ਭਾਰਤੀ ਫ਼ੌਜ ਵਲੋਂ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਸਿੱਖਾਂ ਨੂੰ ਦਿੱਤਾ ‘ਖਿਤਾਬ’

ਦਰਬਾਰ ਸਾਹਿਬ ਉਤੇ ਹਮਲੇ ਉਪਰੰਤ ਭਾਰਤੀ ਫੌਜ ਦੇ ਆਪਣੇ ਮਾਸਿਕ ਰਸਾਲੇ (ਫ਼ੌਜੀ ਜਵਾਨ, ਸੀਰੀਅਲ ਨੰ. 153, ਜੁਲਾਈ 1984) ਵਿੱਚ ਪੰਜਾਬ ਦੀ ਸਥਿਤੀ ਦਾ ਪੇਸ਼ਕਾਰੀ ਕੀਤੀ ਗਈ, ਜਿਸ ਦਾ ਉਦੇਸ਼ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਨੂੰ ਵਾਜਬ ਠਹਿਰਾਉਣਾ ਅਤੇ ਫ਼ੌਜੀਆਂ ਨੂੰ ਸਿੱਖਾਂ ਉਤੇ ਹੋਰ ਵਧੇਰੇ ਜਬਰ ਢਾਹੁਣ ਲਈ ਮਾਨਸਿਕ ਤੌਰ ’ਤੇ ਉਤੇਜਿਤ ਕਰਨਾ ਸੀ। ਇਹ ਕਿਹਾ ਗਿਆ ਕਿ ‘‘ਅਕਾਲੀ ਸੰਘਰਸ਼ ਨਰਮਪੰਥੀ ਲੀਡਰਾਂ ਦਾ ਹੱਥੋਂ ਨਿਕਲ ਕੇ ਅੱਤਵਾਦੀਆਂ ਦੇ ਹੱਥਾਂ ਵਿੱਚ ਚਲਾ ਗਿਆ। ਪੂਜਾ ਦੇ ਸਥਾਨ ਇਨਾਂ ਅੱਤਵਾਦੀਆਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੇ ਅੱਡੇ ਬਣ ਗਏ...ਸਰਕਾਰ ਨੇ ਅੱਤਵਾਦੀਆਂ ਨਾਲ ਨਿਪਟਣ ਲਈ ਬਹੁਤ ਸਬਰ ਤੋਂ ਕੰਮ ਲਿਆ। ਇਨਾਂ (ਅੱਤਵਾਦੀਆਂ ਨੇ ਗੁਰਦੁਆਰਿਆਂ ਵਿੱਚ ਪਨਾਹ ਲੈ ਰੱਖੀ ਸੀ, ਜਿਥੋਂ ਉਹ ਨਿਰਦੋਸ਼ ਲੋਕਾਂ ਦੇ ਮੌਤ ਦਾ ਵਰੰਟ ਜਾਰੀ ਕਰਦੇ ਸਨ ਤੇ ਸਾਰੇ ਦੇਸ਼ ਵਿੱਚ ਹੀ ਹਰ ਇਲਾਕੇ ਦੇ ਲੋਕਾਂ ਨੂੰ ਕਤਲ ਕਰਦੇ ਸਨ...ਇਹ ਅੱਤਵਾਦੀ ਜਰਾਇਮ ਪੇਸ਼ਾ, ਕਾਤਲ, ਸਮੱਗਲਰ ਤੇ ਇਹੋ ਜਿਹੇ ਲੋਕ ਸਨ ਜੋ ਕਿ ਪੁਲਿਸ ਨੂੰ ਚਾਹੀਦੇ ਸਨ।

ਇਨਾਂ ਲੋਕਾਂ ਨੇ ਗੁਰਦੁਆਰਿਆਂ ਵਿੱਚ ਸ਼ਰਨ ਲੈ ਰੱਖੀ ਸੀ ਅਤੇ ਇਹ ਆਪਣੇ-ਆਪ ਨੂੰ ਜਥੇਬੰਦ ਕਰ ਕੇ ਦੇਸ਼-ਧ੍ਰੋਹੀ ਸਰਗਰਮੀਆਂ ਕਰਦੇ ਸਨ...ਦੇਸ਼ ਦੇ ਦੁਸ਼ਮਣ ਅਤੇ ਕੁਝ ਬਦਜ਼ਨ ਹੋਏ ਸਾਬਕਾ ਫੌਜੀਆਂ ਨੇ ਵੀ ਇਨਾਂ ਲੋਕਾਂ ਨੂੰ ਫੌਜੀ ਟਰੇਨਿੰਗ ਦੇ ਕੇ ਇਨਾਂ ਦੀ ਮੱਦਦ ਕੀਤੀ...ਕੁਝ ਸਿੱਧੇ ਸਾਦੇ ਦੇਸ਼ ਵਾਸੀਆਂ ਨੂੰ ਧਰਮ ਦੇ ਨਾਂ ’ਤੇ ਇਹ ਪੱਕਾ ਕੀਤਾ ਗਿਆ ਸੀ ਕਿ ਉਨਾਂ ਨੇ ਇਨਾਂ ਅੱਤਵਾਦੀ ਕਾਰਵਾਈਆਂ ਦੀ ਮੱਦਦ ਕਰਨੀ ਹੈ ਤੇ ਇਨਾਂ ਵਿੱਚ ਵਿੱਚ ਹਿੱਸਾ ਲੈਣਾ ਹੈ। ਇਹ ਲੋਕ ਛੋਟੀ ਕਿਰਪਾਨ ਗਾਤਰੇ ਪਾਉਂਦੇ ਹਨ ਅਤੇ ਇਨਾਂ ਨੂੰ ਅੰਮਿ੍ਰਤਧਾਰੀ ਕਿਹਾ ਜਾਂਦਾ ਹੈ।’’ ਸਿਰਫ਼ ਇਥੇ ਹੀ ਬੱਸ ਨਹੀਂ ਕੀਤਾ ਗਿਆ। ‘ਦੇਸ਼ ਵਿੱਚ ਅਮਨ ਕਾਨੂੰਨ ਕਾਇਮ ਕਰਨ’ ਦੇ ਨਾਂ ਉਤੇ ਭਾਰਤੀ ਫ਼ੌਜ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਇਕ ਤਰਾਂ ਨਾਲ ਸਿੱਖ ਭਾਈਚਾਰੇ ਦੇ ਖਿਲਾਫ਼ ਜੰਗ ਲੜਨ ਦਾ ਹੋਕਾ ਦਿੱਤਾ ਗਿਆ। ਜ਼ਰਾ ਸੁਣੋ...‘‘ਬਹੁਤੇ ਅੱਤਵਾਦੀਆਂ ਨਾਲ ਨਿਪਟ ਲਿਆ ਗਿਆ ਹੈ, ਬਹੁਤ ਸਾਰਾ ਅਸਲਾ ਬਰਾਮਦ ਕਰ ਲਿਆ ਗਿਆ ਹੈ ਪਰ ਕਾਫ਼ੀ ਗਿਣਤੀ ਵਿੱਚ ਇਹ ਲੋਕ ਦੌੜੇ ਹੋਏ ਹਨ।

ਇਨਾਂ ਉਤੇ ਕਾਬੂ ਪਾਉਣਾ ਜ਼ਰੂਰੀ ਹੈ ਤਾਂ ਕਿ ਦੇਸ਼ ਵਿੱਚ ਅਮਨ ਕਾਇਮ ਕਰਨ ਦਾ ਛੇਕੜਲਾ ਨਿਸ਼ਾਨਾ ਹਾਸਲ ਕੀਤਾ ਜਾ ਸਕੇ। (ਇਸ ਕਰਕੇ) ਜੇਕਰ ਕਿਸੇ ਨੂੰ ਕਿਸੇ ‘ਅੰਮਿ੍ਰਤਧਾਰੀ’ ਬਾਰੇ ਜਾਣਕਾਰੀ ਹੋਵੇ, ਜੋ ਕਿ ਬਹੁਤ ਖਤਰਨਾਕ ਲੋਕ ਹਨ ਅਤੇ ਜਿਨਾਂ ਨੇ ਕਤਲ ਕਰਨ, ਲੁੱਟਣ ਤੇ ਹੋਰ ਅੱਤਵਾਦੀ ਕਾਰਵਾਈਆਂ ਕਰਨ ਦੀ ਸਹੁੰ ਖਾਧੀ ਹੋਈ ਹੈ, ਇਨਾਂ ਬਾਰੇ ਖ਼ਬਰ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਦਿੱਤੀ ਜਾਵੇ। ਇਹ ਲੋਕ ਭਾਵੇਂ ਜ਼ਾਹਿਰਾਂ ਤੌਰ ’ਤੇ ਖਤਰਨਾਕ ਦਿਖਾਈ ਨਹੀਂ ਦਿੰਦੇ ਪਰ ਇਹ ਮੂਲ ਰੂਪ ਵਿੱਚ ਦਹਿਸ਼ਤਗਰਦੀ ਨੂੰ ਪਰਨਾਏ ਹੋਏ ਹਨ। ਸਾਡੇ ਸਾਰਿਆਂ ਦੇ ਭਲੇ ਵਾਸਤੇ ਇਨਾਂ ਸਾਰੇ ਲੋਕਾਂ ਦੀ ਸਨਾਖਤ ਤੇ ਉਨਾਂ ਦਾ ਅਤਾ-ਪਤਾ ਸੁਰੱਖਿਆ ਫੋਰਸਾਂ ਕੋਲ ਪ੍ਰਗਟ ਕਰ ਦੇਣਾ ਚਾਹੀਦਾ ਹੈ...ਸਾਨੂੰ ਦੁਸ਼ਮਣ ਦੇ ਖ਼ਤਰਨਾਕ ਮਨਸੂਬਿਆਂ ਤੋਂ ਚੌਕੰਨੇ ਰਹਿਣਾ ਚਾਹੀਦਾ ਹੈ।’’

Unusual
1984
Sikhs
Indian Army