ਇੰਗਲੈਂਡ ਦੀਆਂ ਚੋਣਾਂ ‘ਚ ਛਾਇਆ ਸਿੱਖ ਕਤਲੇਆਮ ਤੇ ਸਾਕਾ ਦਰਬਾਰ ਸਾਹਿਬ

ਲੰਡਨ 17 ਮਈ (ਏਜੰਸੀਆਂ) 2017 ਦੀਆਂ ਆਮ ਚੋਣਾਂ ਲਈ ਮੁੱਖ ਵਿਰੋਧੀ ਧਿਰ ਵਜੋਂ ਲੜ ਰਹੀ ਯੂ.ਕੇ. ਦੀ ਲੇਬਰ ਪਾਰਟੀ ਨੇ ਸਿੱਖਾਂ ਲਈ ਅਹਿਮ ਮੰਨੇ ਜਾਂਦੇ ਮੁੱਦੇ ਨੂੰ ਆਪਣੇ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕਰ ਲਿਆ ਹੈ। ਲੇਬਰ ਪਾਰਟੀ ਨੇ ਮਨੋਰਥ ਪੱਤਰ ਦੀ 5ਵੀਂ ਮਦ ਵਿੱਚ ਸਹੁੰ ਚੁੱਕੀ ਹੈ ਕਿ ਉਹ 1984 ‘ਚ ਭਾਰਤੀ ਫੌਜ ਵੱਲੋਂ ਅਕਾਲ ਤਖਤ ਸਾਹਿਬ ‘ਤੇ ਹਮਲੇ ਵੇਲੇ ਬਰਤਾਨਵੀ ਫੌਜ ਦੇ ਰੋਲ ਬਾਰੇ ਜਾਂਚ ਜਨਤਕ ਕਰਾਏਗੀ। ਲੇਬਰ ਪਾਰਟੀ ਨੇ ਯੂ.ਕੇ. ਸਰਕਾਰ ਦੇ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਦੇ ਹਮਲੇ ਵੇਲੇ ਬਰਤਾਨੀਆ ਦੇ ਰੋਲ ਤੇ ਨਵੰਬਰ 1984 ‘ਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੇ ਕਤਲੇਆਮ ਬਾਰੇ ਆਜ਼ਾਦ ਜਨਤਕ ਜਾਂਚ ਕਰਾਉਣ ਦਾ ਵਾਅਦਾ ਕੀਤਾ ਹੈ। ਲੇਬਰ ਪਾਰਟੀ ਨੇ ਕਿਹਾ ਕਿ ਸਿੱਖਾਂ ‘ਤੇ ਬਰਤਾਨੀਆ ‘ਚ ਲਾਈਆਂ ਪਾਬੰਦੀਆਂ ਵੀ ਇਸ ਜਾਂਚ ਵਿਚ ਸ਼ਾਮਲ ਹੋਣਗੀਆਂ।

ਲੇਬਰ ਪਾਰਟੀ ਦੇ ਦੂਜੇ ਨੰਬਰ ਦੇ ਆਗੂ ਟਾਮ ਵਾਟਸਨ ਨੇ ਕਿਹਾ, ਯੂ.ਕੇ. ਦੇ ਸਿੱਖਾਂ, ਖਾਸ ਕਰਕੇ ਮੇਰੇ ਆਪਣੇ ਹਲਕੇ ਦੇ ਸਿੱਖਾਂ ਨੂੰ ਬਹੁਤ ਝਟਕਾ ਲੱਗਿਆ ਜਦੋਂ ਉਨਾਂ ਨੂੰ ਪਤਾ ਲੱਗਿਆ ਕਿ ਜੂਨ 1984 ‘ਚ ਭਾਰਤੀ ਫੌਜ ਵੱਲੋਂ ਅਕਾਲ ਤਖਤ ਸਾਹਿਬ ‘ਤੇ ਹਮਲੇ ਵੇਲੇ ਬਰਤਾਨਵੀ ਫੌਜ ਦਾ ਵੀ ਰੋਲ ਸੀ। ਇਹ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਕੁਝ ਸਰਕਾਰੀ ਦਸਤਾਵੇਜ਼ਾਂ ਨੂੰ ਜਾਰੀ ਕੀਤਾ ਗਿਆ ਪਰ ਹੋਰ ਦਸਤਾਵੇਜ਼ ਹਾਲੇ ਵੀ ਲੰਬੇ ਸਮੇਂ ਤੋਂ ਲੁਕੇ ਹੋਏ ਹਨ। ਬਰਤਾਨੀਆ ਦੀ ਭੂਮਿਕਾ ਬਾਰੇ ਸੱਚਾਈ ਸਾਹਮਣੇ ਲਿਆਉਣ ਲਈ ਉਨਾਂ ਦਸਤਾਵੇਜ਼ਾਂ ਦਾ ਜਨਤਕ ਹੋਣਾ ਜ਼ਰੂਰੀ ਹੈ। ਅਗਲੀ ਲੇਬਰ ਪਾਰਟੀ ਦੀ ਸਰਕਾਰ ਇਨਾਂ ਦਸਤਾਵੇਜ਼ਾਂ ਨੂੰ ਜਨਤਕ ਕਰੇਗੀ ਤੇ ਆਜ਼ਾਦ ਜਾਂਚ ਕਰਾਏਗੀ।ਸ਼ੈਡੋ ਚਾਂਸਲਰ ਜਾਨ ਮੈਕਡੋਨੇਲ ਨੇ ਕਿਹਾ, ਯੂ.ਕੇ. ਦੇ ਸਭਿਆਚਾਰ ਤੇ ਆਰਥਕ ਜੀਵਨ ‘ਚ ਸਿੱਖਾਂ ਦਾ ਅਹਿਮ ਰੋਲ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਚੋਣ ਮਨੋਰਥ ਪੱਤਰ ‘ਚ 1984 ਸਿੱਖ ਨਸਲਕੁਸ਼ੀ ਦੀ ਜਾਂਚ ਸ਼ਾਮਲ ਹੈ।

ਬਰਤਾਨਵੀ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਬਹੁਤ ਸਬਰ ਨਾਲ ਇਸ ਦੀ ਉਡੀਕ ਕਰ ਰਿਹਾ ਹੈ ਅਤੇ ਉਹ ਇਸ ਦੇ ਲਾਇਕ ਹਨ। ਜਾਂਚ ਬਰਤਾਨਵੀ ਸਰਕਾਰ ਤੇ ਫੌਜ ਦੇ ਕੰਮਾਂ ਨੂੰ ਉਜਾਗਰ ਕਰੇਗੀ। ਬਰਤਾਨਵੀ ਸਿੱਖਾਂ ਨੂੰ ਨਿਆਂ ਮਿਲ ਸਕੇਗਾ। 20 ਸਾਲਾਂ ਤੋਂ ਇਸ ਲਈ ਪ੍ਰਚਾਰ ਕਰਨ ਕਰਕੇ ਮੈਨੂੰ ਮਾਣ ਹੈ ਕਿ ਮੈਂ ਸੱਚਾਈ ਸਾਹਮਣੇ ਲਿਆਉਣ ਤੇ ਨਿਆਂ ਦੀ ਤਲਾਸ਼ ‘ਚ ਅਗਵਾਈ ਕਰ ਰਿਹਾ ਹਾਂ।

Unusual
Sikhs
1984 Anti-Sikh riots
England