ਜੱਥੇਦਾਰ ਗਿਆਨੀ ਮੱਲ ਸਿੰਘ ’ਤੇ ਹੋਇਆ ਜਾਨਲੇਵਾ ਹਮਲਾ

ਨਿਹੰਗ ਬਾਣੇ ਵਾਲੇ ਨੌਜਵਾਨ ਨੇ ਕਿਰਚ ਨਾਲ ਕੀਤਾ ਹਮਲਾ
ਜਥੇਦਾਰ ਨੇ ਹਮਲਾਵਰ ਨੂੰ ਕੀਤਾ ਮੁਆਫ਼

ਸ੍ਰੀ ਅਨੰਦਪੁਰ ਸਾਹਿਬ , 6 ਅਕਤੂਬਰ (ਦਵਿੰਦਰਪਾਲ ਸਿੰਘ): ਸੋਦਾ ਸਾਧ ਨੂੰ ਦਿੱਤੀ ਗਈ ਮੁਆਫੀ ਤੋਂ ਬਾਅਦ ਜੱਥੇਦਾਰਾਂ ਅਤੇ ਸਿਖ ਪੰਥ ਵਿਚਾਲੇ ਚੱਲ ਰਹੇ ਵਿਵਾਦਾਂ ਕਾਰਨ ਬੀਤੇ ਦਿਨੀਂ ਤਖਤਾਂ ਦੇ ਜੱਥੇਦਾਰਾਂ ਨੂੰ ਦਿੱਤੀ ਗਈ ਖਾਖੀਆਂ ਦੀ ਸਖਤ ਸੁਰੱਖਿਆ ਦੇ ਬਾਵਜੂਦ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ਤੇ ਅੱਜ ਨਿਹੰਗ ਬਾਣਾ ਪਹਿਨੇ ਇੱਕ 24-25 ਸਾਲਾ ਨੋਜਵਾਨ ਵੱਲੋਂ ਕਿਰਚਨੁਮਾ ਚੀਜ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਅਚਾਨਕ ਹੋਏ ਇਸ ਹਮਲੇ ਵਿੱਚ ਜਿੱਥੇ ਗਿਆਨੀ ਮੱਲ ਸਿੰਘ ਬਾਲ ਬਾਲ ਬਚ ਗਏ , ਉੱਥੇ ਹੀ ਹਮਲਾ ਕਰਨ ਵਾਲੇ ਉਕਤ ਵਿਅਕਤੀ ਨੂੰ ਜੱਥੇਦਾਰ ਮੱਲ ਸਿੰਘ ਦੇ ਸੁਰੱਖਿਆਂ ਕਰਮੀਆਂ ਅਤੇ ਮੁਲਾਜ਼ਮਾਂ ਵੱਲੋਂ ਮੋਕੇ ਤੇ ਹੀ ਕਾਬੂ ਕਰਕੇ ਚੰਗੀ ਤਰਾਂ ਧੁਨਾਈ ਵੀ ਕੀਤੀ ਗਈ । ਮੌਕੇ ਤੇ ਪੁੱਜੇ ਪੱਤਰਕਾਰਾਂ ਨੂੰ ਗਿਆਨੀ ਮੱਲ ਸਿੰਘ ਨੇ ਇਸ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹ ਤਖਤ ਸਾਹਿਬ ਦੇ ਨਵ ਨਿਯੁਕਤ ਮੈਨੇਜਰ ਰੇਸ਼ਮ ਸਿੰਘ ਨੂੰ ਉਨਾਂ ਦੇ ਦਫਤਰ ਵਿਖੇ ਮਿਲਕੇ ਵਾਪਿਸ ਆਪਣੇ ਦਫਤਰ ਵਿਖੇ ਆ ਰਹੇ ਸਨ ਕਿ ਨਿਹੰਗ ਬਾਣਾ ਪਾਈ ਉਕਤ ਹਮਲਾਵਰ ਨੋਜਵਾਨ ਨੇ ਉਨਾਂ ਦੇ ਕੋਲ ਆ ਕੇ ਉਨਾਂ ਨੂੰ ਫਤਹਿ ਬੁਲਾਈ । ਉਨਾਂ ਅੱਗੇ ਦੱਸਿਆਂ ਕਿ ਉਨਾਂ ਉਕਤ ਹਮਲਾਵਰ ਨੋਜਵਾਨ ਦੀ ਫਤਹਿ ਦਾ ਅਜੇ ਜੁਆਬ ਦਿੱਤਾ ਹੀ ਸੀ ਕਿ ਉਸਨੇ ਪਲਕ ਝਪਕਦੇ ਹੀ ਆਪਣੇ ਕੋਲ ਫੜੀ ਕਿਰਚ ਨੁਮਾ ਤਿੱਖੀ ਚੀਜ ਨਾਲ ਉਨਾਂ ਤੇ ਹਮਲਾ ਕਰ ਦਿੱਤਾ , ਜੋ ਉਨਾਂ ਦੇ ਸੱਜੇ ਪੱਟ ਵਿੱਚ ਜਾ ਵੱਜੀ। ਹਮਲਾਵਰ ਨੋਜਵਾਨ ਦੀ ਭੁਗਤ ਸੰਵਾਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੁਲਾਜਮ ਉਸਨੂੰ ਸ਼੍ਰੋਮਣੀ ਕਮੇਟੀ ਦੀ ਇਨੋਵਾ ਗੱਡੀ ਜਿਸਦਾ ਨੰਬਰ ਪੀ.ਬੀ.12-0555 ਹੈ ਵਿੱਚ ਪਾਕੇ ਕਿਸੇ ਅਣਦੱਸੀ ਥਾਂ ਤੇ ਛੱਡ ਆਏ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਹਮਲਾਵਰ ਨੋਜਵਾਨ ਦਾ ਨਾਮ ਜੋਗਾ ਸਿੰਘ (ਉਮਰ 24-25 ਸਾਲ) ਪੁੱਤਰ ਗੁਰਪਾਲ ਸਿੰਘ ਪਿੰਡ ਮੋਹਲਕੇ ਜਿਲਾਂ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ ਅਤੇ ਉਹ ਕੀਰਤਪੁਰ ਸਾਹਿਬ ਸਥਿਤ ਸ਼੍ਰੋਮਣੀ ਕਮੇਟੀ ਦੇ ਅਧੀਨ ਇਤਿਹਾਸਿਕ ਗੁ: ਬਾਬਾ ਗੁਰਦਿੱਤਾ ਜੀ ਵਿਖੇ ਆਰਜੀ ਪਾਠੀ ਵੱਜੋਂ ਨੋਕਰੀ ਕਰਦਾ ਹੈ । ਜਦੋਂ ਇਸ ਮਸਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਕੋਈ ਵੀ ਪੁਲਿਸ ਅਧਿਕਾਰੀ ਆਪਣਾ ਮੂੰਹ ਖੋਲਣ ਲਈ ਤਿਆਰ ਨਾਂ ਹੋਇਆ, ਉਹਨਾਂ ਕਿਹਾ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ। ਇੱਥੇ ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਦੇ ਫੈਂਸਲੇ ਤੋਂ ਬਾਅਦ ਜੱਥੇਦਾਰਾਂ ਦੀ ਸਿਖ ਜੱਥੇਬੰਦੀਆਂ ਵਲੋਂ ਵਿਆਪਕ ਨਿੰਦਾ ਹੋ ਰਹੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦਾ ਇਹ ਹਮਲਾ ਵੀ ਇਸੇ ਕਾਰਨ ਕੀਤਾ ਗਿਆ ਹੋ ਸਕਦਾ ਹੈ।

ਕਾਤਲਾਨਾ ਹਮਲਾ ਮੰਦਭਾਗਾ : ਜਥੇਦਾਰ 

ਅੰਮਿ੍ਰਤਸਰ 6 ਅਕਤੂਬਰ (ਨਰਿੰਦਰ ਪਾਲ ਸਿੰਘ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਪਰ ਹੋਏ ਕਾਤਲਾਨਾ ਹਮਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ ।ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ‘ਸਿੱਖ ਪੰਥ ਵਰਗੀ ਸਭਿਅਕ ਕੌਮ ਵਿਚ ਅਜਿਹਾ ਵਰਤਾਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੀ ਘਟਨਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਅਜੋਕੇ ਦੌਰ ਵਿਚ ਅਜਿਹੀਆਂ ਘਟਨਾਵਾਂ ਕੌਮ ਲਈ ਸ਼ਰਮਿੰਦਗੀ ਦਾ ਕਾਰਨ ਬਣਨਗੀਆਂ। ਜਿਸ ਬਾਰੇ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਜਰੂਰਤ ਹੈ‘।ਗਿਆਨੀ ਗੁਰਬਚਨ ਸਿੰਘ ਨੇ ਦੁਹਰਾਇਆ ਹੈ ਕਿ ਪੰਜ ਸਿੰਘ ਸਾਹਿਬਾਨ ਨੇ ਡੇਰਾ ਸਿਰਸਾ ਸਬੰਧੀ ਜੋ ਫੈਸਲਾ ਦਿੱਤਾ ਸੀ ਉਹ ਕੌਮ ਦੀ ਏਕਤਾ, ਸਦਭਾਵਨਾਂ ਅਤੇ ਆਪਸੀ ਪਿਆਰ ਦੀ ਭਾਵਨਾਂ ਨੂੰ ਸਨਮੁੱਖ ਰੱਖ ਕੇ ਲਿਆ ਗਿਆ ਸੀ। ਇਸ ਫੈਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਇਸ ਫੈਸਲੇ ਸਬੰਧੀ ਕੋਈ ਵੀ ਵਿਅਕਤੀ ਆਪਣੇ ਵਿਚਾਰ ਜਾਂ ਰਾਇ ਇਸ ਕਮੇਟੀ ਨੂੰ ਲਿਖਤੀ ਦੇ ਸਕਦਾ ਹੈ। ਜਿਸ ਉਪਰ ਵਿਚਾਰ ਕੀਤੀ ਜਾ ਸਕਦੀ ਹੈ। ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਅਸੱਭਿਅਕ ਵਰਤਾਰੇ ਕੌਮ ਲਈ ਨੁਕਸਾਨਦੇਹ ਹੀ ਸਾਬਤ ਹੋਣਗੇ। ਸਾਨੂੰ ਆਪਸੀ ਭਰਮ-ਭੁਲੇਖੇ ਮਿਲ ਬੈਠ ਕੇ ਹੀ ਦੂਰ ਕਰਨੇ ਚਾਹੀਦੇ ਹਨ‘।

ਹਮਲਾ ਅਤਿ ਨਿੰਦਣਯੋਗ : ਮੱਕੜ

ਅੰਮਿ੍ਰਤਸਰ 6 ਅਕਤੂਬਰ (ਨਰਿੰਦਰ ਪਾਲ ਸਿੰਘ) ਸ਼੍ਰੋਮਣੀ ਕਮੇਟੀ ਪ੍ਰਧਾਨ   ਸ੍ਰ  ਅਵਤਾਰ ਸਿੰਘ ਮੱਕੜ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਉਪਰ ਉਨਾਂ ਦੀ ਰਿਹਾਇਸ਼ ਕੋਲ ਇਕ ਵਿਅਕਤੀ ਵੱਲੋਂ ਹਮਲਾ ਕਰਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਜਾਰੀ ਪ੍ਰੈੱਸ ਬਿਆਨ ‘ਚ ਉਨਾਂ ਕਿਹਾ ਹੈ ਕਿ ਤਖ਼ਤ ਦੇ ਜਥੇਦਾਰ ਦਾ ਅਹੁਦਾ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਹੈ।ਸਿੰਘ ਸਾਹਿਬਾਨ ਵੱਲੋਂ ਕੌਮ ਦੇ ਵਡੇਰੇ ਹਿੱਤਾਂ ਨੰੂ ਮੁੱਖ ਰੱਖਦਿਆਂ ਹੀ ਫੈਸਲੇ ਕੀਤੇ ਜਾਂਦੇ ਹਨ, ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਡੇਰਾ ਸਿਰਸਾ ਮੁਖੀ ਦੀ ਮੁਆਫੀ ਨੰੂ ਆਧਾਰ ਬਣਾ ਕੇ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਅਖ਼ਬਾਰਾਂ ਰਾਹੀਂ ਕੌਮ ‘ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਨਾਲ ਅਤਿ ਸਤਿਕਾਰਤ ਸਖਸ਼ੀਅਤਾਂ ਪ੍ਰਤੀ ਘਟੀਆ ਦਰਜੇ ਦੀ ਸ਼ਬਦਾਵਲੀ ਦੀ ਵਰਤੋਂ ਹੋ ਰਹੀ ਹੈ ਜੋ ਕੌਮ ਲਈ ਘਾਤਕ ਹੈ।ਉਨਾਂ ਕਿਹਾ ਕਿ ਬੇਸ਼ਕ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਉਪਰ ਹਮਲਾ ਕਰਨ ਵਾਲੇ ਨੰੂ ਮੌਕੇ ‘ਤੇ ਹੀ ਸੁਰੱਖਿਆ ਲਈ ਤਾਇਨਾਤ ਸਟਾਫ ਨੇ ਫੜ ਲਿਆ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਪਰ ਇਸ ਸਾਜਿਸ਼ ਪਿੱਛੇ ਕੌਣ ਜ਼ਿੰਮੇਵਾਰ ਹੈ ਇਸ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਤੇ ਹਮਲਾ ਕਰਨ ਵਾਲੇ ‘ਤੇ ਸਖ਼ਤ ਕਾਨੰੂਨੀ ਕਾਰਵਾਈ ਹੋਣੀ ਚਾਹੀਦੀ ਹੈ।

ਜੇਹਾ ਬੀਜੈ ਸੁ ਲੁਣੈ ਕਰਮਾ ਸੰਦੜਾ ਖੇਤੁ ॥

ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਅਕਤੂਬਰ(ਮੇਜਰ ਸਿੰਘ) ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅੱਜ ਮੀਡੀਆ ਨਾਲ ਗੱਲ ਕਰਦਿਆਂ  ਗੁਰਬਾਣੀ ਵਿਚ ਦਰਜ ਤੁੱਕ ‘‘ ਜੇਹਾ ਬੀਜੈ ਸੁ ਲੁਣੈ ਕਰਮਾ ਸੰਦੜਾ ਖੇਤੁ ॥’’ ਅਨੁਸਾਰ ਕਿਹਾ ਕਿ ਇਹ ਲਾਲਚ ਵਸ ਹੋ ਕੇ ਗੰ੍ਰਥੀ ਵਾਰ ਵਾਰ ਬਾਦਲ ਦੇ ਸਿਆਸੀ ਜਾਲ ਵਿਚ ਫਸਦੇ ਹਨ । ਇਨਾਂ ਨੂੰ ਆਪਣੀ ਕਰਮ ਕਰਤੂਤ ਕਰਕੇ ਅਜਿਹੀਆਂ ਸਥਿਤੀਆਂ ਦਾ ਸਾਹਮਣਾਂ ਕਰਨਾ ਹੀ ਪੈਣਾ ਹੈ। ਉਨਾਂ ਕਿਹਾ ਕਿ  ਇਹ ਗ੍ਰੰਥੀ ਚੰਗੀ ਤਰਾਂ ਜਾਣਦੇ ਹਨ ਕਿ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਸੰਨ 1999 ਤੋਂ ਪਵਿਤੱਰ  ਸ਼੍ਰੀ ਅਕਾਲ ਤਖ਼ਤ  ਸਾਹਿਬ ਦਾ ਲਗਾਤਾਰ ਅਪਮਾਨ ਅਤੇ ਦੁਰਉਪਯੋਗ ਕਰਦਾ ਆ ਰਿਹਾ ਹੈ । ਜੋ ਇਨ੍ਾਂ ਗੰ੍ਰਥੀਆਂ ਨੂੰ ਇਕ ਤੋਂ ਬਾਅਦ ਇਕ ਕਰਕੇ ਆਪਣ ਪੈਰ ਦੀ ਜੁੱਤੀ ਦੀ ਤਰਾਂ ਬਦਲਦਾ ਆ ਰਿਹਾ ਹੈ , ਪਰ ਇਹ ਗ੍ਰੰਥੀ ਲਾਲਚ ਵਸ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਹਿੱਤਾਂ ਦੀ ਪੁਰਤੀ ਲਈ ਤਾਲ ਪੁਰਦੇ ਆ ਰਹੇ ਹਨ। ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇਨਾਂ ਗ੍ਰੰਥੀਆਂ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਪਿਛਲੇ 15 ਸਾਲ ਤੋਂ ਇਨਾਂ ਦੀਆਂ  ਕਰਮ ਕਰਤੂਤਾਂ ਨੂੰ  ਸਮੁੱਚਾ ਪੰਥ ਆਪਣੀ ਖੁੱਲੀ ਅੱਖ ਨਾਲ ਵੇਖਦਾ ਆ ਰਿਹਾ ਹੈ।  ਉਨਾਂ ਕਿਹਾ ਕਿ ਹੁਣ ਸੰਤ ਅਰੂੜ ਸਿੰਘ ਦੇ ਪੈਰੋਕਾਰਾਂ ਦੀ ਚਲਣੀ ਨਹੀਂ। ਹੁਣ ਸਿੱਖ ਕੌਮ ਨੇ ਆਪਣੇ ਗੁਰੂ ਸਾਹਿਬਾਨ ਵਲੋਂ ਅਣਗਿਣਤ ਕੁਰਬਾਨੀਆਂ ਕਰਕੇ ਸਥਾਪਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ,ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਵਿਖ ਵਿਚ ਬਾਦਲ ਦੀ ਜੁੱਤੀ ਬਣਕੇ ਉਹਦੇ ਪੈਰਾਂ ਵਿਚ ਪੈਣ ਵਾਲੇ ਗ੍ਰੰਥੀਆਂ ਨੂੰ ਮੈਂ ਸਲਾਹ ਦੇਵਾਂਗਾ ਕਿ ਉਹ ਮੱਲ ਸਿੰਘ ’ਤੇ ਹੋਏ ਹਮਲੇ ਤੋਂ ਸਬਕ ਸਿੱਖਣ ਤੇ ਅਗੇ ਤੋਂ ਗੁਰੂ ਤੇ ਭਰੋਸਾ ਰੱਖ ਕੇ ਸੰਤੋਖ ਰਖੱਣ। ਉੁਨਾਂ ਇਹ ਵੀ ਕਿਹਾ ਕਿ ਬਾਦਲ ਦੇ ਕਰਿੰਦੇ ਬਣਕੇ ਇਹ ਗ੍ਰੰਥੀ ਪਾਵਨ ਸ਼੍ਰੀ ਅਕਾਲ ਤਖ਼ਤ ਸਾਹਿਬ , ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਕਲੰਕ ਬਣ ਕੇ ਨਾ ਲਗਣ ਅਤੇ ਕੌਮੀ ਹਿੱਤਾਂ ਨਾਲ ਖਿਲਵਾੜ ਨਾ ਕਰਨ।

International