ਜਯੰਤੀ ਨਟਰਾਜਨ ਦਾ ਕਾਂਗਰਸ ਪਾਰਟੀ ਤੋਂ ਅਸਤੀਫ਼ਾ, ਰਾਹੁਲ ਗਾਂਧੀ ‘ਤੇ ਲਾਏ ਦਖ਼ਲ ਦੇਣ ਦੇ ਦੋਸ਼

ਚੇਨਈ, 30 ਜਨਵਰੀ (ਏਜੰਸੀਆਂ): ਚੋਣਾਂ ‘ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਕਾਂਗਰਸ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਵਾਤਾਵਰਨ ਮੰਤਰੀ ਅਤੇ ਕਾਂਗਰਸ ਦੀ ਉੱਘੀ ਨੇਤਾ ਜਯੰਤੀ ਨਟਰਾਜਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨਾਂ ਨੇ ਰਾਹੁਲ ਗਾਂਧੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਰਾਹੁਲ ਉਨਾਂ ਦੇ ਕੰਮ ‘ਚ ਦਖਲ ਦਿੰਦੇ ਸਨ। ਨਟਰਾਜਨ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਦੁੱਖ ਭਰਿਆ ਦਿਨ ਹੈ ਅਤੇ ਉਨਾਂ ਨੂੰ ਕਾਂਗਰਸ ‘ਚ ਬਣੇ ਰਹਿਣ ਲਈ ਵਿਚਾਰ ਕਰਨਾ ਪਿਆ ਤੇ ਉਹ ਕਾਂਗਰਸ ਨਾਲ 30 ਸਾਲ ਜੁੜੇ ਰਹੇ। ਉਨਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਉਨਾਂ ਨੇ ਸੋਨੀਆ ਨੂੰ ਚਿੱਠੀ ਲਿਖੀ ਸੀ ਪਰ ਉਨਾਂ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ।

ਕਾਂਗਰਸ ਦੀ ਉੱਘੀ ਨੇਤਾ ਅਤੇ ਯੂ.ਪੀ.ਏ. ਸਰਕਾਰ ‘ਚ ਵਾਤਾਵਰਨ ਮੰਤਰੀ ਰਹੀ ਜਯੰਤੀ ਵਲੋਂ ਅੱਜ ਕੀਤੀ ਗਈ ਆਪਣੀ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਉਨਾਂ ਕੋਲ ਕਈ ਪ੍ਰਾਜੈਕਟਾਂ ‘ਤੇ ਐਨ.ਜੀ.ਓ. ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਉਨਾਂ ਦੀ ਸੋਚ ਸੀ ਕਿ ਵਾਤਾਵਰਨ ਦੀ ਹਰ ਕੀਮਤ ‘ਤੇ ਰੱਖਿਆ ਹੋਣੀ ਚਾਹੀਦੀ ਹੈ। ਐਨ.ਜੀ.ਓ. ਦੀ ਸਲਾਹ ‘ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਬਾਅ ਬਣਾਇਆ  ਨੀਲਗਿਰੀ, ਵੇਦਾਂਤਾ, ਅਡਾਨੀ ਪ੍ਰਾਜੈਕਟਾਂ ਨੂੰ ਲੈ ਕੇ ਰਾਹੁਲ ਉਨਾਂ ਨੂੰ ਨਿਰਦੇਸ਼ ਦਿੰਦੇ ਸਨ। ਕਈ ਪ੍ਰਾਜੈਕਟਾਂ ‘ਚ ਰਾਹੁਲ ਦਾ ਦਖਲ ਸੀ ਤੇ ਉਨਾਂ ਨੂੰ ਲੈ ਕੇ ਉਹ ਨਿਰਦੇਸ਼ ਦਿੰਦੇ ਸਨ। ਉਨਾਂ ਨੇ ਕਿਹਾ ਕਿ ਰਾਹੁਲ ਦੇ ਦਫਤਰ ਤੋਂ ਲੋਕਾਂ ਨੇ ਉਨਾਂ ‘ਤੇ ਗਲਤ ਦੋਸ਼ ਲਗਾਏ। ਅਡਾਨੀ ਗਰੁੱਪ ਨਾਲ ਜੁੜੀ ਫਾਈਲ ਬਾਥਰੂਮ ‘ਚੋਂ ਮਿਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਦੋਸ਼ ਲਗਾਉਂਦੇ ਹੋਏ ਉਨਾਂ ਨੇ ਕਿਹਾ ਕਿ ਉਨਾਂ ਨੂੰ ਹਾਈਕਮਾਨ ਨੇ ਪਾਰਟੀ ਤੋਂ ਪੂਰੀ ਤਰਾਂ ਨਾਲ ਕਿਨਾਰੇ ਕਰ ਦਿੱਤਾ। ਇਸ ਦੇ ਨਾਲ ਹੀ ਜਯੰਤੀ ਨਟਰਾਜਨ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਅਤੇ ਉਨਾਂ ਨੇ ਸੋਨੀਆ ਗਾਂਧੀ ਨੂੰ ਅਸਤੀਫਾ ਭੇਜ ਦਿੱਤਾ।

International