ਹੁਸ਼ਿਆਰਪੁਰ ’ਚ ਥਾਣੇਦਾਰ ਦਾ ਬੇਰਹਿਮੀ ਨਾਲ ਕਤਲ

ਹੁਸ਼ਿਆਰਪੁਰ 16 ਜੂਨ (ਪ.ਬ.) ਹੁਸ਼ਿਆਰਪੁਰ ਦੇ ਕਸਬਾ ਚਾਮਚੁਰਸੀ ਦੇ ਪਿੰਡ ਕਾਨੇ ਵਿੱਚ ਬੀਤੀ ਰਾਤ ਯੂ ਪੀ ਪੁਲਿਸ ਦੇ ਸੇਵਾ ਮੁਕਤ ਕਰਮਚਾਰੀ ਦਾ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਹੈ ਕਿ ਮਿ੍ਰਤਕ ਦੀ ਪਛਾਣ ਕਰਨੀ ਵੀ ਔਖੀ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮਦਨ ਲਾਲ ਨਾਮਕ ਵਿਅਕਤੀ ਯੂ ਪੀ ਪੁਲਿਸ ਤੋਂ ਏਐਸਆਈ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ। ਛੇ ਸਾਲ ਪਹਿਲਾਂ ਸੇਵਾ ਮੁਕਤੀ ਤੋਂ ਬਾਅਦ ਮਦਨ ਲਾਲ ਆਪਣੀ ਪਤਨੀ ਤੇ ਬੇਟੀ ਨਾਲ ਪਿੰਡ ਵਿੱਚ ਰਹਿ ਰਿਹਾ ਸੀ। ਮਦਨ ਲਾਲ ਦੇ ਤਿੰਨ ਬੇਟੇ ਹਨ ਜੋ ਇਸ ਸਮੇਂ ਵਿਦੇਸ਼ ਵਿੱਚ ਹਨ।

ਮਿਲੀ ਜਾਣਕਾਰੀ ਅਨੁਸਾਰ ਮਦਨ ਲਾਲ ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਮੋਟਰਸਾਈਕਲ ਉੱਤੇ ਖੇਤਾਂ ਵੱਲ ਗੇੜਾ ਮਾਰਨ ਗਿਆ ਸੀ। ਰਸਤੇ ਵਿੱਚ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਦੇਰ ਰਾਤ ਤੱਕ ਜਦੋਂ ਮਦਨ ਲਾਲ ਘਰ ਨਹੀਂ ਪਰਤਿਆਂ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਖੇਤਾਂ ਵਿੱਚੋਂ ਮਦਨ ਲਾਲ ਦੀ ਲਾਸ਼ ਬਰਾਮਦ ਕੀਤੀ ਗਈ। ਮਿ੍ਰਤਕ ਦੀ ਪਤਨੀ ਨਿਰਮਲ ਕੌਰ ਨੇ ਦੱਸਿਆ ਕਿ ਉਨਾਂ ਦੀ ਪਿੰਡ ਵਿੱਚ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ। ਪੁਲਿਸ ਮਾਮਲਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Unusual
Hoshiarpur
Murder
Crime
Punjab Police