ਭਾਰਤ ਸਿੱਖਾਂ ਨੂੰ ਪਾਕਿਸਤਾਨ ਨਹੀਂ ਜਾਣ ਦੇ ਰਿਹਾ: ਪਾਕਿ

ਲਾਹੌਰ 9 ਜੂਨ (ਏਜੰਸੀਆਂ) ਪਾਕਿਸਤਾਨ ਨੇ ਭਾਰਤ ਖਿਲਾਫ ਸਿੱਖ ਸੰਗਤ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਤੋਂ ਰੋਕੇ ਜਾਣ ਦੇ ਇਲਜ਼ਾਮ ਲਾਏ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਦਿੱਲੀ ਸਥਿਤ ਭਾਰਤੀ ਦੂਤਾਵਾਸ ਨੇ 80 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿੱਚ 14 ਜੂਨ ਨੂੰ ਪੰਚਮ ਗੁਰੂ ਦੇ ਸ਼ਹੀਦੇ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਵੀਜ਼ੇ ਦਿੱਤੇ ਸਨ। ਉਨਾਂ ਵਿੱਚੋਂ 66 ਯਾਤਰੀ ਲਾਹੌਰ ਨਹੀਂ ਪਹੁੰਚ ਸਕੇ ਕਿਉਂਕਿ ਭਾਰਤ ਨੇ ਉਨਾਂ ਨੂੰ ਤਕਨੀਕੀ ਕਾਰਨਾਂ ਦਾ ਬਹਾਨਾ ਲਾ ਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਹੀ ਰੋਕ ਲਿਆ।

ਓਕਾਫ ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ ਭਾਰਤੀ ਯਾਤਰੀਆਂ ਨੂੰ ਲੈਣ ਲਈ ਸਮਝੌਤਾ ਐਕਸਪ੍ਰੈਸ ਨੂੰ ਖਾਸ ਤੌਰ ‘ਤੇ ਅਟਾਰੀ ਭੇਜਿਆ ਗਿਆ ਸੀ ਪਰ ਸਿੱਖ ਸੰਗਤ ਨੂੰ ਇਹ ਕਹਿ ਕੇ ਰੇਲ ਵਿੱਚ ਚੜਨ ਨਾ ਦਿੱਤਾ ਗਿਆ ਕਿ ਅਸੀਂ ਯਾਤਰੀਆਂ ਨੂੰ ਸਿਰਫ ਸਪੈਸ਼ਲ ਟਰੇਨ ਰਾਹੀਂ ਹੀ ਪਾਕਿਸਤਾਨ ਭੇਜ ਸਕਦੇ ਹਾਂ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਨਾਂ ਸਪੈਸ਼ਲ ਰੇਲ ਵੀ ਤੁਰੰਤ ਭੇਜਣੀ ਚਾਹੀ ਪਰ ਭਾਰਤੀ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 80 ਵਿੱਚੋਂ 14 ਸਿੱਖ ਯਾਤਰੀਆਂ ਨੂੰ ਸੜਕੀ ਵਾਹਨਾਂ ਰਾਹੀਂ ਪਾਕਿਸਤਾਨ ਭੇਜਿਆ ਗਿਆ ਜਦਕਿ ਬਾਕੀ ਸੰਗਤ ਜਾ ਹੀ ਨਹੀਂ ਸਕੀ। ਇਹ 14 ਯਾਤਰੀ ਸ਼ਹੀਦੀ ਦਿਹਾੜਾ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 17 ਜੂਨ ਨੂੰ ਵਾਪਸ ਭਾਰਤ ਪਰਤਣਗੇ।

Unusual
Sikhs
pakistan
India
Visa