ਟਰੰਪ ਦੇ ਐਲਾਨ ਨਾਲ ਅਮਰੀਕਾ ‘ਚ ਰਹਿੰਦੇ ਤਿੰਨ ਲੱਖ ਭਾਰਤੀਆਂ ‘ਤੇ ਮੰਡਰਾਇਆ ਖਤਰਾ

ਵਾਸ਼ਿੰਗਟਨ 18 ਜੂਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਦੇ ਇਕ ਐਲਾਨ ਨਾਲ ਉੱਥੇ ਰਹਿ ਰਹੇ 3 ਲੱਖ ਤੋਂ ਜ਼ਿਆਦਾ ਭਾਰਤੀਆਂ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਟਰੰਪ ਨੇ ਅਮਰੀਕਾ ਵਿਚ ਰਹਿ ਰਹੇ ਲੱਖਾਂ ਨਜਾਇਜ਼ ਅਪਰਵਾਸੀਆਂ ਨੂੰ ਦੇਸ਼ ਤੋਂ ਕੱਢੇ ਜਾਣ ਦੀ ਯੋਜਨਾ ਵਿਚ ਛੋਟ ਦੇਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨਾਲ ਇਸ ਫੈਸਲੇ ਨਾਲ ਕਰੀਬ 40 ਲੱਖ ਅਪਰਵਾਸੀਆਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖਤਰਾ ਵਧ ਗਿਆ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2014 ਵਿਚ ‘ਡੇਫਰਡ ਐਕਸ਼ਨ ਫਾਰ ਪੇਰੇਂਟਸ ਆਫ ਅਮੇਰੀਕਨਜ਼ ਐਂਡ ਲਾਅਫੁੱਲ ਪਰਮਾਨੈਂਟ ਰੈਜ਼ੀਡੈਂਟਸ‘ ਯਾਨੀ ‘ਡਾਪਾ‘ ਨੀਤੀ ਦੇ ਤਹਿਤ ਅਪਰਵਾਸੀਆਂ ਨੂੰ ਰਾਹਤ ਦਿੱਤੀ ਸੀ। ਇਸ ਨੀਤੀ ਨਾਲ ਉਨਾਂ 40 ਲੱਖ ਲੋਕਾਂ ਨੂੰ ਰਾਹਤ ਮਿਲਣੀ ਸੀ, ਜੋ ਸਾਲ 2010 ਦੇ ਪਹਿਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ, ਜਿਨਾਂ ਦੇ ਬੱਚਿਆਂ ਨੇ ਅਮਰੀਕਾ ਵਿਚ ਜਨਮ ਲਿਆ ਅਤੇ ਉਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।

ਹੁਣ ਅਜਿਹੇ ਪਰਿਵਾਰਾਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖਤਰਾ ਪੈਦਾ ਹੋ ਗਿਆ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਸਾਲ 2012 ਦੀ ‘ਡੇਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼‘ ਯਾਨੀ ‘ਡੈਕਾ‘ ਨੀਤੀ ਨੂੰ ਬਣੇ ਰਹਿਣ ਦੇਣਗੇ। ਇਸ ਦੇ ਅਧੀਨ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਨਾਬਾਲਗ ਬੱਚਿਆਂ ਨੂੰ ਅਸਥਾਈ ਰਾਹਤ ਦਿੱਤੀ ਜਾਵੇਗੀ। ਉਨਾਂ ਨੂੰ ਅਮਰੀਕੀ ਸਕੂਲਾਂ ਵਿਚ ਪੜਾਈ ਪੂਰੀ ਕਰਨ ਤੱਕ ਠਹਿਰਨ ਦੀ ਆਗਿਆ ਮਿਲੇਗੀ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਨਵੇਂ ਹੁਕਮ ਨਾਲ ਮਨੁੱਖੀ ਸੰਕਟ ਪੈਦਾ ਹੋਵੇਗਾ ਕਿਉਂਕਿ ਪਰਵਾਸੀਆਂ ਦੇ ਬੱਚੇ ਅਮਰੀਕਾ ਵਿਚ ਪੈਦਾ ਹੋਏ ਹਨ ਅਤੇ ਉਹ ਕਾਨੂੰਨੀ ਤੌਰ ‘ਤੇ ਨਾਗਰਿਕ ਹਨ। ਅਜਿਹੇ ਵਿਚ ਉਨਾਂ ਦੇ ਮਾਤਾ-ਪਿਤਾ ਨੂੰ ਇੱਥੋਂ ਕੱਢਿਆ ਗਿਆ ਤਾਂ ਗੰਭੀਰ ਮਨੁੱਖੀ ਸੰਕਟ ਪੈਦਾ ਹੋਵੇਗਾ।

Unusual
Donald Trump
NRI
Immigiration
Indians