ਸਿੱਖ ਨੌਜਵਾਨਾਂ ਲਈ ਸੌਖੇ ਨਹੀਂ ਕੈਪਟਨ ਰਾਜ ਦੇ ਰਾਹ...

ਕੈਪਟਨ ਰਾਜ ਦੇ 80 ਦਿਨਾਂ ’ਚ 22 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਦੱਸਦਿਆਂ ਕੀਤਾ ਗਿ੍ਰਫ਼ਤਾਰ

ਬਠਿੰਡਾ 10 ਜੂਨ (ਅਨਿਲ ਵਰਮਾ) : ਕਾਂਗਰਸ ਵੱਲੋਂ 1984 ਵਿੱਚ ਕੀਤੇ ਗਏ ਕਤਲੇਆਮ ਦੀ ਅੱਗ ਅੱਜ ਵੀ ਸਿੱਖਾਂ ਦੇ ਦਿਲ ਵਿੱਚ ਸੁਲਗ ਰਹੀ ਹੈ ਤੇ ਨਾ ਹੀ ਇਸ ਘਟਨਾ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ ਮਿਲ ਸਕਿਆ। ਇੱਥੋਂ ਤੱਕ ਕਿ ਪੰਜਾਬ ਦੀ ਸਤਾ ਤੇ ਪਿਛਲੇ 10 ਸਾਲ ਕਾਬਜ ਰਹੀ ਬਾਦਲ ਸਰਕਾਰ ਦੌਰਾਨ ਵੀ ਸਿੱਖਾਂ ਤੇ ਹਮਲੇ ਹੁੰਦੇ ਰਹੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਤਾਂ ਹਿਰਦੇ ਵਲੂੰਦਰਕੇ ਰੱਖ ਦਿੱਤੇ ਇਹ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਨਾਲ ਸਿੱਖ ਨੌਜਵਾਨਾਂ ਲਈ ਆਉਣ ਵਾਲੇ ਸਮੇਂ ਦੇ ਰਾਹ ਸੁਖਾਲੇ ਨਜ਼ਰ ਨਹੀਂ ਆ ਰਹੇ? ਕੈਪਟਨ ਰਾਜ ਦੌਰਾਨ ਅੱਤਵਾਦ ਦੇ ਹਮਲਿਆਂ ਦੀ ਆਸ਼ੰਕਾ ਅਤੇ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਆੜ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਗਿ੍ਰਫਤਾਰ ਕੀਤੇ ਜਾ ਰਹੇ ਇਹਨਾ ਸਿੱਖ ਨੌਜਵਾਨਾਂ ਤੇ ਅੱਤਵਾਦੀ ਹੋਣ ਦੀ ਵੀ ਮੋਹਰ ਲਾਈ ਜਾ ਰਹੀ ਹੈ? ਕੈਪਟਨ ਰਾਜ ਦੇ 80 ਦਿਨਾਂ ਵਿੱਚ ਲਗਭਗ 22 ਦੇ ਕਰੀਬ ਨੌਜਵਾਨਾਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ ਅਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਇਹ ਵਿਅਕਤੀ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਸੰਗਠਨਾਂ ਦੇ ਇਸ਼ਾਰਿਆਂ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਸਨ।

ਵੇਰਵਿਆਂ ਅਨੁਸਾਰ 19 ਅਪ੍ਰੈਲ ਨੂੰ ਸਮਿੰਦਰ ਸ਼ੈਰੀ ਦੇ ਨੇੜਲੇ ਸਾਥੀਆਂ ਨੂੰ ਇਸ ਲਈ ਗਿ੍ਰਫਤਾਰ ਕਰ ਲਿਆ ਕਿ ਉਹ ਜਰਮਨ ’ਚ ਬੈਠੇ ਖਾਲਿਸਤਾਨੀ ਦਹਿਸ਼ਤ ਫੈਲਾਉਣ ਵਾਲੇ ਸਿੱਖਾਂ ਦੀ ਸ਼ੈਹ ਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, 21 ਮਈ ਨੂੰ ਬੀਐਸਐਫ ਨੇ ਪਾਕਿਸਤਾਨ ਬਾਰਡਰ ਦੇ ਨੇੜਿਅਓਂ ਮਾਨ ਸਿੰਘ ਅਤੇ ਸ਼ੇਰ ਸਿੰਘ ਨੂੰ ਪਾਕਿਸਤਾਨੀ ਅਕਾਵਾਂ ਵੱਲੋਂ ਭੇਜੀ ਹਥਿਆਰਾਂ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕਰਦਿਆਂ ਗਿ੍ਰਫਤਾਰ ਕੀਤਾ ਗਿਆ, 26 ਮਈ ਨੂੰ ਪੰਜਾਬ ਪੁਲਿਸ ਵੱਲੌਂ ਬਠਿੰਡਾ ਦੇ ਨੇੜਿਓਂ ਪੰਜ ਵਿਅਕਤੀਆਂ ਤਰਸੇਮ ਸਿੰਘ, ਮਨਜੀਤ ਸਿੰਘ, ਮੋਹਕਮ ਸਿੰਘ ਬੱਬਰ, ਜਸਵੀਰ ਸਿੰਘ ਅਤੇ ਜਸਵੰਤ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਉੁਹਨਾਂ ਤੇ ਇਹ ਦੋਸ਼ ਲਾਏ ਗਏ ਕਿ ਇਹ ਖਾਲਿਸਤਾਨ ਜਿੰਦਾਬਾਦ ਗਰੁੱਪ ਨਾਲ ਸਬੰਧਤ ਹਨ, 30 ਮਈ ਨੂੰ ਮੁਹਾਲੀ ਪੁਲਿਸ ਵੱਲੋਂ ਹਰਬਰਿੰਦਰ ਸਿੰਘ, ਅੰਮਿ੍ਰਤਪਾਲ ਕੌਰ, ਜਰਨੈਲ ਸਿੰਘ ਅਤੇ ਰਣਦੀਪ ਸਿੰਘ ਨੂੰ ਵੀ ਖਾਲਿਸਤਾਨ ਜਿੰਦਾਬਾਦ ਗਰੁੱਪ ਦੇ ਮੈਂਬਰ ਦੱਸਦਿਆਂ ਗਿ੍ਰਫਤਾਰ ਕੀਤਾ ਗਿਆ ਅਤੇ ਇਹ ਦੋਸ਼ ਲਾਏ ਕਿ ਇਹ ਵੱਖਰਾ ਗਰੁੱਪ ਬਨਾਉਣ ਦੀ ਤਿਆਰੀ ਵਿੱਚ ਸਨ ਅਤੇ ਇਹਨਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ, ਫਿਰ 4 ਜੂਨ ਨੂੰ ਨਵਾਂ ਸ਼ਹਿਰ ਪੁਲਿਸ ਵੱਲੋਂ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਇਹਨਾਂ ਤੇ ਦੋਸ਼ ਲਾਏ ਗਏ ਕਿ ਇਹ ਵਿਅਕਤੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਸਬੰਧਤ ਹਨ ਅਤੇ ਗੁਰਦਿਆਲ ਸਿੰਘ ਕਈ ਵਾਰ ਪਾਕਿਸਤਾਨ ਗਿਆ ਤੇ ਉਥੋਂ ਆਈਐਸਆਈ ਨੇ ਅਸਲੇ ਦੀ ਟਰੇਨਿੰਗ ਦਿੱਤੀ।

ਨਵਾਂ ਸ਼ਹਿਰ ਪੁਲਿਸ ਵੱਲੋਂ ਦੋ ਹੋਰ ਨੌਜਵਾਨਾਂ ਗੁਰਜੀਤ ਸਿੰਘ ਉਰਫ ਗੁੱਗੂ ਪਿੰਡ ਵਡਾਲਾ ਗ੍ਰੰਥੀਆਂ ਜਿਲਾ ਗੁਰਦਾਸਪੁਰ ਅਤੇ ਗੁਰਮੁੱਖ ਸਿੰਘ ਪਿੰਡ ਤਲਵੰਡੀ ਨਾਹਰ ਜਿਲਾ ਅੰਮਿ੍ਰਤਸਰ ਨੂੰ ਭਾਰੀ ਮਾਤਰਾ ਵਿੱਚ ਅਸਲੇ ਸਮੇਤ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਸਾਜਿਸ਼ਾਂ ਰੱਚ ਰਹੇ ਸਨ। ਇੱਥੋਂ ਤੱਕ ਕਿ ਪੁਲਿਸ ਵੱਲੋਂ ਬਠਿੰਡਾ ਦੇ ਰਮਨਦੀਪ ਸਿੰਘ ਖਾਲਸਾ ਅਤੇ ਪਰਮਿੰਦਰ ਸਿੰਘ ਹੈਰੀ ਜੋਗਾਨੰਦ ਨੂੰ ਵੀ ਗਿ੍ਰਫਤਾਰ ਕਰਕੇ ਇਹਨਾਂ ਵੱਲੌਂ ਸਿੱਖ ਪ੍ਰਚਾਰਕਾਂ ਦਾ ਕਤਲੇਆਮ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ। ਜਿਲਾ ਬਠਿੰਡਾ ਦੇ ਪਿੰਡ ਬੁਲਾਡੇਵਾਲਾ ਦੇ ਨਾਬਾਲਿਗ ਸਿੱਖ ਨੌਜਵਾਨ ਗੁਰਦੀਪ ਸਿੰਘ ਨੂੰ ਸ਼ਿਵਸੈਨੀਆਂ ਦੀ ਸ਼ਿਕਾਇਤ ਤੇ ਗਿ੍ਰਫਤਾਰ ਕੀਤਾ ਗਿਆ, ਇੱਥੋਂ ਤੱਕ ਕਿ ਪਿੰਡ ਦੋਦਾ ਦੇ ਮਜਦੂਰ ਸਿੱਖ ਨੌਜਵਾਨ ਸਤਨਾਮ ਸਿੰਘ ਨੂੰ ਵੀ ਮੁਹਾਲੀ ਪੁਲਿਸ ਵੱਲੋਂ ਅੱਤਵਾਦੀ ਦੱਸਦਿਆਂ ਗਿ੍ਰਫਤਾਰ ਕੀਤਾ ਗਿਆ ਹੋਰ ਤਾਂ ਹੋਰ ਮਈ ਮਹੀਨੇ ਵਿੱਚ ਜਿਲਾ ਬਠਿੰਡਾ ਦੇ ਪਿੰਡ ਧੰਨ ਸਿੰਘ ਖਾਨਾ ਵਿਖੇ ਵਾਪਰੀ ਬੇਅਦਬੀ ਘਟਨਾ ਲਈ ਪੁਲਿਸ ਵੱਲੋਂ ਪਿੰਡ ਦੇ ਹੀ ਅੰਮਿ੍ਰਤਧਾਰੀ ਬਜੁਰਗ ਭਾਲਵਿੰਦਰ ਸਿੰਘ ਤੇ ਥਰਡ ਡਿਗਰੀ ਦਾ ਇਸਤੇਮਾਲ ਕਰਦਿਆਂ ਦੋਸ਼ ਕਬੂਲ ਕਰਨ ਲਈ ਦਬਾਅ ਪਾਇਆ ਗਿਆ।

ਇਹ ਸੱਚ ਥਾਣਾ ਕੋਟਫੱਤਾ ਦੇ ਥਾਣੇਦਾਰ ਵੱਲੋਂ ਵੀ ਇਹ ਮੰਨਿਆ ਗਿਆ ਕਿ ਭਾਲਵਿੰਦਰ ਸਿੰਘ ਦਾ ਬੇਅਦਬੀ ਦੀ ਵਾਪਰੀ ਘਟਨਾਂ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ। ਗਿ੍ਰਫਤਾਰ ਕੀਤੇ ਗਏ ਇਹਨਾਂ ਨੌਜਵਾਨਾਂ ਤੋਂ ਪੁਲਿਸ ਕੀ ਕੁੱਝ ਸੱਚ ਸਾਹਮਣੇ ਲਿਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਫਿਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਇੱਕ ਵਾਰ ਫਿਰ ਘੱਟ ਗਿਣਤੀ ਵਰਗ ਤੇ ਖਾਸਕਰ ਸਿੱਖਾਂ ਤੇ ਤਸ਼ੱਦਦ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ? ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੀ ਲਗਾਤਾਰ ਕੀਤੀ ਜਾ ਰਹੀ ਫੜੋ ਫੜੀ ਅਤੇ ਅੱਤਵਾਦੀ ਹੋਣ ਦੀ ਲਾਈ ਜਾ ਰਹੀ ਮੋਹਰ ਕਿਤੇ ਪੰਜਾਬ ਦਾ ਮਾਹੌਲ ਹੀ ਖਬਰ ਨਾ ਕਰਕੇ ਰੱਖ ਦਵੇ? ਕਿਉਂਕਿ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਦਾ ਸੱਚ ਤਾਂ ਪੁਲਿਸ ਸਾਹਮਣੇ ਨਹੀਂ ਲਿਆ ਸਕੀ ਪਰ ਸਿੱਖਾਂ ਤੇ ਤਸ਼ੱਦਦ ਲਗਾਤਾਰ ਵੱਧਦਾ ਜਾ ਰਿਹਾ ਹੈ। ਇਹਨਾਂ ਘਟਨਾਵਾਂ ਸਬੰਧੀ ਬਠਿੰਡਾ ਦੌਰੇ ਤੇ ਆਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਅੱਤਵਾਦੀ ਹਮਲੇ ਹੋਣ ਦੀ ਆਸ਼ੰਕਾ ਰਾਹੀਂ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ, ਹਾਲੇ ਅੱਗੇ ਅੱਗੇ ਦੋਖੇ ਕੀ ਕੁੱਝ ਵਾਪਰਦਾ ਹੈ? ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦਾ ਦਾਅਵਾ ਹੈ ਕਿ ਇਹ ਵਿਅਕਤੀ ਸੂਬੇ ਦਾ ਮਾਹੌਲ ਖਰਾਬ ਕਰ ਸਕਦੇ ਹਨ ਜਿਸ ਕਰਕੇ ਇਹਨਾਂ ਨੂੰ ਭਾਰੀ ਮਾਤਰਾ ’ਚ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ ਪੰਜਾਬ ’ਚ ਅੱਤਵਾਦ ਲਈ ਕੋਈ ਥਾਂ ਨਹੀਂ ਅਤੇ ਪੁਲਿਸ ਸ਼ੋਸ਼ਲ ਮੀਡੀਆ ਸਮੇਤ ਹਰ ਪੱਖ ਤੋਂ ਤਿੱਖੀ ਨਜ਼ਰ ਰੱਖ ਰਹੀ ਹੈ।

PUNJAB
Sikhs