ਪਾਕਿਸਤਾਨ ‘ਚ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਦਿੱਤੀ ਜਾ ਰਹੀ ਟ੍ਰੇਨਿੰਗ

ਅੰਮਿ੍ਰਤਸਰ 12 ਜੂਨ (ਪ.ਬ.) ਚੜਦੀ ਕਲਾਂ ਪੰਜਾਬੀ ਸਿੱਖ ਸੰਗਤ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਦੇ ਸਿੱਖ ਨੌਜਵਾਨਾਂ ‘ਚ ਦਸਤਾਰ ਸਜਾਉਣ ਦਾ ਰੁਝਾਨ ਪੈਦਾ ਕਰਨ ਲਈ ਦਸਤਾਰ ਸਜਾਉਣ ਦੇ ਟ੍ਰੇਨਿੰਗ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਜਿੱਥੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ, ਉੱਥੇ ਹੀ ਸੰਗਤਾਂ ਅਤੇ ਨੌਜਵਾਨਾਂ ਵੱਲੋਂ ਦਸਤਾਰ ਸਜਾਉਣ ਦੀ ਟ੍ਰੇਨਿੰਗ ਵਿਚ ਵੀ ਹਿੱਸਾ ਲਿਆ ਜਾ ਰਿਹਾ ਹੈ।

ਇਸ ਦੌਰਾਨ ਜਿੱਥੇ ਦਸਤਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਉਨਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਟਰਬਨ ਕੋਚ ਕਪਿਲ ਰਾਜ ਸਿੰਘ ਨੇ ਆਈਆਂ ਸਿੱਖ ਸੰਗਤਾਂ ਦਾ ਸਵਾਗਤ ਕੀਤਾ ਅਤੇ ਇਸ ਦੇ ਨਾਲ ਹੀ ਉਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਹਾਲਾਤ ਅਨੁਸਾਰ ਸਾਨੂੰ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਨੇ ਇਸ ਗੱਲ ਦਾ ਵੀ ਅਫਸੋਸ ਪ੍ਰਗਟਾਇਆ ਕਿ ਦਸਤਾਰ, ਜੋ ਸਿੱਖ ਕੌਮ ਦੀ ਪਛਾਣ ਹੈ, ਦੇ ਲਈ ਧਾਰਮਿਕ ਸੰਸਥਾਵਾਂ ਵੱਲੋਂ ਉਹ ਉਪਰਾਲੇ ਨਹੀਂ ਕੀਤੇ ਜਾ ਰਹੇ, ਜੋ ਕੀਤੇ ਜਾਣੇ ਚਾਹੀਦੇ ਹਨ।

Unusual
pakistan
Sikhs
Turban