ਜਰਮਨੀ ਵਿਖੇ ਵਾਪਰੀ ਘਟਨਾ ਲਈ ਜ਼ਿੰਮੇਵਾਰ ਦੋਨੇ ਧਿਰਾਂ ਹੋਣਗੀਆਂ ਤਲਬ : ਗਿਆਨੀ ਗੁਰਬਚਨ ਸਿੰਘ

ਅੰਮਿ੍ਰਤਸਰ 16 ਮਈ (ਨਰਿੰਦਰ ਪਾਲ ਸਿੰਘ) ਵਿਦੇਸ਼ਾਂ ਵਿਚ ਸਿੱਖਾਂ ਦੇ ਆਪਸੀ ਟਕਰਾਅ ਦੀਆਂ ਘਟਨਾਵਾਂ ਨੂੰ  ਨਿੰਦਣਯੋਗ ਅਤੇ ਸਿੱਖੀ ਨੂੰ ਸ਼ਰਮਸਾਰ ਕਰਨ ਵਾਲੀਆਂ ਕਰਾਰ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਜਰਮਨੀ ਵਿਖੇ ਵਾਪਰੀ ਘਟਨਾ ਲਈ ਜਿੰਮੇਵਾਰ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਪੂਰੀ ਪੜਤਾਲ ਵੀ ਕਰਵਾਈ ਜਾਵੇਗੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਹਵਾਲੇ ਨਾਲ ਜਾਰੀ ਪ੍ਰੈਸ ਰਲੀਜ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਜਿਥੇ ਸਿੱਖੀ ਅਤੇ ਸਿੱਖਾਂ ਨੂੰ ਐਨਾ ਮਾਨ-ਸਤਿਕਾਰ, ਉੱਚ ਅਹੁਦੇ, ਇੱਕ ਸੱਚੀ-ਸੁੱਚੀ ਕੌਮ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਕੌਮ ਦੇ ਨਾਮ ਨਾਲ ਜਾਣਿਆਂ ਜਾਂਦਾ ਹੋਵੇ ਓਥੇ ਸਾਡਾ ਹੀ ਸਿੱਖ ਭਾਈਚਾਰਾ ਆਪਸ ਵਿਚ ਲੜ ਕੇ ਇੱਕ ਦੂਜੇ ਦੀਆਂ ਦਸਤਾਰਾਂ ਉਤਾਰਣ ਅਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਮੰਦੇ ਬੋਲ ਬੋਲਣ, ਇਹ ਦੂਸਰੀਆਂ ਕੌਮਾਂ ਅੱਗੇ ਸਿੱਖੀ ਨੂੰ ਨੀਵਾਂ ਕਰਨ ਵਾਲੀਆਂ ਅਤੇ ਕੌਮ ਨੂੰ ਸ਼ਰਮਸਾਰ ਕਰਨ ਵਾਲੀਆਂ ਹਰਕਤਾਂ ਹਨ।

ਕਿਹਾ ਗਿਆ ਹੈ ਕਿ ਯੂਰਪ ਵਿਚ ਜਿਥੇ ਅਸੀਂ ਸਿੱਖ ਦਸਤਾਰ ਦੀ ਅਜਾਦੀ, ਧਰਮ ਰਜਿਸਟਰ ਕਰਵਾਉਣ ਲਈ ਕਾਨੂੰਨੀ ਲੜਾਈਆਂ ਲੜ ਰਹੇ ਹਾਂ, ਉਸ ਦੇਸ਼ ਵਿਚ ਸਿੱਖਾਂ ਦਾ ਆਪਸੀ ਖੂਨੀ ਟਕਰਾਅ ਹੋਣਾ ਬਹੁਤ ਮੰਦਭਾਗਾ ਹੈ। ਇਸ ਤਰਾਂ ਦੇ ਟਕਰਾਓ, ਲੜਾਈਆਂ, ਝਗੜੇ ਸਾਡੀਆਂ ਧਰਮ ਸਬੰਧੀ ਕਾਨੂੰਨੀ ਲੜਾਈਆਂ ਨੂੰ ਬਹੁਤ ਕਮਜੋਰ ਕਰ ਸਕਦੇ ਹੈ। ਇਹ ਟਕਰਾਓ ਟਾਲਿਆ ਜਾ ਸਕਦਾ ਸੀ ਕਿਉਂਕਿ ਇਸ ਸਬੰਧੀ ਭਾਈ ਪੰਥਪ੍ਰੀਤ ਸਿੰਘ ਦੇ ਯੂਰਪ ਵਿਖੇ ਰੱਖੇ ਦੀਵਾਨਾਂ ਸਬੰਧੀ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ‘ਤੇ ਬਹੁ-ਗਿਣਤੀ ਵਿਚ ਇਤਰਾਜ਼ ਪੁੱਜੇ ਸਨ ਜਿਸ ਸਬੰਧੀ ਉਸਨੂੰ ਬੁਲਾਉਣ ਵਾਲੇ ਸਬੰਧਤਾਂ ਨੂੰ ਪੱਤਰ ਰਾਹੀਂ ਜਾਣੂ ਕਰਵਾਇਆ ਗਿਆ ਸੀ ਅਤੇ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢਣ ਲਈ ਕਿਹਾ ਗਿਆ ਸੀ ਪਰ ਕੁਝ ਬਜ਼ਿਦ ਲੋਕਾਂ ਨੇ ਇਸ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਿਦ ਨੂੰ ਪੂਰਾ ਕਰਨ ਲਈ ਹਰ ਤਰਾਂ ਦੇ ਹੀਲੇ ਵਰਤੇ। ਸ਼ੋਸ਼ਲ ਮੀਡੀਆ ‘ਤੇ ਆਈਆਂ ਵੀਡੀਓ ਜਿਸ ਵਿਚ ਸਿੱਖਾਂ ਦੀਆਂ ਕਿਰਪਾਨਾਂ ਪੁਲਿਸ ਰਾਹੀਂ ਉਤਰਵਾਈਆਂ ਗਈਆਂ। ਪੁਲਿਸ ਨੂੰ ਜੋੜਿਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਗਈ। ਇਹ ਕਿਸ ਨੇ ਕਰਵਾਈ? ਇਹ ਕੁਝ ਲੋਕਾਂ ਦੇ ਬਜ਼ਿਦਪੁਣੇ ਨੇ ਸਾਰੇ ਸੰਸਾਰ ਵਿਚ ਸਿੱਖ ਕੌਮ ਨੂੰ ਬਦਨਾਮ ਕਰਵਾਉਣ ਦਾ ਕੋਝਾ ਕਾਰਾ ਕੀਤਾ ਹੈ। 

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਜਰਮਨੀ ਵਿਖੇ ਵਾਪਰੀ ਘਟਨਾ ਲਈ ਜਿੰਮੇਵਾਰ ਦੋਹਾਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਪੂਰੀ ਪੜਤਾਲ ਵੀ ਕਰਵਾਈ ਜਾਵੇਗੀ। 
   

Unusual
Germany
Gurdwara
SGPC
Akal Takht Sahib