ਅੱਜ ਦਾ ਸੁਨੇਹਾ...?

ਜਿਸ ਕੌਮ ’ਚ ਦਾਖ਼ਲਾ ਸੀਸ ਦੀ ਭੇਂਟ ਨਾਲ ਮਿਲਦਾ ਹੋਵੇ, ਫਿਰ ਉਸ ਕੌਮ ’ਚ ਮੌਤ ਨਾਲ ਮਖੌਲ ਕਰਨ ਦਾ ਮਾਦਾ, ਕੁਰਬਾਨੀ ਲਈ ਜਜ਼ਬਾ, ਅਣਖ਼, ਗੈਰਤ ਤੇ ਵੈਰੀ ਨੂੰ ਵੰਗਾਰਨ ਦਾ ਜੋਸ਼, ਵਿਰਾਸਤੀ ਗੁਣ ਬਣ ਜਾਂਦਾ ਹੈ। ਅੱਜ ਦਾ ਦਿਨ ਕੌਮ ’ਚ ਅਜਿਹੀ ਨਿੱਡਰਤਾ, ਬਹਾਦਰੀ ਦਾ ਪ੍ਰਤੀਕ ਹੈ। ਪੰਜ ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਵੱਡੇ ਘੱਲੂਘਾਰੇ ’ਚ ਇੱਕੋ ਦਿਨ 30 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਕੇ, ਇਹ ਮੰਨ ਲਿਆ ਸੀ ਕਿ ਉਸਨੇ ਸਿੱਖਾਂ ਦਾ ਬੀਜ ਨਾਸ ਕਰ ਦਿੱਤਾ ਹੈ, ਹੁਣ ਕੋਈ ਸਿੱਖ ਪੰਜਾਬ ਦੀ ਧਰਤੀ ਤੇ ਵਿਖਾਈ ਨਹੀਂ ਦੇਵੇਗਾ। ਪ੍ਰੰਤੂ ਸਿਰਫ਼ ਤਿੰਨ ਮਹੀਨੇ ਬਾਅਦ ਸਿੱਖਾਂ ਨੇ ਨਵਾਬ, ਜੈਨ ਖਾਨ ਨੂੰ ਹਰਾ ਕੇ ਸਰਹਿੰਦ ਤੇ ਦੁਬਾਰਾ ਕਬਜ਼ਾ ਕਰ ਲਿਆ ਸੀ, ਪਰ ਲਾਹੌਰ ਬੈਠਾ ਅਬਦਾਲੀ ਮੂੰਹ ਵੇਖਦਾ ਰਹਿ ਗਿਆ ਸੀ। ਵੱਡੇ ਘੱਲੂਘਾਰੇ ਦਾ ਬਦਲਾ ਲੈਣ ਲਈ ਸਿੱਖ ਦੇ ਮਨਾਂ ’ਚ ਡਾਢੀ ਤੜਫ਼ ਸੀ। ਜਿਸ ਕਾਰਣ ਅਬਦਾਲੀ ਦਾ ਖੌਫ਼, ਕਿਸੇ ਸਿੱਖ ਦੇ ਮਨਮਸਤਕ ਤੇ ਰੰਚਕ ਮਾਤਰ ਵੀ ਨਹੀਂ ਸੀ। ਵੱਡੇ ਘੱਲੂਘਾਰੇ ਤੋਂ ਠੀਕ 10 ਮਹੀਨੇ ਬਾਅਦ ਸਿੱਖਾਂ ਨੇ ਸ੍ਰੀ ਅੰਮਿ੍ਰਤਸਰ ਸਰਬੱਤ ਖਾਲਸਾ ਸੱਦਿਆ, 60 ਹਜ਼ਾਰ ਸਿੱਖ ਉਸ ਸਰਬੱਤ ਖਾਲਸੇ ’ਚ ਸ਼ਾਮਲ ਹੋਏ ਤੇ ਅਬਦਾਲੀ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਢਹਿ-ਢੇਰੀ ਕਰਕੇ, ਕੌਮ ਦੀ ਕੀਤੀ ਨਿਰਾਦਰੀ ਦਾ ਬਦਲਾ ਲੈਣ ਦਾ ਫੈਸਲਾ ਕੀਤਾ। ਸਿੱਖਾਂ ਨੇ ਅਬਦਾਲੀ ਨੂੰ ਸਿੱਧੀ-ਸਿੱਧੀ ਚੁਣੌਤੀ ਦਿੱਤੀ, ਜਿਸ ਕਾਰਣ ਮਜ਼ਬੂਰਨ ਅਬਦਾਲੀ ਨੂੰ ਸਿੱਖਾਂ ਨਾਲ ਦੋ-ਦੋ ਹੱਥ ਕਰਨ ਲਈ ਅੰਮਿ੍ਰਤਸਰ ਵੱਲ ਕੂਚ ਕਰਨਾ ਪਿਆ ਅਤੇ ਅੱਜ ਦੇ ਦਿਨ 17 ਅਕਤੂਬਰ 1762 ਨੂੰ ਸਿੱਖਾਂ ਦੀ ਅਬਦਾਲੀ ਨਾਲ ਟੱਕਰ ਹੋਈ। ਜਿਨਾਂ ਸਿੱਖਾਂ ਦਾ ਅਬਦਾਲੀ ਖੁਰਾ ਖੋਜ ਮਿਟਾ ਦੇਣ ਦਾ ਸਿਰਫ਼ 10 ਮਹੀਨੇ ਪਹਿਲਾ ਐਲਾਨ ਕਰ ਚੁੱਕਾ ਸੀ, ਉਨਾਂ ਸਿੱਖਾਂ ਨੇ ਅਬਦਾਲੀ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਸਨੂੰ ਰਾਤੋ-ਰਾਤ ਮੈਦਾਨ ਛੱਡ ਕੇ ਭੱਜਣਾ ਪਿਆ। ਇਸ ਲਈ ਅੱਜ ਦਾ ਦਿਨ ਸਿੱਖ ਕੌਮ ਨੂੰ, ਸਿੱਖਾਂ ਨੂੰ ਮਿਲੀ ਬਹਾਦਰੀ, ਕੁਰਬਾਨੀ, ਆਡੋਲਤਾ, ਤੇ ਮਰ ਮਿਟਣ ਦੇ ਜਜ਼ਬੇ ਦੀ ਵਿਰਾਸਤ ਨੂੰ ਯਾਦ ਕਰਵਾਉਂਦਾ ਹੈ। ਭਾਵੇਂ ਕਿ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਵੀ ਸਿੱਖਾਂ ਨੇ ਦਰਬਾਰ ਸਾਹਿਬ ਦੇ ਹਮਲਾਵਾਰਾਂ ਨੂੰ ਸਜ਼ਾ ਦੇ ਕੇ ਉਸ ਵਿਰਾਸਤੀ ਗੁਣ ਦੀ ਲਾਜ ਰੱਖ ਕੇ ਵਿਖਾਈ ਸੀ। ਪ੍ਰੰਤੂ ਅੱਜ ਜਦੋਂ ਕੌਮ ਚੋਂ ਖ਼ਤਮ ਹੋ ਰਹੇ ਵਿਰਾਸਤੀ ਗੁਣਾਂ ਕਾਰਣ ਸਿੱਖੀ ਦੀ ਆਨ-ਸ਼ਾਨ ਨੂੰ ਗ੍ਰਹਿਣ ਲੱਗਦਾ ਵਿਖਾਈ ਦੇ ਰਿਹਾ ਹੈ ਤਾਂ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਅਗਵਾਈ ਲੈਣ ਦੀ ਡਾਢੀ ਲੋੜ ਹੈ।

ਅੱਜ ਤੱਕ ਕੌਮ ਕਿਸੇ ਜ਼ਾਲਮ ਜਾਬਰ ਅੱਗੇ ਝੁੱਕੀ ਨਹੀਂ। ਸੱਚ ਦੀ ਰਾਖ਼ੀ ਲਈ ਉਸਨੇ ਹਰ ਕੀਮਤ ਤਾਰ ਕੇ ਡੱਟਵੀਂ ਪਹਿਰੇਦਾਰੀ ਕੀਤੀ ਹੈ। ਪ੍ਰੰਤੂ ਅੱਜ ਕਿਉਂਕਿ ਕੌਮ ’ਚੋਂ ਵਿਰਾਸਤੀ ਗੁਣ ਕਿਰ ਰਹੇ ਹਨ, ਇਸ ਕਾਰਣ ਨਿੱਕੇ-ਨਿੱਕੇ ਸੁਆਰਥਾਂ ਲਈ ਜ਼ਮੀਰ ਗਹਿਣੇ ਧਰੀ ਜਾ ਰਹੀ ਹੈ। ਮੋਦੀ, ਗੁਜਰਾਤ ’ਚ ਸਿੱਖਾਂ ਦਾ ਉਜਾੜਾ ਕਰ ਰਿਹਾ ਹੈ, ਸਿੱਖਾਂ ਤੇ ਫਿਰਕੂ ਨਫ਼ਰਤ ’ਚ ਰੰਗੇ, ਹਮਲੇ ਕੀਤੇ ਜਾ ਰਹੇ ਹਨ, ਅਸੀਂ ਮੋਦੀ ਦੇ ਗੁਣ-ਗੁਣ ਕਰ ਰਹੇ ਹਾਂ ਅਤੇ ਪੰਜਾਬ ’ਚ ਉਸਦਾ ‘ਰੈਲਾ’ ਕਰਵਾਉਣ ਲਈ ਪੱਬਾਂ ਭਾਰ ਹਾਂ। ਕਾਂਗਰਸ, ਸਿੱਖ ਕਤਲੇਆਮ ਤੇ ਸਾਕਾ ਦਰਬਾਰ ਸਾਹਿਬ ਦੀ ਦੋਸ਼ੀ ਹੈ। ਸਿੱਖਾਂ ਨੂੰ ਇਨਸਾਫ਼ ਨਾਂਹ ਦੇਣ ਦੀ ਗੁਨਾਹਗਾਰ ਹੈ, ਅਸੀਂ ਫਿਰ ਵੀ ਉਸਦੀ ਝੋਲੀ ਬੈਠੇ ਹਾਂ। ਮੀਰੀ-ਪੀਰੀ ਦੇ ਮਾਲਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ, ਸਿੱਖਾਂ ਨੂੰ ਅਜ਼ਾਦ ਪ੍ਰਭੂ ਸੱਤਾ ਦੇ ਮਾਲਕ ਬਣਾਇਆ ਸੀ, ਪ੍ਰੰਤੂ ਅਜ਼ਾਦੀ ਤਾਂ ਕੀ ਅਸੀਂ ਆਪਣੀ ਜ਼ਮੀਰ ਨੂੰ ਗੈਰਾਂ ਦਾ ਗੁਲਾਮ ਬਣਾ ਦਿੱਤਾ। ਜਿਸ ਅਬਦਾਲੀ ਤੋਂ ਸਮੁੱਚਾ ਦੇਸ਼ ਥਰ-ਥਰ ਕੰਬਦਾ ਸੀ, ਉਸ ਅਬਦਾਲੀ ਦਾ ਸਿੱਖਾਂ ਨੇ ਹਮੇਸ਼ਾ ਰਾਹ ਰੋਕਿਆ, ਜਿਸ ਕਾਰਣ ‘ਵੱਡਾ ਘੱਲੂਘਾਰਾ’ ਤੱਕ ਵਾਪਰਿਆ ਤੇ ਦਰਬਾਰ ਸਾਹਿਬ ਦੋ ਵਾਰ ਢਹਿ-ਢੇਰੀ ਕੀਤਾ ਗਿਆ। ਇਸਦੇ ਬਾਵਜੂਦ ਆਪਣੇ ਵਿਰਾਸਤੀ ਗੁਣਾਂ ਸਦਕੇ ਸਿੱਖਾਂ ਨੇ ਅੱਜ ਦੇ ਦਿਨ ਅਬਦਾਲੀ ਨੂੰ ਭੱਜਣ ਲਈ ਮਜ਼ਬੂੂਰ ਕਰ ਦਿੱਤਾ ਸੀ। ਸਾਨੂੰ ਅੱਜ ਇਹ ਵੀ ਸੋਚਣਾ ਪਵੇਗਾ ਕਿ ਆਖ਼ਰ ਉਸ ਸਮੇਂ ਸਿੱਖਾਂ ਪਾਸ ਕਿਹੜੀ ਸ਼ਕਤੀ ਸੀ, ਜਿਸਦੇ ਸਹਾਰੇ ਉਹ ਵੱਡੀ ਤੋਂ ਵੱਡੀ ਮਾਰ ਖਾ ਕੇ, ਝੱਟ ਉਠ ਖੜਦੇ ਸਨ, ਡੱਟ ਜਾਂਦੇ ਸਨ। ਉਹ ਸ਼ਕਤੀ ‘‘ਗੁਰੂ ਦੀ ਪ੍ਰਤੀਤ’’ ਦੀ ਸ਼ਕਤੀ ਸੀ। ਅੱਜ ਜਦੋਂ ਅਸੀਂ ਬਿਪਰਨ ਦੀ ਰੀਤ ਤੁਰ ਕੇ, ਗੁਰੂ ਦੀ ਪ੍ਰਤੀਤ ਗੁਆ ਲਈ ਹੈ, ਫਿਰ ਅਸੀਂ ਸ਼ੇਰ ਨਹੀਂ ਰਹਿ ਗਏ ਅਤੇ ਗਿੱਦੜ ਦੇ ਗੁਣਾਂ ਵਾਲੇ ਬਣ ਜਾਂਦੇ ਹਾਂ। ਇਹੋ ਕਾਰਣ ਹੈ ਕਿ ਅੱਜ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਸਿੱਖੀ ਤੇ ਚਹੁੰ ਤਰਫ਼ੋਂ ਹਮਲੇ ਨਿਰੰਤਰ ਹੋ ਰਹੇ ਹਨ ਅਤੇ ਅਸੀਂ ਸਿਰ ਨੀਵਾਂ ਕਰਨ ਤੋਂ ਇਲਾਵਾ ਹੋਰ ਕੁਝ ਕਰਨ ਯੋਗੇ ਹੀ ਨਹੀਂ ਰਹੇ। ਉਤਰਾਅ-ਚੜਾਅ ਕੌਮਾਂ ’ਚ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਲਈ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਤੋਂ ਆਪਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ’ਚ ਤੁਰਨ ਦਾ ਯਤਨ ਕਰੀਏ ਤਾਂ ਕਿ ਜਿਹੜੇ ਤਿੱਤਰ ਅੱਜ ਉਡਾਰੀਆਂ ਮਾਰਦੇ ਫ਼ਿਰਦੇ ਹਨ, ਉਨਾਂ ਨੂੰ ਗੁਰੂ ਦੇ ਬਾਜ਼ ਦੀ ਸ਼ਕਤੀ ਦਾ ਅਹਿਸਾਸ ਹੋ ਸਕੇ।

International