ਸਿੱਖ ਜੁਆਨੀ ਨੂੰ ਜਾਗ ਲਾਉਣ ਦੀ ਲੋੜ...

21ਵੀਂ ਸਦੀ ਦੀ ਆਰੰਭਤਾ ਨਾਲ ਲੱਗਭਗ ਸਮੁੱਚੇ ਵਿਸ਼ਵ ’ਚ ਨੌਜਵਾਨ ਵਰਗ ਦੀ ਅਗਵਾਈ ਦੀ ਚਰਚਾ ਸ਼ੁਰੂ ਹੋ ਗਈ ਸੀ, ਜਿਸ ਨੂੰ 21ਵੀਂ ਸਦੀ ਦਾ ਪਹਿਲਾ ਦਹਾਕਾ ਲੰਘਣ ਤੋਂ ਬਾਅਦ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਅਤੇ ਕਈ ਦੇਸ਼ਾਂ ’ਚ ਅਗਵਾਈ ਨੌਜਵਾਨ ਹੱਥਾਂ ਨੂੰ ਸੌਂਪੀ ਗਈ ਹੈ। ਇਹ ਸੱਚ ਹੈ ਕਿ ਨੌਜਵਾਨ ਸ਼ਕਤੀ ਹੀ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹੁੰਦੀ ਹੈ, ਉਸ ’ਚ ਦਰਿਆ ਦੇ ਵਹਾਅ ਨੂੰ ਬਦਲ ਦੇਣ ਤੱਕ ਦੀ ਸ਼ਕਤੀ ਹੁੰਦੀ ਹੈ ਅਤੇ ਜਿਸ ਕੌਮ ਦੀ ਜੁਆਨੀ, ਜੁਆਨੀ ਦੇ ਸਹੀ ਅਰਥ ਸਮਝ ਜਾਵੇ, ਉਸ ਕੌਮ ਦੀ ਚੜਦੀ ਕਲਾਂ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਅੱਜ ਜਦੋਂ ਇੱਕ ਪਾਸੇ 16 ਤੋਂ 40 ਸਾਲ ਉਮਰ ਵਰਗ ਦਾ ਹਿੱਸਾ 42 ਫੀਸਦੀ ਹੈ ਅਤੇ ਦੂਜੇ ਪਾਸੇ ਸਿੱਖ ਕੌਮ ਦੀ ਜੁਆਨੀ 70 ਫੀਸਦੀ ਨਸ਼ਿਆਂ ਤੇ 80 ਫੀਸਦੀ ਪਤਿਤਪੁਣੇ ਦਾ ਸ਼ਿਕਾਰ ਹੈ, ਉਸ ਸਮੇਂ ਜੁਆਨੀ ਨੂੰ ਸਾਂਭਣਾ ਅਤੇ ਸਹੀ ਪਾਸੇ ਤੋਰਣਾ ਸਿੱਖ ਕੌਮ ਲਈ ਬੇਹੱਦ ਜ਼ਰੂਰੀ ਹੈ। ਜਿਸ ਕੌਮ ਦੀ ਜੁਆਨੀ ਨਿਰਾਸਤਾ ਦੀ ਖੱਡ ’ਚ ਡਿੱਗ ਪੈਂਦੀ ਹੈ, ਤਾਂ ਉਹ ਕੌਮ ਕਈ ਸਦੀਆਂ ਪਿੱਛੇ ਤਾਂ ਚਲੀ ਹੀ ਜਾਂਦੀ ਹੈ, ਕੌਮ ਦੇ ਕੌਮੀ ਨਿਸ਼ਾਨੇ ਵੀ ਖੁੱਸ ਜਾਂਦੇ ਹਨ।

ਜਵਾਨੀ ’ਚ ਜੋਸ਼, ਉਤਸ਼ਾਹ, ਸੱਧਰਾਂ, ਉਮੀਦਾਂ ਤੇ ਕੁਝ ਕਰ ਸਕਣ ਦੇ ਜ਼ਜਬੇ ਦਾ ਸ਼ੂਕਦਾ ਵੇਗ ਹੁੰਦਾ ਹੈ, ਪ੍ਰੰਤੂ ਜਦੋਂ ਉਸਨੂੰ ਸਾਹਮਣੇ ਠੰਡੀ ਸੁਆਹ ਤੋਂ ਬਿਨਾਂ ਹੋਰ ਕੁਝ ਵਿਖਾਈ ਹੀ ਨਾ ਦਿੰਦਾ ਹੋਵੇ ਤਾਂ ਉਹ ਨਿਰਾਸ਼ਤਾ ਦੀ ਖੱਡ ’ਚ ਡਿੱਗ ਹੀ ਪੈਂਦੀ ਹੈ ਅਤੇ ਕੁਰਾਹੇ ਵੀ ਪੈ ਜਾਂਦੀ ਹੈ। ਇਹੋ ਕੁਝ ਵਰਤਮਾਨ ਸਿੱਖ ਪੀੜੀ ਨਾਲ ਵਾਪਰ ਰਿਹਾ ਹੈ। ਜੁਆਨੀ ਨੂੰ ਹਮੇਸ਼ਾ ਕਿਸੇ ਰੋਲ ਮਾਡਲ ਦੀ ਲੋੜ ਹੁੰਦੀ ਹੈ, ਪ੍ਰੰਤੂ ਅੱਜ ਦੂਰ-ਦੂਰ ਤੱਕ ਨਜ਼ਰ ਮਾਰਿਆ ਵੀ ਅਜਿਹਾ ਕੋਈ ਰੋਲ ਮਾਡਲ ਵਿਖਾਈ ਨਹੀਂ ਦਿੰਦਾ, ਜਿਹੜਾ ਨਵੀਂ ਪੀੜੀ ਨੂੰ ਉਹ ਥਾਪੜਾ ਦੇ ਸਕੇ, ਜਿਹੜਾ ਦਸਮੇਸ਼ ਪਿਤਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਸੀ, ਸਾਡੀ ਸਿੱਖ ਲੀਡਰਸ਼ਿਪ ਬੁਰੀ ਤਰਾਂ ਧੜੇਬੰਦੀ, ਵਿਚਾਰਧਾਰਕ ਮੱਤਭੇਦ, ਸਿਆਸੀ ਖੁਦਗਰਜ਼ੀ ’ਚ ਫਸੀ ਹੋਈ ਹੈ। ਬੇਸ਼ੱਕ ਸਿੱਖ ਜੁਆਨੀ ’ਚ 80-90 ਫੀਸਦੀ ਹਿੱਸਾ ਨਸ਼ੇੜੀ ਤੇ ਪਤਿਤ ਹੋ ਚੁੱਕਾ ਹੈ, ਪ੍ਰੰਤੂ ਇਸਦੇ ਬਾਵਜੂਦ ਸਿੱਖ ਜੁਆਨੀ, ਸਿੱਖੀ ਦੀ ਮੂਲ ਧਾਰਾ ’ਚ ਆਉਣ ਦਾ ਜਜ਼ਬਾ ਰੱਖਦੀ ਹੈ, ਉਨਾਂ ਦੇ ਅਚੇਤ ਮਨਾਂ ’ਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀ ਕੁਰਬਾਨੀ ਤੇ ਬਹਾਦਰੀ ਵਾਲੀ ਵੰਗਾਰ ਬੈਠੀ ਹੋਈ ਹੈ, ਇਹੋ ਕਾਰਣ ਹੈ ਕਿ ਨਗਰ ਕੀਰਤਨਾਂ, ਲੰਗਰਾਂ ਅਤੇ ਸਿੱਖ ਕੌਮ ਨੂੰ ਵਿਰੋਧੀ ਵੰਗਾਰਾਂ ਸਮੇਂ ਇਹ ਨਸ਼ੇੜੀ ਤੇ ਘੋਨ-ਮੋਨ ਜੁਆਨੀ, ਭਰਪੂਰ ਜਜ਼ਬੇ ਨਾਲ ਅੱਗੇ ਖੜੀ ਵਿਖਾਈ ਦਿੰਦੀ ਹੈ, ਪ੍ਰੰਤੂ ਇਹ ਜਜ਼ਬਾਤੀ ਉਛਾਲ ਕੌਮੀ ਪ੍ਰਵਾਨੇ ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦਾ। ਕੌਮ ਦੀ ਅਗਵਾਈ ਦੀ ਅਣਹੋਂਦ ਇਸ ਜਜ਼ਬੇ ਨੂੰ ਪਸਤ ਕਰ ਰਹੀ ਹੈ। ਸਿੱਖ ਪੰਥ ਨੂੰ ਦੋਹਰੀ ਮਾਰ ਪੈ ਰਹੀ ਹੈ, ਇੱਕ ਪਾਸੇ ਤਾਂ ਉਹ ਆਪਣੀ ਸਿਧਾਂਤਕ ਪਛਾਣ ਤੇ ਧਾਰਮਿਕ  ਅਜ਼ਾਦੀ ਨੂੰ ਲੈ ਕੇ ਵਿਸ਼ਵ-ਵਿਆਪੀ ਚੁਣੌਤੀਆਂ, ਪੰਜਾਬ ਵਿੱਚ ਨਿੱਤ ਦਿਨ ਪੈਦਾ ਹੋ ਰਹੇ ਵਿਵਾਦਾਂ ਨੂੰ ਲੈ ਕੇ ਨਵੀਆਂ-ਨਵੀਆਂ ਦੁਬਿਧਾਵਾਂ ਦਾ ਸ਼ਿਕਾਰ ਹੈ, ਦੂਜੇ ਪਾਸੇ ਸਿੱਖੀ ਦੀ ਹੋਂਦ ਨੂੰ ਮਿਟਾਉਣ ਵਾਲੀਆਂ ਸ਼ਕਤੀਆਂ ਦੀਆਂ ਸ਼ੈਤਾਨ ਚਾਲਾਂ ਦੀ ਭੇਂਟ ਚੜ ਰਹੀ ਹੈ।

ਪੰਜਾਬ ਦੀ ਵਰਤਮਾਨ ਪੀੜੀ ਦੀ ਦੁਰਗਤੀ ਦਾ ਮੂਲ ਕਾਰਣ ਬਾਣੀ ਤੇ ਬਾਣੇ ਨਾਲੋਂ ਟੁੱਟਣਾ ਹੈ, ਇਸ ਸਥਿੱਤੀ ਲਈ ਧਰਮ ਦਾ ਰਾਜਨੀਤੀ ਦੀ ਤਾਂਬਿਆ ਚਲੇ ਜਾਣਾ ਜੁੰਮੇਵਾਰ ਹੈ, ਅੱਜ ਦੇ ਧਾਰਮਿਕ ਤੇ ਸਿਆਸੀ ਸਿੱਖ ਆਗੂ, ਸਿੱਖੀ ਦੇ ‘ਪਹਿਰੇਦਾਰ’ ਦੀ ਥਾਂ ਇਸਨੂੰ ਵੇਚਣ ਵਾਲੇ ਵਪਾਰੀ ਬਣ ਗਏ ਹਨ, ਜਿਸ ਕਾਰਣ ਮੌਕਾ ਪ੍ਰਸਤ, ਸੁਆਰਥੀ, ਲੋਭੀ ਆਗੂਆਂ ਦੇ ਕਿਰਦਾਰ ਨੇ ਨਵੀਂ ਪੀੜੀ ਦਾ ਮੂੰਹ ਮੋੜ ਦਿੱਤਾ ਹੈ ਅਤੇ ਉਹ ਆਧੁਨਿਕ ਪ੍ਰਭਾਵਾਂ ਤੇ ਗਲੋਬਲ-ਸੱਭਿਆਚਾਰਕ ਮਾਹੌਲ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਗਈ। ਜਦੋਂ ਤੱਕ ਸਿੱਖ ਜੁਆਨੀ ’ਚ ਵੱਖਰੀ ਸੱਭਿਆਚਾਰਕ ਤੇ ਸਿਆਸੀ ਹੋਂਦ ਦਾ ਅਹਿਸਾਸ ਪੈਦਾ ਨਹੀਂ ਹੁੰਦਾ, ਉਦੋਂ ਤੱਕ ਨਵੀਂ ਪੀੜੀ ਦੀ ਨਿਰਾਸਤਾ ਦਾ ਇਹੋ ਆਲਮ ਜਾਰੀ ਰਹੇਗਾ। ਧਾਰਮਿਕ ਤੇ ਵਿਦਿਅਕ ਸੰਸਥਾਵਾਂ ਵਿੱਚ ਧਰਮ ਅਧਾਰਿਤ ਨੈਤਿਕਤਾ ਦੀ ਸਿੱਖਿਆ ਪੂਰੀ ਤਰਾਂ ਮਨਫ਼ੀ ਹੋ ਗਈ। ਸਾਡੇ ਧਾਰਮਿਕ ਆਗੂ, ਕੁਰਾਹੇ ਪਈ ਪੀੜੀ ਨੂੰ ਧਰਮ ਦੇ ਕਲਾਵੇ ’ਚ ਲੈਣ ਦੀ ਥਾਂ, ਉਲਟਾ ਦੁਰਕਾਰ ਰਹੇ ਹਨ, ਜਿਸ ਕਾਰਣ ਉਹ ਹੋਰ ਤੇਜ਼ੀ ਨਾਲ ਸਿੱਖੀ ਤੋਂ ਦੂਰ ਹੋ ਰਹੀ ਹੈ।

ਮਸਾਂ 10 ਕੁ ਫੀਸਦੀ ਸਿੱਖ ਨੌਜਵਾਨ ਸਿਧਾਂਤਕ ਪ੍ਰਪੱਕਤਾ ਅਤੇ ਸਿਆਸੀ ਚੇਤੰਨਤਾ ਰੱਖਦੇ ਹਨ, ਪ੍ਰੰਤੂ ਪਰਿਵਾਰਵਾਦ ’ਚ ਉਲਝੀ ਮੌਕਾ ਪ੍ਰਸਤ ਲੀਡਰਸ਼ਿਪ ਉਨਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦੇ ਰਹੀ। ਸਿੱਖ ਨੌਜਵਾਨਾਂ ਦੀਆਂ ਜਥੇਬੰਦੀਆਂ ਨੂੰ ਲੋਭ, ਲਾਲਚ ’ਚ ਫਸਾ ਕੇ, ਪਾਲਤੂ ਬਣਾ ਲਿਆ ਗਿਆ ਹੈ। ਸਾਨੂੰ ਵਰਤਮਾਨ ਸਿੱਖ ਜੁਆਨੀ ਦੇ ਇਸ ਨਿਗਾਰ ਤੇ ਨਿਰਾਸਤਾ ਨੂੰ ਸਮਝਣਾ ਹੋਵੇਗਾ ਅਤੇ ਉਸ ਸਾਜ਼ਿਸ ਨੂੰ  ਵਾਚਣਾ ਹੋਵੇਗਾ, ਜਿਸ ਅਧੀਨ ਸਿੱਖ ਜੁਆਨੀ ਨੂੰ ਨਸ਼ਾਖੋਰੀ, ਪਤਿਤਪੁਣਾ ਅਤੇ ਹੋਰ ਮਾੜੀਆ ਅਲਾਮਤਾਂ ਦੇ ਡੂੰਘੀ ਕਾਲੀ ਖੱਡ ’ਚ ਧੱਕਿਆ ਜਾ ਰਿਹਾ ਹੈ ਤਾਂ ਜੋ ਸਿੱਖ ਕੌਮ ਦਾ ਭਵਿੱਖ ਜਿਹੜਾ ਅੱਜ ਧੁੰਦਲਾ ਤਾਂ ਹੋ ਚੁੱਕਾ ਹੈ, ਕੱਲ ਨੂੰ ਹਨੇਰਾ ਨਾ ਹੋ ਜਾਵੇ, ਉਸਦੀ ਰਾਖੀ ਕਰ ਸਕੀਏ। ਅੱਜ ਕੌਮ ਨੂੰ ਜਿੱਥੇ ਕਹਿਣੀ-ਕਰਨੀ ਦੇ ਸੂਰੇ, ਬਾਣੀ-ਬਾਣੇ ’ਚ ਪੂਰੇ, ਸਿੱਖੀ ਸਿਧਾਂਤਾਂ ਦੇ ਸੱਚੇ ਪਹਿਰੇਦਾਰ ‘ਰੋਲ ਮਾਡਲ’ ਦੀ ਬੇਹੱਦ ਲੋੜ ਹੈ, ਉਥੇ ਨੌਜਵਾਨ ਪੀੜੀ ਨੂੰ ਕੌਮੀ ਨਿਸ਼ਾਨਾਂ ਦੇ ਕੇ, ਉਸਦੀ ਪੂਰਤੀ ਲਈ ਜਾਗ ਲਾਉਣ ਦੀ ਲੋੜ ਹੈ।

Article
Sikhs