ਆਪਣੀਆਂ ਜੜਾਂ ਤੇ ਆਪ ਕੁਹਾੜਾ ਨਾ ਮਾਰੀਏ...

ਜਸਪਾਲ ਸਿੰਘ ਹੇਰਾਂ
ਕੌਮ ਦੇ ਹਿਰਦੇ ਵਲੂੰਧਰੇ ਹੋਏ ਹਨ, ਕੌਮੀ ਭਾਵਨਾਵਾਂ ਦਾ ਸ਼ਰੇਆਮ ਕਤਲੇਆਮ ਹੋ ਗਿਆ ਹੈ, ਸਿੱਖ ਜਜ਼ਬਾਤ ਕੁਚਲ ਦਿੱਤੇ ਗਏ ਹਨ ਅਤੇ ਕੌਮੀ ਸਵੈਮਾਣ ਰੋਲ ਦਿੱਤਾ ਗਿਆ, ਕੌਮ ਦੀ ਆਨ-ਸ਼ਾਨ ਨੂੰ ਭਾਰੀ ਠੇਸ ਪਹੁੰਚਾਈ ਗਈ, ਕੌਮ ਦੀ ਅਣਖ਼ ਵਾਲੀ ਦਸਤਾਰ ਰੋਲ ਦਿੱਤੀ ਗਈ ਹੈ, ਜਿਸ ਕਾਰਣ ਕੌਮ ‘‘ਕਾਹਦਾ ਜਿੳੂਣਾ?’’ ਵਾਲੀ ਸੋਚ ਦੇ ਕੇਂਦਰ ਬਿੰਦੂ ਤੇ ਆ ਖੜੀ ਹੋਈ ਹੈ। ਹੋਸ਼ ਤੇ ਰੋਸ ਭਾਰੂ ਹੋ ਗਿਆ ਹੈ, ਜਿਸ ਕਾਰਣ ਕੌਮ ਆਪਣੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਦੇ ਵਕਾਰ ਤੱਕ ਨੂੰ ਭੁੱਲ ਗਈ ਹੈ ਕਿ ਆਉਣ ਵਾਲੇ ਇਤਿਹਾਸ ’ਚ ਇਨਾਂ ਦਾ ਜਦੋਂ ਜ਼ਿਕਰ ਹੋਣਾ ਹੈ ਤਾਂ ਮੁੱਖ ਦੋਸ਼ੀਆਂ ਦੇ ਨਾਲ-ਨਾਲ ਕੌਮ ਨੂੰ ਵੀ ਕਿਤੇ ਨਾ ਕਿਤੇ ਦੋਸ਼ੀਆਂ ਦੀ ਕਤਾਰ ’ਚ ਖੜਨਾ ਪੈਣਾ ਹੈ। ਤਾਂ ਸਾਡਾ ‘‘ਹੋਕਾ’’ ਦੇਣਾ ਬਣਦਾ ਹੈ। ਅੱਜ ਅਸੀਂ ਡੂੰਘੀ ਸੋਚ ਵਿਚਾਰ ਉਪਰੰਤ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦੀ ਰਾਖ਼ੀ ਲਈ ਹੋਕਾ ਦੇਣ ਦੇ ਆਪਣੇ ਫਰਜ਼ ਦੀ ਪੂਰਤੀ ਕਰਨ ਜਾ ਰਹੇ ਹਾਂ। ਸਾਨੂੰ ਇਹ ਵੀ ਪਤਾ ਹੈ ਕਿ ਕੁਝ ਧਿਰਾਂ ਨੂੰ ਸ਼ਾਇਦ ਇਹ ਹੋਕਾ ਚੰਗਾ ਨਹੀਂ ਲੱਗੇਗਾ, ਪ੍ਰੰਤੂ ਅਸੀਂ ਸੱਚੇ ਮਨੋਂ ਆਪਣੇ ਫਰਜ਼ ਦੀ ਪੂਰਤੀ ਕਰਨਾ ਚਾਹੁੰਦੇ ਹਾਂ। ਸੌਦਾ ਸਾਧ ਨੂੰ ਮਾਫ਼ੀ ਦੇਣੀ ਗ਼ਲਤੀ ਨਹੀਂ ਸਗੋਂ ਗੁਨਾਹ ਹੈ। ਪੰਜ ਜਥੇਦਾਰਾਂ ਨੇ ਇਹ ਗੁਨਾਹ ਕੀਤਾ, ਅਸੀਂ ਉਨਾਂ ਨੂੰ ਕੌਮ ਦੇ ਗੁਨਾਹਗਾਰਾਂ ਦੀ ਕਤਾਰ ’ਚ ਖੜਾ ਕੀਤਾ ਅਤੇ ਜਦੋਂ ਤੱਕ ਕੌਮ ਉਨਾਂ ਦੇ ਗੁਨਾਹ ਨੂੰ ਬਖ਼ਸਦੀ ਨਹੀਂ, ਉਹ ਇਸੇ ਕਤਾਰ ’ਚ ਖੜੇ ਰਹਿਣੇ ਚਾਹੀਦੇ ਹਨ। ਪ੍ਰੰਤੂ ਨਾਲ ਦੀ ਨਾਲ ਸਮੁੱਚੀ ਕੌਮ ਇਹ ਵੀ ਜਾਣਦੀ ਹੈ ਅਤੇ ਆਖ਼ਦੀ ਹੈ ਕਿ ਜਥੇਦਾਰ ਸਿਰਫ਼ ਤੇ ਸਿਰਫ਼ ਤਨਖ਼ਾਹਦਾਰ ਮੁਲਾਜ਼ਮ ਹਨ। ਫ਼ਿਰ ਸਾਡਾ ਗੁੱਸਾ ਹੁਕਮ ਵਜਾਉਣ ਵਾਲੇ ਮੁਲਾਜ਼ਮਾਂ ਤੇ ਹੀ ਕਿਉਂ ਕੇਂਦਰਿਤ ਹੋ ਗਿਆ ਹੈ? ਜਦੋਂ ਕਿ ‘ਚੋਰ ਨੂੰ ਨਾ ਮਾਰੋ, ਉਸਦੀ ਮਾਂ ਨੂੰ ਮਾਰੋ’ ਦੀ ਕਹਾਵਤ ਅਸੀਂ ਅਕਸਰ ਦੁਹਰਾਉਂਦੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਲਈ ਗਿਆਨ ਤੇ ਸ਼ਕਤੀ ਦਾ ਸੋਮਾ ਹੈ, ਕੌਮ ਨੂੰ ਸਹੀ ਸੇਧ ਤੇ ਅਗਵਾਈ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋ ਸਕਦੀ ਹੈ। ਪੰਜ ਤਖ਼ਤ ਸਿੱਖੀ ਪ੍ਰਚਾਰ ਤੇ ਪਾਸਾਰ ਲਈ ਅਗਵਾਈ ਦੇਣ ਦੀਆਂ ਸੰਸਥਾਵਾਂ ਹਨ। ਇਸ ਲਈ ਇਨਾਂ ਸੰਸਥਾਵਾਂ ਤੇ ਕੌਮ ਦਾ ਭਰੋਸਾ ਬਣਿਆ ਰਹਿਣਾ ਸਭ ਤੋਂ ਜ਼ਰੂਰੀ ਹੈ। ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਤੋਂ ਰੂਹਾਨੀਅਤ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਨੂੰ ਅਤੇ ਦੁਨਿਆਵੀ ਅਗਵਾਈ ਦੇ ਚਾਨਣ ਮੁਨਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖੋਹਣ ਦਾ ਹਰ ਸਮੇਂ ਹਰ ਜਾਬਰ ਹੀਲਾ ਵਸੀਲਾ ਵਰਤਿਆ ਹੈ ਅਤੇ ਅੱਜ ਵੀ ਵਰਤਿਆ ਜਾ ਰਿਹਾ ਹੈ।

ਕੌਮ ਦੀ ਸ਼ਕਤੀ ਦੇ ਸੋਮੇ ਇਹ ਦੋਵੇਂ ਮਹਾਨ ਪਵਿੱਤਰ ਅਸਥਾਨ ਹਨ ਅਤੇ ਜਦੋਂ ਇਹ ਸੋਮੇ ਸੁੱਕ ਗਏ, ਉਸੇ ਦਿਨ ਕੌਮ ਮੁੱਕ ਜਾਵੇਗੀ? ਸੌਦਾ ਸਾਧ ਵਾਲਾ ਮਾਮਲਾ ਨਾਗਪੁਰੀ ਤਖ਼ਤ ਦੀ ਉਹ ਕੋਝੀ ਸਾਜ਼ਿਸ, ਜਿਹੜੀ ਉਨਾਂ ਦੇ ਮਨਸੂਬੇ ਕਿ ਸਿੱਖ ਤੇ ਸਿੱਖੀ ਦਾ 2070 ਤੱਕ ਖ਼ਾਤਮਾ ਕਰਨਾ ਹੈ, ਉਸ ਲਈ ਘੜੀ ਰਣਨੀਤੀ ਦਾ ਹਿੱਸਾ ਹੈ। ਕੌਮ ਨੂੰ ਉਸਦੇ ਧੁਰੇ ਨਾਲੋਂ ਤੋੜ ਦਿਓ, ਉਸ ਜ਼ਾਲਮ ਸੋਚ ਦਾ ਹਿੱਸਾ ਹੈ। ਕੀ ਕਦੇ ਕਿਸੇ ਸਿੱਖ ਨੇ ਸੁਫ਼ਨੇ ’ਚ ਸੋਚਿਆ ਹੋਵੇਗਾ ਕਿ ਉਹ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਪੁਤਲੇ ਫੂਕਣਗੇ? ਪ੍ਰੰਤੂ ਮਾਮਲਾ ਇਸ ਤੋਂ ਵੀ ਅੱਗੇ ਚਲਾ ਗਿਆ ਹੈ, ਤਖ਼ਤ ਦੇ ਜਥੇਦਾਰ ਤੇ ਜੋਸ਼ ਤੇ ਰੋਸ਼ ਨਾਲ ਭਰੇ ਸਿੱਖ ਹਮਲਾ ਕਰਨ ਲੱਗ ਪਏ ਹਨ। ਅਸੀਂ ਜਥੇਦਾਰ ਨੂੰ ਗੁਨਾਹਗਾਰ ਮੰਨਦੇ ਹਾਂ, ਪ੍ਰੰਤੂ ਉਨਾਂ ਨੂੰ ਸਜ਼ਾ ਦੇਣ ਲਈ ਸਭ ਤੋਂ ਪਹਿਲਾ ‘ਚੋਰ ਦੀ ਮਾਂ ਨੂੰ ਮਾਰਨਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂਸੱਤਾ ਸਥਾਪਿਤ ਕਰਕੇ, ਕੌਮ ਦੇ ਜਥੇਦਾਰ ਦੀ ਪਦਵੀਂ ਤੇ ਮਾਣ-ਸਨਮਾਨ, ਡਰ, ਭਰੋਸਾ ਤੇ ਸਤਿਕਾਰ ਦਾ ਮਲੀਆਮੇਟ ਕਰਨ ਦੀ ਥਾਂ, ਇਸ ਸਾਰੇ ਪੁਆੜੇ ਦੀ ਜੜ੍ਵ ਨਾਗਪੁਰੀ ਤਖ਼ਤ ਅਤੇ ਉਸਦੇ ਕੁਹਾੜੇ ਬਾਦਲਾਂ ਨਾਲ ਹੀ ਹੋਸ਼ ਦੀ ਲੜਾਈ ਲੜਨੀ ਪਵੇਗੀ। ਖਾਲਸਾ ਪੰਥ ਲਈ ਸਾਰਿਆਂ ਦੁੱਖਾਂ ਦਾ ਦਾਰੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਪ੍ਰਭੂ ਸੱਤਾ ਦੀ ਸਥਾਪਨਾ ਹੈ। ਇਸ ਲਈ ਸਾਨੂੰ ਦੁਸ਼ਮਣ ਦੀਆਂ ਚਾਲਾਂ ਤੋਂ ਸੁਚੇਤ ਰਹਿੰਦਿਆਂ ਆਪਣੀਆਂ ਮਹਾਨ, ਸਰਵਉੱਚ ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਬਣਾਈ ਰੱਖਣਾ ਹੋਵੇਗਾ। ਜਥੇਦਾਰਾਂ ਦੇ ਫੈਸਲੇ ਦਾ ਵਿਰੋਧ ਜਾਇਜ਼ ਵੀ ਹੈ ਅਤੇ ਜ਼ਰੂਰੀ ਵੀ ਹੈ ਤਾਂ ਕਿ ਅਜਿਹੀ ਬੱਜ਼ਰ ਗਲਤੀ ਤੇ ਗੁਨਾਹ ਭਵਿੱਖ ’ਚ ਨਾ ਹੋਵੇ। ਪ੍ਰੰਤੂ ਇਹ ਨਾ ਹੋਏ ਕਿ ਅਸੀਂ ਸਜ਼ਾ ਆਪਣੇ ਮਹਾਨ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਨੂੰ ਹੀ ਦੇਈ ਜਾਈਏ ਤਾਂ ਕਿ ਸਿੱਖ ਦੁਸ਼ਮਣ ਤਾਕਤਾਂ ਦੇ ਉਹ ਮਨਸੂਬੇ ਜਿਹੜੇ ਸਿੱਖੀ ਦੀ ਹੋਂਦ ਦੇ ਖ਼ਾਤਮੇ ਲਈ ਘੜੇ ਜਾ ਚੁੱਕੇ ਹਨ, ਉਹ ਅਸੀਂ ਖ਼ੁਦ ਹੀ ਪੂਰੇ ਕਰੀ ਜਾਈਏ। ਸਮਾਂ ਬੇਹੱਦ ਨਾਜ਼ੁਕ ਹੈ, ਭਿਆਨਕ ਹੈ, ਪ੍ਰੰਤੂ ਕੌਮ ਨੂੰ ਆਪਣੇ ਗੁੱਸੇ ਨੂੰ ਸਹੀ ਦਿਸ਼ਾ ਵੱਲ ਮੋੜਣਾ ਪਵੇਗਾ ਤੇ ਸਭ ਤੋਂ ਪਹਿਲਾ ਪੁਆੜੇ ਦੀ ਜੜ ਨੂੰ ਪੁੱਟਣਾ ਪਵੇਗਾ, ਨਹੀਂ ਤਾਂ ਫ਼ਿਰ ਜਦੋਂ ਤੱਕ ਪੁਆੜੇ ਦੀ ਜੜ ਸਲਾਮਤ ਹੈ, ਕੌਮ ਮਾਰੂ ਬਰਿਆਈਆਂ ਨਿੱਤ ਪੈਦਾ ਹੁੰਦੀਆਂ ਰਹਿਣਗੀਆਂ, ਇਸ ਕੌੜੀ ਹਕੀਕਤ ਨੂੰ ਸਾਨੂੰ ਸਮਝਣ ਲੈਣਾ ਚਾਹੀਦਾ ਹੈ।

International