ਆਸਟ੍ਰੇਲੀਆ ਨੇ ਪੜਨ ਆਉਣ ਵਾਲੇ ਵਿਦੇਸ਼ੀਆਂ ਲਈ ਕਾਨੂੰਨ ਕੀਤਾ ਸਖ਼ਤ

ਮੈਲਬੌਰਨ 16 ਜਨਵਰੀ (ਏਜੰਸੀਆਂ) : ਆਸਟਰੇਲੀਆਈ ਇਮੀਗ੍ਰੇਸ਼ਨ ਵਿਭਾਗ ਵਲੋਂ ਪ੍ਰਵਾਸੀ ਵਿਦਿਆਰਥੀਆਂ ‘ਤੇ ਸਖ਼ਤੀ ਵਰਤਦਿਆਂ ਵੱਡੀ ਗਿਣਤੀ ‘ਚ ਵੀਜ਼ੇ ਰੱਦ ਕੀਤੇ ਜਾ ਰਹੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਲਬੌਰਨ ਦੇ ਪ੍ਰਸਿੱਧ ਮਾਈਗ੍ਰੇਸ਼ਨ ਮਾਹਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀ ਮਹਿੰਗੀਆਂ ਯੂਨੀਵਰਿਸਟੀਆਂ ਅਤੇ ਕਾਲਜਾਂ ‘ਚ ਦਾਖਲਾ ਲੈ ਕੇ ਆਸਟਰੇਲੀਆ ਪੜਣ ਆਉਂਦੇ ਹਨ ਤੇ ਆਵਾਸ ਮੰਤਰਾਲੇ ਦੀਆਂ ਸ਼ਰਤਾਂ ਅਨੁਸਾਰ ਉਨਾਂ ਨੂੰ ਮੁੱਢਲੇ ਕੋਰਸ ‘ਚ ਹੀ ਪੜਾਈ ਮੁਕੰਮਲ ਕਰਨ ਦੀ ਇਜ਼ਾਜ਼ਤ ਹੈ ਪਰ ਵਿਦਿਆਰਥੀਆਂ ਵਲੋਂ ਆਸਟਰੇਲੀਆ ‘ਚ ਆ ਕੇ ਪੜਾਈ, ਕੋਰਸਾਂ ਅਤੇ ਕਾਲਜਾਂ ਨੂੰ ਮਨਮਰਜ਼ੀ ਅਨੁਸਾਰ ਬਦਲਿਆ ਜਾ ਰਿਹਾ ਹੈ, ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਵਲੋਂ ਸਬੰਧਿਤ ਵਿਦਿਆਰਥੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਭਾਰਤੀ ਏਜੰਟਾਂ ਦੇ ਗੁੰਮਰਾਹਕੁੰਨ ਦਿਸ਼ਾ-ਨਿਰਦੇਸ਼ਾਂ ਦੇ ਚਲਦਿਆਂ, ਫੀਸਾਂ ਪੂਰੀਆਂ ਨਾ ਹੋਣ ਦੀ ਮਜ਼ਬੂਰੀ ਅਤੇ ਆਸਟਰੇਲੀਆ ‘ਚ ਡਾਲਰ ਕਮਾਉਣ ਦੀ ਲਾਲਸਾ ‘ਚ ਵਿਦਿਆਰਥੀਆਂ ਵਲੋਂ ਪੜਾਈ ਪ੍ਰਤੀ ਅਣਗਹਿਲੀ ਵਰਤੀ ਜਾ ਰਹੀ ਹੈ, ਜਿਸ ਕਰਕੇ ਉਨਾਂ ਦੇ ਭਵਿੱਖ ‘ਤੇ ਮਾਰੂ ਅਸਰ ਪੈ ਰਿਹਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਆਸਟਰੇਲੀਆ ਆਉਣ ਵਾਲੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਚੰਗੇ ਵਿਦਿਅਕ ਮਾਹਰਾਂ ਦੀ ਸਲਾਹ ਨਾਲ ਵਧੀਆ ਕਿੱਤਾ-ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ‘ਚ ਹੋਣ ਵਾਲੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

International