ਥਾਈਲੈਂਡ ਵੱਲੋਂ ਖਾਲਿਸਤਾਨ ਟਾਈਗਰ ਫੋਰਸ ਮੁੱਖੀ ਜਗਤਾਰ ਸਿੰਘ ਤਾਰਾ ਪੰਜਾਬ ਪੁਲਿਸ ਹਵਾਲੇ

ਪੰਜਾਬ ਪੁਲਿਸ ਦੀ ਟੀਮ ਲਿਆ ਰਹੀ ਹੈ ਭਾਈ ਤਾਰਾ ਨੂੰ ਬੈਂਕਾਕ ਤੋਂ ਵਾਪਸ

ਚੰਡੀਗੜ, 16 ਜਨਵਰੀ  (ਐਮ ਐਸ): ਥਾਈਲੈਂਡ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ ਐਫ.) ਦੇ ਮੁਖੀ ਜਗਤਾਰ ਸਿੰਘ ਤਾਰਾ ਦੀ ਹਵਾਲਗੀ ਦੇ ਆਦੇਸ਼ ਦੇ ਉਪਰੰਤ ਬੈਂਕਾਕ ਪਹੁੰਚੀ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਉਸਨੰੂ ਅੱਜ ਭਾਰਤ ਵਾਪਸ ਲਿਆ ਰਹੀ ਹੈ। ਪੰਜਾਬ ਪੁਲਿਸ ਦੇ ਇਕ ਬੁਲਾਰੇ ਅਨੁਸਾਰ ਸ੍ਰੀ ਰਾਜਿੰਦਰ ਸਿੰਘ ਸੋਹਲ ਡੀ ਐਸ ਪੀ ਰਾਜਪੁਰਾ 13 ਜਨਵਰੀ ਨੂੰ ਬੈਂਕਾਕ ਪਹੁੰਚ ਕੇ ਤਾਰਾ ਨੂੰ ਭਾਰਤ ਵਾਪਸ ਲਿਆਉਣ ਲਈ ਥਾਈਲੈਂਡ ਦੇ ਅਧਿਕਾਰੀਆਂ ਨਾਲ ਲੋੜੀਂਦਾ ਤਾਲਮੇਲ ਕਰ ਰਹੇ ਸਨ ਅਤੇ ਸ੍ਰੀ ਤੇਜਿੰਦਰਜੀਤ ਸਿੰਘ ਵਿਰਕ ਡੀ ਐਸ ਪੀ ਕਾਉਟਰ ਇੰਟੈਲੀਜੈਂਸ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਟੀਮ 15 ਜਨਵਰੀ ਨੂੰ  ਬੈਂਕਾਕ ਪਹੁੰਚੀ ਸੀ। ਪ੍ਰਸ਼ਾਸਕੀ ਕਾਰਵਾਈ ਮੁਕੰਮਲ ਹੋਣ ’ਤੇ ਜਗਤਾਰ ਸਿੰਘ ਤਾਰਾ ਨੂੰ ਅੱਜ ਪੰਜਾਬ ਪੁਲਿਸ ਦੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਤਾਰਾ ਨੂੰ ਪੰਜਾਬ ਪੁਲਿਸ ਵੱਲੋਂ ਉਪਲਬਧ ਕਰਵਾਈ ਗਈ ਪੁਖ਼ਤਾ ਜਾਣਕਾਰੀ ਉਪਰੰਤ ਕੇਂਦਰੀ ਏਜੰਸੀਆ ਨਾਲ ਤਾਲਮੇਲ ਕਰਦਿਆਂ ਇਕ ਅਪਰੇਸ਼ਨ ਦੌਰਾਨ 5 ਜਨਵਰੀ ਨੂੰ  ਥਾਈਲੈਂਡ ਵਿਚ ਗਿ੍ਰਫਤਾਰ ਕੀਤਾ ਗਿਆ ਸੀ। ਇਹ ਸਮੁੱਚਾ ਅਪਰੇਸ਼ਨ ਅਗਸਤ 2014 ਵਿਚ ਸ਼ੁਰੂ ਹੋਇਆ ਸੀ ਜਦੋਂ ਪੰਜਾਬ ਪੁਲਿਸ ਦੇ ਕਾਉਟਰ ਇੰਟੈਲੀਜੈਂਸ ਵਿੰਗ ਨੇ ਜਗਤਾਰ ਸਿੰਘ ਤਾਰਾ ਦੇ ਥਾਈਲੈਂਡ ਵਿਚ ਹੋਣ ਦਾ ਪਤਾ ਲਾਇਆ ਸੀ।

ਥਾਈਲੈਂਡ ਦੀ ਇਕ ਅਦਾਲਤ ਵੱਲੋਂ ਬੀਤੀ 7 ਜਨਵਰੀ ਨੂੰ ਉਸਦੀ ਭਾਰਤ ਦੀ ਹਵਾਲਗੀ ਦੇ ਆਦੇਸ਼ ਸੁਣਾਏ ਗਏ ਸਨ। ਪੰਜਾਬ ਪੁਲਿਸ ਵੱਲੋਂ ਤਾਰਾ ਸਿੰਘ ਦੀ ਤੇਜੀ ਨਾਲ ਹਵਾਲਗੀ ਲਈ ਕੇਂਦਰੀ ਏਜੰਸੀਆਂ ਅਤੇ ਥਾਈਲੈਂਡ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਰੱਖਿਆ ਜਾ ਰਿਹਾ ਸੀ ਜਿਸਦੇ ਨਤੀਜੇ ਵਜੋਂ ਇਹ ਕਾਰਵਾਈ ਅੱਜ ਮੁਕੰਮਲ ਹੋਈ ਅਤੇ ਤਾਰਾ ਦੀ ਭਾਰਤ ਹਵਾਲਗੀ ਹੋ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਅੱਜ ਜਗਤਾਰ ਸਿੰਘ ਤਾਰਾ ਨੂੰ ਲੈ ਕੇ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਅਤੇ ਥਾਈਲੈਂਡ ਦੇ ਸਮੇਂ ਅਨੁਸਾਰ ਰਾਤੀਂ 8.50 ਵਜੇ ਥਾਈਲੈਂਡ ਤੋਂ ਦਿੱਲੀ ਨੂੰ  ਰਵਾਨਾ ਹੋ ਰਹੀ ਇਕ ਉਡਾਣ ਰਾਹੀਂ ਭਾਰਤ ਆ ਰਹੀ ਹੈ। ਇਹ ਉਡਾਣ ਰਾਤੀਂ 12.05 ਵਜ ਕੇ ਪੰਜ ਮਿੰਟ ’ਤੇ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇਗੀ। ਤਾਰਾ ਨੂੰ ਪਟਿਆਲਾ ਲਿਆਉਣ ਲਈ ਪੰਜਾਬ ਪੁਲਿਸ ਦੀ ਇਕ ਵੱਖਰੀ ਪਟਿਆਲਾ ਦੇ ਐਸ ਪੀ ਡੀ ਸ੍ਰੀ ਜਸਕਰਨ ਸਿੰਘ ਤੇਜਾ ਦੀ ਅਗਵਾਈ ਹੇਠ ਦਿੱਲੀ ਪਹੁੰਚ ਚੁੱਕੀ ਹੈ। ਇਸ ਸਬੰਧੀ ਏਅਰ ਪੋਰਟ ਅਥਾਰਟੀ ਨਾਲ ਵੀ ਲੋੜੀਂਦਾ ਤਾਲਮੇਲ ਕਰ ਲਿਆ ਗਿਆ ਹੈ। ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਦੀ ਸਮਰਥ ਅਦਾਲਤ ਵਿਚ ਪੇਸ਼ ਕਰ ਕੇ ਉਸ ਤੋਂ ਪੁੱਛ ਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਗਈ ਸੀ।

International