਰਹੈਡ ਵੱਖ ਕਰ ਲਿਆ,ਮੱਥੇ ਨਾਲ ਲਾਉਂਦਿਆਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਮਹਾਨ ਤੇ ਸਤਿਕਾਰਤ ਹੈ ਲੇਕਿਨ ਜਥੇਦਾਰਾਂ ਦਾ ਫੈਸਲਾ ਪਾੜਦਿਆਂ ਉਨਾਂ ਕਿਹਾ ਇਸਦੀ ਕੀਮਤ ਸਾਡੇ ਲਈ ਸਿਰਫ ਇੱਕ ਰੱਦੀ ਕਾਗਜ ਹੈ ।ਉਨਾਂ ਕਿਹਾ ਕਿ ਇਸ ਤੋਂ ਵੱਧ ਪੀੜਾ ਅਤੇ ਨਾਮੋਸ਼ੀ ਵਾਲੀ ਕੀ ਗੱਲ ਹੋ ਸਕਦੀ ਹੈ ਕਿ ਅਜੇਹਾ ਫੈਸਲਾ ਕਰਕੇ ਜਥੇਦਾਰਾਂ ਨੇ ਨੀਵਾਣ ਨੂੰ ਛੋਹ ਲਿਆ ਹੈ। ਸਿੱਖੀ ਸਿਧਾਂਤਾਂ ਅਤੇ ਤਖਤ ਦੀ ਮਾਣ-ਮਰਯਾਦਾ ਦੀ ਪਹਿਰੇਦਾਰੀ ਛੱਡ ਕੇ ਇਹਨਾਂ ਨੇ ਪਦਵੀਆਂ ਅਤੇ ਮਾਇਆ ਦੇ ਲਾਲਚ ਵਿੱਚ ਰਾਨਜੀਤੀ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਕਿਹਾ ਕਿ ਜਿਸ ਸਾਧ ਦੇ ਖਿਲਾਫ ਸੰਗੀਨ ਜੁਰਮਾਂ ਤਹਿਤ ਅਦਾਲਤਾਂ ਵਿੱਚ ਕੇਸ ਚੱਲ ਰਹੇ ਹੋਣ, ਜੋ ਸਿੱੱਖ ਕੌਮ ਦਾ ਮੂੰਹ ਚਿੜਾ ਰਿਹਾ ਹੋਵੇ ਅਤੇ ਜੋ ਸਿੱਖ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਕਰਵਾਉਣ ਲਈ ਜ਼ਿਮੇਵਾਰ ਹੋਵੇ, ਅਜਿਹਾ ਵਿਅਕਤੀ ਮੁਆਫੀ ਜਾਂ ਰਹਿਮ ਦਾ ਹੱਕਦਾਰ ਨਹੀਂ ਸਗੋਂ ਅਜਿਹੇ ਵਿਅਕਤੀ ਦੀ ਸਹੀ ਥਾਂ ਸਲਾਖਾਂ ਪਿੱਛੇ ਹੈ।

ਸ੍ਰ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਪਿਛਲ਼ੇ ਕੁਝ ਸਮਿਆਂ ਤੋਂ ਬਹੁਤਾਤ ਮਸਲਿਆਂ ਉਤੇ ਜਥੇਦਾਰਾਂ ਵਲੋਂ ਜਾਰੀ ਸੰਦੇਸ਼, ਅਤੇ ਗੁਰਮਤੇ ਅਤੇ ਹੁਕਮਨਾਮਿਆਂ ਨੇ ਕੌਮ ਨੂੰ ਦੋ-ਫਾੜ ਕਰਕੇ ਰੱਖ ਦਿੱਤਾ ਹੈ। ਜਿਸ ਦਾ ਮੁੱਖ ਕਾਰਨ ਅਕਾਲੀ ਰਾਜਨੀਤੀ ਦੀ ਇਹਨਾਂ ਫੈਸਲਿਆਂ ਵਿੱਚ ਬੇਲੋੜੀ ਦਖਲਅੰਦਾਜੀ ਅਤੇ ਸੌੜੀ ਰਾਜਸੀ ਪੁਹੰਚ ਹੈ। ਉਹਨਾਂ ਦਸਿਆ ਕਿ ਜਥੇਦਾਰਾਂ ਵਲੋਂ ਕੀਤਾ ਫੈਸਲਾ ‘ਗੁਰਮਤਾ‘ ਨਹੀਂ ਹੈ।

ਜਥੇਦਾਰਾਂ ਨੂੰ ਫੌਰੀ ਹਟਾਉਣ ਦੀ ਮੰਗ ਨੂੰ ਤਿੱਖਾ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦ ਤੱਕ ਮੌਜੂਦਾ ਜਥੇਦਾਰ ਆਪਣੇ ਸਿਧਾਂਤ-ਵਿਰੋਧੀ ਅਤੇ ਕੌਮ ਦੀਆਂ ਸਮੂਹਿਕ ਭਾਵਨਾਵਾਂ ਵਿਰੋਧੀ ਲਏ ਫੈਸਲੇ ਵਾਪਿਸ ਨਹੀਂ ਲੈਂਦੇ ਤੱਦ ਤੱਕ ਉਹ ਇਹਨਾਂ ਦਾ ਬਾਈਕਾਟ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਰਾਜਨੀਤੀ ਸਾਡੇ ਧਰਮ ਉਤੇ ਭਾਰੂ ਹੋ ਚੁੱਕੀ ਹੈ ਜੋ ਬੇਹੱਦ ਖਤਰਨਾਕ ਹੈ । ਉਹਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ “ਗਲਤ ਹੱਥਾਂ“ ਤੋਂ ਬਚਾਉਣਾ ਅਤੇ ਇੱਥੇ ਚੱਲ ਰਹੇ ਭਿ੍ਰਸ਼ਟ ਨਿਜ਼ਾਮ ਨੂੰ ਬਦਲਣਾ ਉਹਨਾਂ ਦਾ ਮਕਸਦ ਹੈ ਅਤੇ ਇਸ ਲਈ ਉਹਨਾਂ ਨੇ ਅੱਜ ਇਥੇ ਅਰਦਾਸ ਕਰਕੇ ਗੁਰੂੂੂ ਪਾਤਿਸ਼ਾਹ ਤੋਂ ਸੋਝੀ ਅਤੇ ਬੱਲ ਮੰਗਿਆ ਹੈ । ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੱਖ ਦੇ ਘਰ ਜੰਮਿਆ ਹੈ, ਇਸ ਲਈ ਉਹ ਅਕਾਲ ਤਖਤ ਸਾਹਿਬ ਉਤੇ ਸੱਦਿਆ ਜਾ ਸਕਦਾ ਹੈ।

ਡੇਰਾ ਮੁੱਖੀ ਨੂੰ ਭਾਰਤੀ ਨਿਜ਼ਾਮ ਦਾ ਟਾਊਟ ਦਸਦਿਆਂ ਸ਼ੋਮਣੀ ਕਮੇਟੀ ਮੈਂਬਰ ਜਥੇ. ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਜਦ ਤੱਕ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ ਦੇ ਨਿਯਮ ਅਤੇ ਹੁਕਮਨਾਮਾ ਜਾਰੀ ਕਰਨ ਦਾ ਵਿਧੀ ਵਿਧਾਨ ਨਹੀਂ ਬਣਦਾ ਤੱਦ ਤੱਕ ਕੌਮ ਨੂੰ ਇਹ ਨਾਮੋਸ਼ੀ ਸਹਿਣੀ ਪੈਣੀ ਹੈ। ਉਹਨਾਂ ਕਿਹਾ ਕਿ ਕਿਉਂ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਦੁਨੀਆਂ ਭਰ ਵਿੱਚ ਫੈਲੇ ਸਿੱਖ ਭਾਈਚਾਰੇ ਉਤੇ ਲਾਗੂ ਹੁੰਦਾ ਹੈ ਇਸ ਲਈ ਅੰਤਰਰਾਸ਼ਟਰੀ ਪੱਧਰ ਉਤੇ ਸਰਗਰਮ ਸਮੂਹ ਕੌਮੀ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਕੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਵੇ ਕਿਉਕਿ ਇੱਕ ਪਾਰਟੀ ਦਾ ਥਾਪਿਆ ਜਥੇਦਾਰ ਨਾ ਤਾਂ ਕੌਮ ਦੀ ਨੁਮਾਇੰਦਗੀ ਕਰ ਸਕਦਾ ਹੈ ਅਤੇ ਨਾ ਹੀ ਕੌਮ ਨੂੰ ਪ੍ਰਵਾਨ ਹੈ। 

ਉਹਨਾਂ ਸਰਬੱਤ ਖਾਲਸਾ ਦੀ ਰਵਾਇਤ ਨੂੰ ਮੁੜ ਸਰਜੀਤ ਕਰਨ ਉਤੇ ਵੀ ਜੋਰ ਦਿੱਤਾ। ਉਹਨਾਂ ਇੱਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ ਅੱਜ ਦੇ ਸਮਿਆਂ ਵਿੱਚ ਸਰਬੱਤ ਖਾਲਸਾ ਕਿਵੇਂ ਸੱਦਿਆ ਜਾ ਸਕਦਾ ਹੈ, ਕੌਣ ਤੇ ਕਿੱਥੇ ਸੱਦ ਸਕਦਾ ਹੈ ਅਤੇ ਉਸ ਨੂੰ ਬੁਲਾਉਣ ਦਾ ਕੀ ਵਿਧੀ-ਵਿਧਾਨ ਹੈ।
ਕੰਵਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਇਮਾਰਤ ਦਾ ਨਾਂ ਨਹੀਂ, ਸਗੋਂ ਇਹ ਸਿਧਾਂਤ, ਫਲਸਫੇ ਅਤੇ ਪ੍ਰਭੂਸੱਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੇ ਇਸ ਸੰਸਥਾ ਦੀ ਮਾਣ-ਮਰਯਾਦਾ ਅਤੇ ਸ਼ਾਨ ਨੂੰ ਢਾਹ ਲਾਈ ਹੈ ਅਤੇ ‘ਗੁਰੂੂੂ ਪੰਥ ਦੇ ਸੇਵਾਦਾਰ, ਗੁਰੂੂੂੂ ਪੰਥ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ‘।

ਇਸ ਮੌਕੇ ਭਾਈ ਦਲਜੀਤ ਸਿੰਘ, ਗੁਰਚਰਨ ਸਿੰਘ ਬਹਾਦਰਗੜ, ਮੋਹਨ ਸਿੰਘ ਪਟਿਆਲਾ (ਪੰਜਾਬ ਸਿੱਖ ਕੌਂਸਲ), ਏਕਸ ਕੇ ਬਾਰਕ ਤੋਂ ਗੁਰਮੇਜ ਸਿੰਘ ਲੋਪੋਕੇ ,ਕੈਪਟਨ ਰਵੇਲ ਸਿੰਘ,ਅਖੰਡ ਕੀਰਤਨੀ ਜਥਾ ਦੇ ਆਰ.ਪੀ.ਸਿੰਘ ਚੰਡੀਗੜ ,ਸਿੱਖ ਰਲੀਫ ਦੇ ਪਰਮਿੰਦਰ ਸਿੰਘ ਅਮਲੋਹ,ਕਮਿਕੱਰ ਸਿੰਘ ਮੁਕੰਦਰਪੁਰ,ਜਸਬੀਰ ਸਿੰਘ ਖੰਡੂਰ,ਬਲਵਿੰਦਰ ਸਿੰਘ ਝਬਾਲ,ਬਾਬਾ ਹਰਦੀਪ ਸਿੰਘ ਮਹਿਰਾਜ, ਦਰਸ਼ਨ ਸਿੰਘ ਘੋਲੀਆ,ਦਵਿੰਦਰ ਸਿੰਘ ਹਰੀਏਵਾਲ,ਬਾਬਾ ਰੇਸ਼ਮ ਸਿੰਘ,ਅਵਤਾਰ ਸਿੰਘ ਸਾਧਾਵਾਲਾਂ ,ਕੁਲਵਿੰਦਰ ਸਿੰਘ ਖਾਨਪੁਰੀਆ,ਸੁਖਚੈਨ ਸਿੰਘ ਆਤਲਾ, ਦਮਦਮੀ ਟਕਸਾਲ ਤੋਂ ਅਜੈਬ ਸਿੰਘ ਅਭਿਆਸੀ, ਬਾਬਾ ਅਵਤਾਰ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਸਿਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਬਲਵੰਤ ਸਿੰਘ ਗੋਪਾਲਾ,ਸੀਨੀਅਰ ਮੀਤ ਪ੍ਰਧਾਨ ਸ੍ਰ ਰਣਜੀਤ ਸਿੰਘ ,ਹਰਪ੍ਰੀਤ ਸਿੰਘ ਟੋਨੀ,ਸਿਮਰਨਜੀਤ ਸਿੰਘ,ਹਰਜਿੰਦਰ ਸਿੰਘ, ਸਰਵਕਾਰ ਸਿੰਘ,ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਅਮਰੀਕ ਸਿੰਘ ਈਸੜੂ, ਬਲਦੇਵ ਸਿੰਘ ਸਿਰਸਾ, ਜਸਵੀਰ ਸਿੰਘ ਖਡੂਰ, ਮਨਧੀਰ ਸਿੰਘ, ਪਰਮਜੀਤ ਸਿੰਘ ਗਾਜੀ ਅਤੇ ਦਲ ਖਾਲਸਾ ਵਲੋਂ ਸਰਬਜੀਤ ਸਿੰਘ ਘੁਮਾਣ, ਡਾ ਮਨਜਿੰਦਰ ਸਿੰਘ ਜੰਡੀ, ਰਣਬੀਰ ਸਿੰਘ, ਬਲਜੀਤ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ ਨਰੋਤਮਪੁਰ, ਨੋਬਲਜੀਤ ਸਿੰਘ, ਜਗਜੀਤ ਸਿੰਘ ਖੋਸਾ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ, ਸੁਖਦੇਵ ਸਿੰਘ ਹਸਨਪੁਰ, ਰਾਜਿੰਦਰ ਸਿੰਘ ਟਾਂਡਾ, ਸਿੱਖ ਯੂਥ ਆਫ ਪੰਜਾਬ ਵਲੋਂ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਮੰਡ, ਸੁਖਵਿੰਦਰ ਸਿੰਘ, ਪ੍ਰਭਜੀਤ ਸਿੰਘ, ਗਗਨਦੀਪ ਸਿੰਘ, ਆਦਿ ਹਾਜ਼ਿਰ ਸਨ।

ਇਸ ਉਪਰੰਤ ਰੋਸ ਪ੍ਰਗਟਾਉਣ ਆਏ ਸਾਰੇ ਹੀ ਪਾਰਟੀ ਵਰਕਰ ਤੇ ਅਹੁਦੇਦਾਰ ਇਕ ਮਾਰਚ ਦੀ ਸ਼ਕਲ ਵਿਚੱ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਸਾਹਮਣੇ ਤੋਂ ਘੰਟਾ ਘਰ ਬਾਹੀ ਵੱਲ ਬਣੇ ਫੁਆਰੇ ਨੇੜੇ ਕੋਈ ਇੱਕ ਘੰਟਾ ਸ਼ਾਤਮਈ ਢੰਗ ਨਾਲ ਬੈਠੇ ਰਹੇ।

International