ਇਹ ਨੇ ਸਾਡੇ ਉੱਪ ਮੁੱਖ ਮੰਤਰੀ ਦੇ ਹਵਾਈ ਕਿਲੇ

  • ਮਲੋਟ ਤੋਂ ਨਹਿਰ ’ਚ ਚੱਲੀ ਬੱਸ ਕੋਟਕਪੂਰੇ ਜਾ ਕੇ ਸੜਕ ਤੇ ਨਿਕਲਿਆ ਕਰੂ : ਸੁਖਬੀਰ ਸਿੰਘ ਬਾਦਲ
  • ‘ਐਮਐਸਜੀ’ ਫਿਲਮ ਤੇ ਲੱਗੀ ਰੋਕ ਸਬੰਧੀ ਜਵਾਬ ਦੇਣ ਦੀ ਬਜਾਏ ਉਪ ਮੁੱਖ ਮੰਤਰੀ ਸਾਹਿਬ ਕੇਂਦਰੀ ਮੰਤਰੀ ਨੂੰ ਲੈ ਹੋਏ ਰਫੂ-ਚੱਕਰ 

ਬਠਿੰਡਾ 22 ਜਨਵਰੀ (ਅਨਿਲ ਵਰਮਾ) : ਬਠਿੰਡਾ-ਚੰਡੀਗੜ ਸੜਕ ਨੂੰ ਫੌਰਲਾਈਨ ਕਰਨ ਲਈ 3300 ਕਰੋੜ ਰੁਪਏ ਦੇ 7 ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਰੱਖੇ ਗਏ। ਉਹਨਾਂ ਦੇ ਸਵਾਗਤ ਵਿੱਚ ਅਕਾਲੀ ਭਾਜਪਾ ਗਠਬੰਧਨ ਵੱਲੋਂ ਇਤਿਹਾਸਕ ਰੈਲੀ ਵੀ ਕੀਤੀ ਗਈ। ਇਸ ਮੌਕੇ ਬਾਦਲਾਂ ਤੇ ਬੱਦਲ ਵੀ ਮੇਹਰਬਾਨ ਰਹੇ ਤੇ ਹਲਕੀ ਧੁੱਪ ਵਿੱਚ ਇਹ ਸ਼ੋ੍ਰਮਣੀ ਅਕਾਲੀ ਦਾ ਸ਼ਕਤੀ ਪ੍ਰਦਰਸ਼ਨ ਕਾਮਯਾਬ ਰਿਹਾ ਤੇ ਭਾਜਪਾਈ ਬਹੁਤੇ ਨਜ਼ਰ ਨਾ ਆਏ ਪਰ ਇਸ ਰੈਲੀ ਦੇ ਇੱਕਠ ਤੋਂ ਗਦਗਦ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਦੇ ਭਾਸ਼ਣ ਤੋਂ ਵੀ ਸਾਰਾ ਸਟੇਡੀਅਮ ‘‘ਲੋਟਪੋਟ’’ ਹੁੰਦਾ ਰਿਹਾ। ਉਪ ਮੁੱਖ ਮੰਤਰੀ ਵੱਲੋਂ ਸੂਬੇ ਦੇ ਕਰਵਾਏ ਜਾ ਰਹੇ ਚਹੁੰਮੁਖੀ ਵਿਕਾਸ ਲਈ ਪੰਜਾਬ ਸਰਕਾਰ ਦਾ ਜਿੱਥੇ ਗੁਣਗਾਨ ਕੀਤਾ ਉਥੇ ਹੀ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਲਈ ਪੂਰੀ ਮੱਦਦ ਮਿਲ ਰਹੀ ਹੈ ਤੇ ਅੱਜ 18 ਹਜਾਰ ਕਰੋੜ ਰੁਪਏ ਦੇ ਨਵੇਂ ਵਿਕਾਸ ਸੜਕੀ ਪ੍ਰੋਜੈਕਟਾਂ ਨੂੰ ਕੇਂਦਰੀ ਮੰਤਰੀ ਵੱਲੋਂ ਮਨਜੂਰੀ ਦਿੱਤੀ ਗਈ ਹੈ ਤੇ ਇਹ ਸੜਕਾਂ ਸੀਮੇਂਟ ਦੀਆਂ ਬਣਾਈਆਂ ਜਾਣਗੀਆਂ ‘‘ਭਾਵੇਂ ਇਹਨਾਂ ਸੜਕਾਂ ਤੇ ਬੰਬ ਸੁੱਟੀ ਚਲਿਓ ਨਹੀਂ ਟੁੱਟਣਗੀਆਂ’’।

ਉਪ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਨਵਾਂ ਬਿੱਲ ਲਿਆ ਰਹੀ ਹੈ ਜਿਸ ਤਹਿਤ ਪੰਜਾਬ ਦੀਆਂ ਨਹਿਰਾਂ ਵਿੱਚ ‘‘ਕਿਸ਼ਤੀਆਂ ਅਤੇ ਬੱਸਾਂ’’ ਚਲਾਈਆਂ ਜਾਣਗੀਆਂ ਤਾਂ ਜੋ ਸੜਕੀ ਹਾਦਸੇ ਘੱਟ ਹੋਣ ਤੇ ਨਹਿਰਾਂ ਰਾਹੀਂ ਵੀ ਟਰੈਫਿਕ ਸਿਸਟਮ ਚਲਾਇਆ ਜਾਵੇ। ਹਾਸਾ ਉਸ ਸਮੇਂ ਛਾ ਗਿਆ ਜਦੋਂ ਉਪ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ‘‘ਮਲੋਟ ਤੋਂ ਨਹਿਰ ਵਿੱਚ ਚੱਲੀ ਬੱਸ ਕੋਟਕ ਪੁਰਾ ਜਾ ਕੇ ਸੜਕ ਤੇ ਨਿਕਲਿਆ ਕਰੂ’’ ਜਿਸ ਨਾਲ ਸਮਾਂ ਤੇ ਹਾਦਸੇ ਦੋਨੇਂ ਬਚਣਗੇ। ਉਪ ਮੁੱਖ ਮੰਤਰੀ ਦੇ ਭਾਸ਼ਣ ਨੂੰ ਸੁਣਦੇ ਹੋਏ ਮੌਕੇ ਤੇ ਮੌਜੂਦ ਅਫਸਰਸ਼ਾਹੀ ਵੀ ਮੂੰਹ ਤੇ ਉਗਲਾਂ ਰੱਖ ‘ਖੱਚਰੀ ਹਾਸੀ’ ਹੱਸਦੀ ਹੋਈ ਨਜ਼ਰ ਆਈ ਕਿਉਂਕਿ ਬਠਿੰਡਾ ਹਵਾਈ ਅੱਡੇ ਤੋਂ ਹਵਾਈ ਜਹਾਜ ਤਾਂ ਨਹੀਂ ਉਡੇ ਪਰ ਬਾਦਲ ਸਾਹਿਬ ਪੰਜਾਬ ਦੀਆਂ ਨਹਿਰਾਂ ਜਿਹਨਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋਈ ਪਈ ਹੈ ਉਹਨਾ ਵਿੱਚ ਪਾਣੀ ਵਾਲੇ ਜਹਾਜ ਚਲਾਉਣਗੇ? ਰੈਲੀ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ‘‘ਨਦੀਆਂ’’ ਰਾਹੀਂ ਵਪਾਰ ਅਤੇ ਟਰੈਫਿਕ ਸਿਸਟਮ ਚਲਾਉਣ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਪਰ ਇਸ ਮੌਕੇ ਪਹਿਰੇਦਾਰ ਵੱਲੋਂ ਸੌਦਾ ਸਾਧ ਦੀ ਬਣੀ ਫਿਲਮ ‘‘ਐਮ.ਐਸ.ਜੀ.’’ ਸਬੰਧੀ ਸੈਂਸਰ ਬੋਰਡ ਦੀ ਕਾਰਗੁਜਾਰੀ ਬਾਰੇ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਤਾਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਪ ਮੁੱਖ ਮੰਤਰੀ ਸਾਹਿਬ ਕੇਂਦਰੀ ਟਰਾਂਸਪੋਰਟ ਮੰਤਰੀ ਗਡਕਰੀ ਸਾਹਿਬ ਨੂੰ ਲੈਕੇ ਤੁਰੰਤ ਪ੍ਰੈਸ ਕਾਨਫਰੰਸ ਵਿਚਾਲੇ ਛੱਡਕੇ ਰਫੂ-ਚੱਕਰ ਹੋ ਗਏ। 

International