ਹੁਣ ਪਾਕਿਸਤਾਨ ਵਲੋਂ ਭਾਰਤੀ ਚੌਂਕੀ ਤਬਾਹ ਕਰਨ ਦਾ ਦਾਅਵਾ

ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਦਾਅਵੇ ਨੂੰ ਨਕਾਰਿਆ

ਨੌਸ਼ਹਿਰਾ 24 ਮਈ (ਏਜੰਸੀਆਂ) ਬੀਤੇ ਦਿਨ ਭਾਰਤ ਵਲੋਂ ਪਾਕਿਸਤਾਨੀ ਚੌਂਕੀਆਂ ਨੂੰ ਤਬਾਹ ਕਰਨ ਦੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਭਾਵੇਂ ਪਾਕਿਸਤਾਨ ਨੇ ਭਾਰਤੀ ਦਾਅਵੇ ਨੂੰ ਨਕਾਰ ਦਿੱਤਾ ਸੀ ਪ੍ਰੰਤੂ ਅੱਜ ਉਸ ਵਲੋਂ ਭਾਰਤੀ ਚੌਂਕੀ ਨੂੰ ਤਬਾਹ ਕੀਤੇ ਜਾਣ ਦਾ ਦਾਅਵਾ ਕਰਦਿਆਂ  ਦੀ ਵੀਡੀਓ ਵਾਇਰਲ ਕੀਤੀ ਗਈ ਹੈ। ਇਥੇ ਭਾਰਤ ਵਲੋਂ ਨੌਸ਼ੇਰਾ ਸੈਕਟਰ ‘ਚ ਪਾਕਿ ਚੌਕੀ ਨੂੰ ਤਬਾਹ ਕਰਨ ਦੀਆਂ ਖਬਰਾਂ ਵਿਚਕਾਰ ਪਾਕਿ ਫੌਜ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਨਾਲ ਨੌਸ਼ੇਰਾ ਸਥਿਤ ਭਾਰਤੀ ਫੌਜ ਪੋਸਟ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਇਸ ਸੰਬੰਧ ‘ਚ ਪਾਕਿ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰ ਕੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਇਹ ਵੀਡੀਓ ਇਕ ਮਿੰਟ 28 ਸੈਕੰਡ ਦੀ ਹੈ। ਇਸ ਵੀਡੀਓ ‘ਚ ਚੌਕੀ ਵਾਂਗ ਦਿਖਣ ਵਾਲੇ ਕੁਝ ਸਟ੍ਰਕਚਰ ਧਮਾਕੇ ਕਾਰਨ ਡਿੱਗਦੇ ਅਤੇ ਉੱਥੇ ਮਿੱਟੀ ਉੱਡਦੀ ਨਜ਼ਰ ਆ ਰਹੀ ਹੈ ਪਰ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਹ ਭੜਕਾਉਣ ਵਾਲੀ ਵੀਡੀਓ ਹੋ ਸਕਦੀ ਹੈ, ਜਿਸ ‘ਚ ਉਸ ਨੇ ਖੁਦ ਹੀ ਆਪਣੀ ਚੌਕੀਆਂ ਤਬਾਹ ਕਰ ਲਈਆਂ ਹਨ। ਭਾਰਤੀ ਫੌਜ ਦੀ ਇਸ ਕਾਰਵਾਈ ਤੋਂ ਬਾਅਦ ਪਾਕਿ ਨੇ ਭਾਰਤ ਦੀ ਚੌਕੀ ਨੂੰ ਤਬਾਹ ਕਰਨ ਦੀ ਵੀਡੀਓ ‘ਚ ਦਾਅਵਾ ਕੀਤਾ ਸੀ।

ਹਾਲਾਂਕਿ, ਪਾਕਿ ਦੇ ਇਸ ਦਾਅਵੇ ਨੂੰ ਫੌਜ ਨੇ ਰੱਦ ਕਰ ਦਿੱਤਾ ਹੈ। ਨਿਊਜ਼ ਏਜੰਸੀ ਮੁਤਾਬਕ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਪਾਕਿ ਵਲੋਂ ਭਾਰਤੀ ਪੋਸਟ ਤਬਾਹ ਕਰਨ ਦੀ ਵੀਡੀਓ ਦਾ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ। ਉਨਾਂ ਨੇ ਕਿਹਾ ਕਿ ਭਾਰਤੀ ਚੌਕੀਆਂ ਦੀਆਂ ਕੰਧਾਂ ਕਾਫੀ ਮਜ਼ਬੂਤ ਹਨ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਹਮਾਇਤ ਦੇਣ ਅਤੇ ਦੋ ਭਾਰਤੀ ਫੌਜੀਆਂ ਨੂੰ ਕਰੂਰਤਾ ਨਾਲ ਕਤਲ ਕਰਨ ਦਾ ਮੰਗਲਵਾਰ ਨੂੰ ਬਦਲਾ ਲੈ ਲਿਆ। ਫੌਜ ਨੇ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਇਸ ਕਾਰਵਾਈ ਦੀ ਵੀਡੀਓ ਜਾਰੀ ਕੀਤੀ ਹੈ। ਇਹ ਵੀਡੀਓ 24 ਸੈਕਿੰਡ ਦੀ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੀਆਂ 10 ਚੌਕੀਆਂ ਨੂੰ ਤਬਾਹ ਕਰ ਦਿੱਤਾ। ਫੌਜ ਨੇ ਕਿਹਾ ਕਿ 9 ਮਈ ਨੂੰ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਆਪ੍ਰੇਸ਼ਨ ‘ਚ ਜਿਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਉਨਾਂ ‘ਚ ਰਾਕੇਟ ਲਾਂਚਰ, ਐਂਟੀ ਟੈਂਕ ਗਾਈਡਿਡ ਮਿਸਾਈਲ, ਗ੍ਰੇਨੇਡ ਲਾਂਚਰ ਅਤੇ ਰਿਕਾਏਲੇਸ ਗਨ ਸ਼ਾਮਲ ਸਨ। ਫੌਜ ਦੇ ਬੁਲਾਰੇ ਮੇਜਰ ਜਨਰਲ ਅਸ਼ੋਕ ਨਰੂਲਾ ਨੇ ਕਿਹਾ ਕਿ ਪਾਕਿ ਫੌਜ ਹਮੇਸ਼ਾ ਅੱਤਵਾਦੀਆਂ ਨੂੰ ਭਾਰਤ ‘ਚ ਘੁਸਪੈਠ ਕਰਾਉਣ ‘ਚ ਮਦਦ ਕਰਦੀ ਹੈ। ਬਰਫ ਪਿਘਲਣ ਤੋਂ ਬਾਅਦ ਇਸ ‘ਚ ਹੋਰ ਵਾਧਾ ਹੋ ਜਾਂਦਾ ਹੈ। ਇਨਾਂ ਨੂੰ ਰੋਕਣ ਲਈ ਫੌਜ ਨੇ ਕਾਰਵਾਈ ਕੀਤੀ ਅਤੇ ਪਾਕਿ ਫੌਜ ਦੀ ਚੌਕੀ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ।

pakistan
Border
India
Indian Army
Line of Control