ਹੁਣ ਟਰੈਕਟਰ ਹੋਣਗੇ ਮਹਿੰਗੇ

ਨਵੀਂ ਦਿੱਲੀ 15 ਜੂਨ (ਏਜੰਸੀਆਂ) ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਬਾਅਦ ਟਰੈਕਟਰਾਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਟਰੈਕਟਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਨਵੀਂ ਟੈਕਸ ਵਿਵਸਥਾ ‘ਚ ਟਰੈਕਟਰ ਦੇ ਮੁੱਲ 25,000 ਤੋਂ 30,000 ਰੁਪਏ ਤਕ ਵਧ ਸਕਦੇ ਹਨ। ਉਨਾਂ ਮੁਤਾਬਿਕ ਜੀ. ਐੱਸ. ਟੀ. ‘ਚ ਟਰੈਕਟਰ ਦੇ ਪੁਰਜ਼ਿਆਂ ‘ਤੇ 18 ਫ਼ੀਸਦੀ ਟੈਕਸ ਲਗਾਏ ਜਾਣ ਨਾਲ ਪ੍ਰਤੀ ਟਰੈਕਟਰ ਦੀ ਲਾਗਤ 25000 ਰੁਪਏ ਵਧ ਜਾਵੇਗੀ, ਜਿਸ ਕਾਰਨ ਉਦਯੋਗ ਦੀ ਕਾਰਜਸ਼ੀਲ ਪੂੰਜੀ ‘ਤੇ ਪ੍ਰਭਾਵ ਪਵੇਗਾ। ਯਾਨੀ ਪੁਰਜ਼ਿਆਂ ‘ਤੇ ਜ਼ਿਆਦਾ ਟੈਕਸ ਹੋਣ ਕਾਰਨ ਉਦਯੋਗ ਦਾ ਖ਼ਰਚ ਵਧ ਜਾਵੇਗਾ, ਜਿਸ ਦਾ ਬੋਝ ਗਾਹਕਾਂ ‘ਤੇ ਪਵੇਗਾ। ਜੀ. ਐੱਸ. ਟੀ. ਪ੍ਰੀਸ਼ਦ ਦੀ ਹਾਲ ਹੀ ‘ਚ ਹੋਈ ਬੈਠਕ ‘ਚ ਟਰੈਕਟਰ ਦੇ ਪੁਰਜ਼ਿਆਂ ‘ਤੇ ਟੈਕਸ ਦਰ 28 ਫ਼ੀਸਦੀ ਤੋਂ ਘਟਾ 18 ਫ਼ੀਸਦੀ ਕਰ ਦਿੱਤੀ ਗਈ ਸੀ ਪਰ ਉਦਯੋਗ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ।

ਟਰੈਕਟਰ ਨਿਰਮਾਣ ਸੰਗਠਨ (ਟੀ. ਐੱਮ. ਏ.) ਦੇ ਸਾਬਕਾ ਮੁਖੀ ਅਤੇ ਸੰਗਠਨ ਦੀ ਤਕਨੀਕੀ ਕਮੇਟੀ ਦੇ ਚੇਅਰਮੈਨ ਟੀ. ਆਰ. ਕੇਸ਼ਵਨ ਨੇ ਕਿਹਾ ਕਿ ਟੈਕਸ ਢਾਂਚੇ ‘ਚ ਇਨਪੁੱਟ ਟੈਕਸ 28 ਫ਼ੀਸਦੀ ਅਤੇ ਆਊਟਪੁੱਟ ਟੈਕਸ 18 ਫ਼ੀਸਦੀ ਰੱਖਿਆ ਗਿਆ ਹੈ, ਜਿਸ ਕਾਰਨ ਦਿੱਤੀ ਗਈ ਰਾਹਤ ਮਾਮੂਲੀ ਹੋਵੇਗੀ ਅਤੇ ਪ੍ਰਤੀ ਟਰੈਕਟਰ ਇਨਪੁੱਟ ਲਾਗਤ ਵਧੇਗੀ। ਉਨਾਂ ਨੇ ਅੰਦਾਜ਼ਾ ਲਾਇਆ ਕਿ ਇਸ ਕਾਰਨ ਟਰੈਕਟਰ ਦੇ ਮੁੱਲ ‘ਚ ਤਕਰੀਬਨ 25,000 ਰੁਪਏ ਦਾ ਵਾਧਾ ਹੋਵੇਗਾ। ਉੱਥੇ ਹੀ ਕੀਮਤਾਂ ‘ਚ ਇਹ ਇੱਕ ਵਾਰ ‘ਚ ਸਭ ਤੋਂ ਜ਼ਿਆਦਾ ਵਾਧਾ ਹੋਵੇਗਾ। ਇਸ ਵਾਧੇ ਦਾ ਬੋਝ ਗਾਹਕਾਂ ‘ਤੇ ਪਵੇਗਾ, ਜੋ ਮੁੱਖ ਤੌਰ ‘ਤੇ ਕਿਸਾਨ ਹਨ।

ਟੈਫੇ ਚੇਅਰਮੈਨ ਅਤੇ ਸੀ. ਈ. ਓ. ਮਲਿਕਾ ਸ਼੍ਰੀਨਿਵਾਸਨ ਨੇ ਕਿਹਾ ਕਿ ਹੁਣ ਤਕ ਟਰੈਕਟਰਾਂ ‘ਤੇ ਕੋਈ ਫਾਈਨਲ ਡਿਊਟੀ ਨਹੀਂ ਲੱਗਦੀ ਸੀ ਪਰ ਹੁਣ 12 ਫ਼ੀਸਦੀ ਜੀ. ਐੱਸ. ਟੀ. ਲੱਗੇਗਾ। ਟਰੈਕਟਰ ਅਤੇ ਖੇਤੀਬਾੜੀ ਉਪਕਰਨ ਵਾਲੀ ਕੰਪਨੀ ਟੈਫੇ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਇੰਜਨ, ਟਰਾਂਸਮਿਸ਼ਨ, ਐਕਸੇਲ, ਸੈਂਟਰ ਹਾਊਸਿੰਗ, ਅਗਲੇ-ਪਿਛਲੇ ਟਾਇਰਾਂ ਅਤੇ ਟਿਊਬਾਂ ਸਮੇਤ ਸਾਰੇ ਉਪਕਰਨਾਂ ‘ਤੇ ਟੈਕਸ ਘੱਟ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕਿਸਾਨਾਂ ‘ਤੇ ਇਸ ਦਾ ਬੋਝ ਨਾ ਵਧੇ।
   

GST
Inflation
Tractor
farmer