ਦਿਨ ਚੜਦੇ ਹੀ ਘਰ ਦਾਖ਼ਲ ਹੋ ਬੁਰੀ ਤਰਾਂ ਵੱਢੇ ਦੋ ਭਰਾ

ਜ਼ਮੀਨ ‘ਤੇ ਪਾਣੀ ਵਾਂਗ ਡੁੱਲਿਆ ਖੂਨ 

ਖਰੜ 17 ਜੂਨ (ਪ.ਬ.) : ਪਿੰਡ ਦੇਸੂਮਾਜਰਾ ਦੇ ਇਕ ਘਰ ‘ਚ ਅਣਪਛਾਤੇ ਵਿਅਕਤੀ ਵਲੋਂ 2 ਭਰਾਵਾਂ ‘ਤੇ ਕੀਤੇ ਕਾਤਲਾਨਾ ਹਮਲੇ ‘ਚ ਇਕ ਗੰਭੀਰ ਰੂਪ ‘ਚ ਫੱਟੜ ਹੋ ਗਿਆ ਜਦਕਿ ਦੂਜੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਗੰਭੀਰ ਫੱਟੜ ਨੂੰ ਪੀ. ਜੀ. ਆਈ. ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਦਰ ਪੁਲਸ ਨੇ ਮੌਕੇ ‘ਤੇ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।ਘਟਨਾ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਇਹ ਵਾਰਦਾਤ ਤੜਕੇ ਪੌਣੇ 5 ਵਜੇ ਵਾਪਰੀ ਜਦੋਂ ਸੌਦਾਗਰ ਸਿੰਘ (60) ਨਾਂ ਦਾ ਵਿਅਕਤੀ ਆਪਣੇ ਛੋਟੇ ਭਰਾ ਹਾਕਮ ਸਿੰਘ, ਜੋ ਕਿ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ, ਸਮੇਤ ਘਰ ‘ਚ ਮੌਜੂਦ ਸੀ। ਸੌਦਾਗਰ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ, ਜਦੋਂਕਿ ਉਸਦੇ ਦੋਵੇਂ ਲੜਕੇ ਵਿਦੇਸ਼ ‘ਚ ਰਹਿ ਰਹੇ ਹਨ। ਸੌਦਾਗਰ ਸਿੰਘ ਤੇ ਉਸਦਾ ਛੋਟਾ ਭਰਾ ਜਦੋਂ ਘਰ ‘ਚ ਮੌਜੂਦ ਸਨ ਤਾਂ ਇਸੇ ਦੌਰਾਨ ਇਕ ਕੇਸਧਾਰੀ ਵਿਅਕਤੀ ਕਰੀਬ (55), ਜਿਸਨੇ ਮੂੰਹ ਢਕਿਆ ਹੋਇਆ ਸੀ, ਨੇ ਘਰ ਦਾ ਮੇਨ ਗੇਟ ਖੁੱਲਵਾਉਣ ਦੀ ਕੋਸ਼ਿਸ ਕੀਤੀ ਪਰ ਅੰਦਰੋਂ ਕੋਈ ਜਵਾਬ ਨਾ ਮਿਲਣ ‘ਤੇ ਉਸਨੇ ਘਰ ਦਾ ਹੀ ਦੂਜਾ ਛੋਟਾ ਗੇਟ ਖੜਕਾਇਆ, ਜਿਵੇਂ ਹੀ ਅੰਦਰੋਂ ਛੋਟੇ ਭਰਾ ਨੇ ਗੇਟ ਖੋਲਿਆ ਤਾਂ ਉਕਤ ਬਾਹਰੋਂ ਆਏ ਵਿਅਕਤੀ ਨੇ ਆਪਣੇ ਹੱਥ ‘ਚ ਫੜੇ ਤੇਜ਼ਧਾਰ ਹਥਿਆਰ ਨਾਲ ਹਾਕਮ ਸਿੰਘ ‘ਤੇ ਹਮਲਾ ਕੀਤਾ।

ਹਾਕਮ ਸਿੰਘ ਨੇ ਆਪਣਾ ਬਚਾਅ ਕਰਦਿਆਂ ਜਿਵੇਂ ਹੀ ਰੌਲਾ ਪਾਇਆ ਤਾਂ ਉਸਦੀ ਆਵਾਜ਼ ਸੁਣ ਕੇ ਬਾਹਰ ਆਏ ਸੌਦਾਗਰ ਸਿੰਘ ‘ਤੇ ਹਮਲਾਵਰ ਨੇ ਲਗਾਤਾਰ ਕਈ ਵਾਰ ਕਰ ਦਿੱਤੇ, ਜੋ ਕਿ ਉਸਦੇ ਮੱਥੇ ਤੋਂ ਇਲਾਵਾ ਉਸਦੀਆਂ ਬਾਹਾਂ ਤੇ ਸਰੀਰ ਦੇ ਹੋਰ ਹਿੱਸਿਆ ‘ਤੇ ਲੱਗਣ ਨਾਲ ਉਹ ਬੁਰੀ ਤਰਾਂ ਲਹੂ-ਲੁਹਾਨ ਹੋ ਕੇ ਥੱਲੇ ਡਿਗ ਪਿਆ। ਇਸੇ ਦੌਰਾਨ ਹਾਕਮ ਸਿੰਘ ਨੇ ਆਪਣੇ ਬਚਾਅ ਲਈ ਜਦੋਂ ਇਕ ਸੋਟੀ ਚੁੱਕੀ ਤਾਂ ਉਕਤ ਹਮਲਾਵਰ ਉਥੋਂ ਭੱਜ ਗਿਆ। ਹਮਲਾਵਰ ਵਾਰਦਾਤ ਦੌਰਾਨ ਵਰਤਿਆ ਗਿਆ ਤੇਜ਼ਧਾਰ ਹਥਿਆਰ ਕੁਝ ਹੀ ਦੂਰੀ ‘ਤੇ ਇਕ ਘਰ ਦੀ ਦੂਜੀ ਮੰਜ਼ਿਲ ਤੇ ਉਸ ਵਲੋਂ ਪਾਏ ਦਸਤਾਨੇ ਗਲੀ ‘ਚ ਸੁੱਟ ਕੇ ਫਰਾਰ ਹੋ ਗਿਆ।ਭੱਜਦਾ ਹੋਇਆ ਹਮਲਾਵਰ ਇਕ ਦੁਕਾਨ ਦੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ। ਪੁਲਸ ਇਸ ਫੁਟੇਜ ਦੇ ਆਧਾਰ ‘ਤੇ ਉਕਤ ਵਿਅਕਤੀ, ਜਿਸਨੇ ਆਪਣੀ ਪਿੱਠ ਪਿੱਛੇ ਬੈਗ ਵੀ ਪਾਇਆ ਸੀ, ਬਾਰੇ ਪਤਾ ਲਾਉਣ ਦੀ ਕੋਸ਼ਿਸ ਕਰ ਰਹੀ ਹੈ। ਫਿਲਹਾਲ ਅਣਪਛਾਤੇ ਵਿਅਕਤੀ ਖਿਲਾਫ ਧਾਰਾ-307 ਅਧੀਨ ਮਾਮਲਾ ਦਰਜ ਕਰਦਿਆਂ ਇਸ ਵਾਰਦਾਤ ਦੀ ਤਫਤੀਸ਼ ਕੀਤੀ ਜਾਵੇਗੀ।

Unusual
Crime
Murder