ਖੁਸ਼ਖ਼ਬਰੀ: ਪੰਜਾਬ ‘ਚ ਮੌਨਸੂਨ ਦੀ ਬਰਸਾਤ ਆਮ ਨਾਲੋਂ ਦਸ ਦਿਨ ਪਹਿਲਾਂ

ਚੰਡੀਗੜ  16 ਜੂਨ (ਮਨਜੀਤ ਟਿਵਾਣਾ) ਪੰਜਾਬ, ਹਰਿਆਣਾ ਅਤੇ ਚੰਡੀਗੜ ਵਿੱਚ ਮੌਨਸੂਨ ਆਮ ਨਾਲੋਂ ਦਸ ਦਿਨ ਪਹਿਲਾਂ ਪੁੱਜ ਜਾਵੇਗੀ। ਵੀਹ ਜੂਨ ਨੂੰ ਪ੍ਰੀ-ਮੌਨਸੂਨ ਦੀ ਉਡੀਕ ਖ਼ਤਮ ਹੋ ਜਾਵੇਗੀ ਜਦੋਂਕਿ 26 ਜੂਨ ਤੋਂ ਬਰਸਾਤ ਪੈਣ ਲੱਗ ਜਾਵੇਗੀ। ਮੌਸਮ ਵਿਭਾਗ ਮੁਤਾਬਕ ਦੱਖਣ-ਪੂਰਬੀ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਵੱਲੋਂ ਅਗਾਊਂ ਦਸਤਕ ਦੇਣ ਦੇ ਆਸਾਰ ਹਨ। ਮਹਾਰਾਸ਼ਟਰ ਅਤੇ ਮੱਧ ਭਾਰਤ ਵਿੱਚ ਬਰਸਾਤ ਪੈਣ ਲੱਗ ਪਈ ਹੈ। ਪ੍ਰੀ-ਮੌਨਸੂਨ ਦੇ 19 ਜਾਂ 20 ਜੂਨ ਨੂੰ ਸ਼ੁਰੂ ਹੋਣ ਦੀ ਉਮੀਦ ਹੈ ਜਦੋਂਕਿ ਅਗਲੇ ਹਫ਼ਤੇ ਦੇ ਅਖੀਰ ਤਕ ਬਰਸਾਤ ਸ਼ੁਰੂ ਹੋ ਜਾਵੇਗੀ।

ਮੌਸਮ ਵਿਭਾਗ ਨੇ 16 ਅਤੇ 17 ਜੂਨ ਨੂੰ ਹਲਕੇ ਛਿੱਟੇ ਪੈਣ ਦੀ ਸੰਭਾਵਨਾ ਜਤਾਈ ਹੈ। ਦੋਵੇਂ ਦਿਨ ਵੱਧ ਤੋਂ ਵੱਧ ਤਾਪਮਾਨ 36 ਤੋਂ 37 ਡਿਗਰੀ ਰਹਿਣ ਦੀ ਭਵਿੱਖਬਾਣੀ ਹੈ। ਇਸ ਵਾਰ ਮੀਂਹ ਆਮ ਨਾਲੋਂ ਵੱਧ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਕਈ ਥਾਈਂ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਚੰਡੀਗੜ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਮੁਹਾਲੀ, ਰੋਪੜ, ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਕੱਲ ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 41 ਤੋਂ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

Weather
Rain
Summer