ਕਰਜ਼ੇ ਮਾਰੇ ਪੰਜ ਹੋਰ ਕਿਸਾਨਾਂ ਨੇ ਮੌਤ ਗਲ਼ੇ ਲਾਈ

ਸੰਗਤ ਮੰਡੀ/ਸੰਗਰੂਰ/ਫਾਜ਼ਿਲਕਾ 18 ਮਈ (ਚਰਨਜੀਤ ਮਸਾਣਾ/ਡਾ. ਗੁਰਜੀਤ ਚੌਹਾਨ/ ਹਰਬੰਸ ਸਿੰਘ ਮਾਰਡੇ / ਹਰਜਿੰਦਰ ਦੁੱਗਾ) : ਕਰਜੇ ਦੀ ਮਾਰ ਨਾ ਝੱਲਦਿਆਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿੱਥੇ ਬਾਦਲ ਰਾਜ ਵਿੱਚ ਪਿਛਲੇ ਇੱਕ ਸਾਲ ਦੌਰਾਨ 1500 ਕਿਸਾਨ ਖੁਦਕੁਸ਼ੀਆਂ ਕਰ ਗਏ ਉਥੇ ਹੀ ਕੈਪਟਨ ਰਾਜ ਦੇ ਦੋ ਮਹੀਨਿਆਂ ਵਿੱਚ 50 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਬੀਤੇ ਦਿਨ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਤੇ ਅੱਜ ਫਿਰ ਪਿੰਡ ਪਥਰਾਲਾ ਦੇ ਕਿਸਾਨ ਅੰਗਰੇਜ ਸਿੰਘ ਪੁੱਤਰ ਅਵਤਾਰ ਸਿੰਘ ਨੇ ਕਰਜੇ ਤੋਂ ਦੁਖੀ ਹੋਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਅਨੁਸਾਰ ਅੰਗਰੇਜ ਸਿੰਘ ਕੋਲ ਤਿੰਨ ਏਕੜ ਜਮੀਨ ਸੀ ਅਤੇ 6 ਲੱਖ ਦਾ ਕਰਜਾ ਸੀ ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਪਿੰਡ ਵਾਸੀਆਂ, ਸੰਘਰਸ਼ੀ ਜਥੇਬੰਦੀਆਂ ਨੇ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਕਰਜੇ ਤੇ ਲੀਕ ਮਾਰਨ ਦੀ ਮੰਗ ਕੀਤੀ। 

ਨਜਦੀਕੀ ਪਿੰਡ ਉਭਾਵਾਲ ਦੇ ਇਕ ਕਿਸਾਨ ਨੇ ਖੇਤ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਸੀ।ਜਾਣਕਾਰੀ ਅਨੁਸਾਰ ਨਜਦੀਕੀ ਪਿੰਡ ਉਭਾਵਾਲ ਦਾ ਕਿਸਾਨ ਹਰਦੇਵ ਸਿੰਘ (40) ਨੇ ਅੱਜ ਸਵੇਰੇ ਕਰੀਬ ਸਾਢੇ ਗਿਆਰਾ ਵਜੇ ਆਪਣੇ ਖੇਤ ਵਿੱਚ ਜਾ ਕੇ ਫਾਹਾ ਲਾ ਲਿਆ। ਮਿ੍ਰਤਕ ਕਿਸਾਨ ਦੇ ਚਾਚਾ ਗੁਰਜੰਟ ਸਿੰਘ ਉਭਾਵਾਲ ਨੇ ਦੱਸਿਆ ਕਿ ਹਰਦੇਵ ਸਿੰਘ ਤੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਸਾਢੇ 8 ਲੱਖ ਰੁਪਏ ਦੇ ਕਰੀਬ ਕਰਜਾ ਸੀ। ਜਿਸਨੂੰ ਮੋੜਨ ਵਿੱਚ ਉਹ ਅਸਮਰਥ ਸੀ ਜਿਸ ਕਾਰਨ ਉਹ ਪਿਛਲੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ।ਉਸ ਕੋਲ ਸਿਰਫ ਸਾਢੇ ਤਿੰਨ ਏਕੜ ਜਮੀਨ ਸੀ।ਬਡਰੁੱਖਾਂ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਮਿ੍ਰਤਕ ਹਰਦੇਵ ਸਿੰਘ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾ ਤੇ ਧਾਰਾ 174 ਦੀ ਕਾਰਵਾਈ ਕੀਤੀ ਜਾਵੇ।

ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ ਦੇ ਕਿਸਾਨ ਨੇ ਆੜਤੀ ਤੋਂ ਤੰਗ ਆ ਕੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ-ਮੌਤ ਨਾਲ ਜੂਝ ਰਿਹਾ ਹੈ। ਅਨਪੜ ਕਿਸਾਨ ਅਜੈਬ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਫਾਜ਼ਿਲਕਾ ਦੀ ਆੜਤੀ ਫ਼ਰਮ ਵੱਲੋਂ ਅਜੈਬ ਸਿੰਘ ਦੀ 10 ਏਕੜ ਵਿੱਚੋਂ ਸਾਢੇ ਸੱਤ ਏਕੜ ਜ਼ਮੀਨ ਧੋਖੇ ਨਾਲ 10 ਲੱਖ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਲਿਖਵਾ ਲਈ ਸੀ। ਇਸ ਦੇ ਇਵਜ਼ ਵਜੋਂ ਉਨਾਂ ਨੂੰ ਬਿਆਨਾ ਰਕਮ 30 ਲੱਖ ਰੁਪਏ ਵੀ ਦੇਣ ਦੀ ਗੱਲ ਲਿਖਵਾ ਲਈ ਪਰ ਪੀੜਤ ਕਿਸਾਨ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਬਾਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ।ਅਜੈਬ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਧੋਖਾਧੜੀ ਦਾ ਉਦੋਂ ਪਤਾ ਲੱਗਾ ਜਦੋਂ ਆੜਤੀਏ ਵੱਲੋਂ ਤਹਿਸੀਲ ਵਿੱਚ ਹਾਜ਼ਰੀ ਲਾਉਣ ਲਈ ਅਜੈਬ ਸਿੰਘ ਨੂੰ ਲੈ ਕੇ ਗਿਆ।

ਉਨਾਂ ਕਿਹਾ ਇਸ ਧੋਖਾਧੜੀ ਦਾ ਉਨਾਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਇਨਸਾਫ਼ ਨਾ ਮਿਲਿਆ। ਇਸ ਪ੍ਰੇਸ਼ਾਨੀ ਦੇ ਚੱਲਦੇ ਅਜੈਬ ਸਿੰਘ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਐਸ.ਐਸ.ਪੀ ਫਾਜ਼ਿਲਕਾ ਕੇਤਨ ਪਾਟਿਲ ਬਲਰਾਮ ਨੇ ਦੱਸਿਆ ਕਿ ਉਨਾਂ ਨੂੰ ਇਸ ਕੇਸ ਦੀ ਸੂਚਨਾ ਮਿਲ ਗਈ ਹੈ। ਸਬੰਧਤ ਕਿਸਾਨ ਦੀ ਮੈਡੀਕਲ ਰਿਪੋਰਟ ਹਾਲੇ ਨਹੀਂ ਮਿਲੀ। ਉਨਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਇਆ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ।ਅਜੈਬ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਐਮ.ਐਮ. ਸਿੰਘ ਨੇ ਦੱਸਿਆ ਕਿ ਕਿਸਾਨ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਕਿਸਾਨ ਨੂੰ 72 ਘੰਟੇ ਦੀ ਐਮਰਜੈਂਸੀ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਹੀ ਕਿਸਾਨ ਦੀ ਸਿਹਤ ਬਾਰੇ ਦੱਸਿਆ ਜਾ ਸਕਦਾ ਹੈ। ਇਹ ਕੋਈ ਪਹਿਲਾਂ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਆੜਤੀਆ ਵੱਲੋਂ ਕਿਸਾਨਾਂ ਦੀ ਜ਼ਮੀਨ ਧੋਖੇ ਨਾਲ ਕਬਜ਼ੇ ਕਰਨ ਦੇ ਮਾਮਲੇ ਆਉਂਦੇ ਰਹੇ ਹਨ। ਜਿਸ ਤੋਂ ਤੰਗ ਆ ਕੇ ਕਿਸਾਨ ਖ਼ੁਦਕੁਸ਼ੀ ਕਰਦੇ ਆ ਰਹੇ ਹਨ ਪਰ ਵੱਡੀ ਗੱਲ ਇਹ ਹੈ ਕਿ ਸਰਕਾਰ ਬਦਲਣ ਨਾਲ ਅਜਿਹੇ ਕੇਸਾਂ ਵਿੱਚ ਕੋਈ ਕਮੀ ਨਹੀਂ ਆਈ।

ਜਾਣਕਾਰੀ ਅਨੁਸਾਰ ਪਿੰਡ ਲਹਿਰਾ ਖਾਨਾ ਦੇ ਕਿਸਾਨ ਜਗਜੀਤ ਸਿੰਘ ਨੇ ਮੰਗਲਵਾਰ ਰਾਤ ਘਰ ਦੇ ਨੇੜੇ ਦੀ ਲੰਘਦੀ ਰੇਲਵੇ ਲਾਈਨ ‘ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਕਿਸਾਨ ਜਗਜੀਤ ਸਿੰਘ ਆਪਣੀ 60 ਸਾਲਾ ਬਿਰਧ ਮਾਤਾ ਦਾ ਇਕਲੌਤਾ ਸਹਾਰਾ ਸੀ। ਮਿ੍ਰਤਕ ਕਿਸਾਨ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਘਰ ਵਿਚ ਆਰਥਿਕ ਤੰਗੀ ਕਾਰਨ ਦੋ ਸਾਲ ਪਹਿਲਾਂ ਉਸ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਗਿਆ ਸੀ। ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਕੁਝ ਪੈਸੇ ਦੇ ਕੇ ਸਮਝੌਤਾ ਕੀਤਾ ਸੀ, ਜਿਸ ਤੋਂ ਬਾਅਦ ਉਸ ‘ਤੇ 4 ਲੱਖ ਰੁਪਏ ਕਰਜ਼ਾ ਚੜ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਸੰਤੋਖ ਸਿੰਘ ਲਹਿਰਾ ਖਾਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਨੇ ਘਰ ਦੀ ਆਰਥਿਕ ਤੰਗੀ ਦਾ ਜ਼ਿਕਰ ਕਰਦਿਆਂ ਆਪਣੇ ਦੋਸਤਾਂ ਅੱਗੇ ਖੁਦਕੁਸ਼ੀ ਦੀ ਗੱਲ ਕੀਤੀ ਸੀ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਹ ਉਸ ਦੇ ਘਰ ਜਾ ਕੇ ਉਸ ਨੂੰ ਸਮਝਾ ਕੇ ਆਇਆ ਸੀ, ਪਰ ਇਸ ਦੇ ਬਾਵਜੂਦ ਜਗਜੀਤ ਸਿੰਘ ਖ਼ੁਦਕੁਸ਼ੀ ਕਰ ਗਿਆ।

suicide
PUNJAB
farmer