ਸੌਦਾ ਸਾਧ ਦੀ ਫ਼ਿਲਮ ’ਤੇ ਰੋਕ ਦੀ ਮੰਗ ਤੇ ਸੁਣਵਾਈ ਟਲੀ

ਚੰਡੀਗੜ, 23 ਜਨਵਰੀ (ਏਜੰਸੀਆਂ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਮੁਖੀ ਦੀ ਵਿਵਾਦਗ੍ਰਸਤ ਫਿਲਮ ਮੈਸੇਂਜਰ ਆਫ ਗਾਡ ਦੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੀ ਇਕ ਪਟੀਸ਼ਨ ‘ਤੇ ਅੱਜ ਸੁਣਵਾਈ 27 ਜਨਵਰੀ ਤੱਕ ਟਾਲ ਦਿੱਤੀ। ਇਸ ਫਿਲਮ ‘ਚ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਕੰਮ ਕੀਤਾ ਹੈ। ਮੋਹਾਲੀ ਸਥਿਤ ਕਲਗੀਧਰ ਸੇਵਕ ਜੱਥਾ ਵਲੋਂ ਦਾਖਲ ਇਹ ਪਟੀਸ਼ਨ ਸੁਣਵਾਈ ਲਈ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਹਰਿਪਾਲ ਵਰਮਾ ਦੇ ਬੈਂਚ ਦੇ ਸਾਹਮਣੇ ਆਈ। ਬੈਂਚ ਨੇ ਆਦੇਸ਼ ਦਿੱਤਾ ਕਿ ਇਹ ਪਟੀਸ਼ਨ ਉਸ ਬੈਂਚ ਦੇ ਸਾਹਮਣੇ ਰੱਖੀ ਜਾਵੇ ਜਿਸ ਨੂੰ ਇਸ ‘ਤੇ ਸੁਣਵਾਈ ਕਰਨੀ ਹੈ। ਇਹ ਪਟੀਸ਼ਨ ਜਸਟਿਸ ਐਸ.ਕੇ. ਮਿੱਤਲ ਅਤੇ ਜਸਟਿਸ ਦੀਪਕ ਸਿੱਬਲ ਦੇ ਬੈਂਚ ਦੇ ਸਾਹਮਣੇ ਰੱਖੀ ਜਾਣੀ ਸੀ ਪਰ ਉਹ ਬੈਂਚ ਬੈਠ ਨਹੀਂ ਸਕਿਆ ਕਿਉਂਕਿ ਇਕ ਜੱਜ ਛੁੱਟੀ ‘ਤੇ ਸਨ। ਇਸ ਲਈ ਇਸ ਪਟੀਸ਼ਨ ‘ਤੇ ਸੁਣਵਾਈ 27 ਜਨਵਰੀ ਤੱਕ ਟਾਲ ਦਿੱਤੀ ਗਈ ਹੈ। ਪਟੀਸ਼ਨ ‘ਚ ਮੋਹਾਲੀ ਸਥਿਤ ਟਰੱਸਟ ਨੇ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਨਾਲ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਗੰਭੀਰ ਖਤਰਾ ਹੋਵੇਗਾ।

International