ਸੌਦਾ ਸਾਧ ’ਤੇ ਸੀ.ਬੀ.ਆਈ. ਨੇ ਕੱਸਿਆ ਸ਼ਿਕੰਜਾ

ਚੰਡੀਗੜ  23 ਜਨਵਰੀ (ਮੇਜਰ ਸਿੰਘ) ‘ਐਮ. ਐਸ. ਜੀ.‘ ਫਿਲਮ ਨੂੰ ਲੈ ਕੇ ਵਿਵਾਦਾਂ ‘ਚ ਆਏ ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਡੇਰਾ ਸੱਚਾ ਸੌਦਾ ਵਲੋਂ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਮਾਮਲੇ ‘ਚ ਡੇਰਾ ਮੁਖੀ ਖਿਲਾਫ ਕੇਸ ਦਰਜ ਕਰ ਚੁੱਕੀ ਸੀਬੀਆਈ ਦੀ ਟੀਮ ਨੇ ਸਿਰਸਾ ਵਿਚ ਹੀ ਆਪਣਾ ਡੇਰਾ ਲਾ ਲਿਆ ਹੈ। ਦਿੱਲੀ ਤੋਂ ਸੀ.ਬੀ.ਆਈ. ਦੀ ਟੀਮ ਮਾਮਲੇ ਦੇ ਏ.ਆਈ.ਓ. ਅਰਵਿੰਦਰ ਸਿੰਘ ਦੀ ਅਗਵਾਈ ‘ਚ ਟੀਮ ਸਿਰਸਾ ਆਈ। ਇੰਨਾ ਹੀ ਨਹੀਂ ਸੀ.ਬੀ.ਆਈ. ਟੀਮ ਨਿਪੁੰਸਕ ਸਾਧੂਆਂ ਦੇ ਟਿਕਾਣਿਆਂ ਤਕ ਵੀ ਪਹੁੰਚ ਗਈ ਹੈ। ਜਿਸ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਡੇਰਾ ਮੁਖੀ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ। ਨਿਪੁੰਸਕ ਸਾਧੂਆਂ ਦੀ ਸੂਚੀ ਦੀ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਨਾਂ ਵਿਚ ਸਿਰਸਾ ਸ਼ਹਿਰ ਦੇ ਸੱਤ, ਡੱਬਵਾਲੀ ਦੇ ਪੰਜ, ਰਾਨੀਆਂ ਦੇ ਤਿੰਨ ਅਤੇ ਡੇਰਾ ਸੱਚਾ ਸੌਦਾ ਦੇ 55 ਸਾਧੂ ਸ਼ਾਮਲ ਹਨ। ਸੀਬੀਆਈ ਟੀਮ ਅੱਠ ਜਨਵਰੀ ਨੂੰ ਡੇਰਾ ਸੱਚਾ ਸੌਦਾ ‘ਚ ਨਹੀਂ ਗਈ ਅਤੇ ਸਿਰਸਾ, ਰਾਨੀਆਂ ਤੇ ਡੱਬਵਾਲੀ ਦੇ ਪਤੇ ‘ਤੇ ਰਹਿਣ ਵਾਲੇ ਸਾਧੂਆਂ ਦੇ ਪਰਿਵਾਰ ਵਾਲਿਆਂ ਅਤੇ ਪਛਾਣ ਵਾਲਿਆਂ ਤੋਂ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਸੀ.ਬੀ.ਆਈ. ਟੀਮ ਅਗਲੇ ਕੁਝ ਦਿਨਾਂ ਤਕ ਸਿਰਸਾ ‘ਚ ਹੀ ਰਹੇਗੀ ਅਤੇ ਡੇਰਾ ਸੱਚਾ ਸੌਦਾ ‘ਚ ਨਿਪੁੰਸਕ ਸਾਧੂਆਂ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰਕੇ ਉਨਾਂ ਦੇ ਬਿਆਨ ਦਰਜ ਕਰੇਗੀ।

International