ਹਾਕੀ ’ਚ ਸ਼ੇਰ, ਕ੍ਰਿਕਟ ’ਚ ਢੇਰ

ਭਾਰਤੀ ਹਾਕੀ ’ਚ ਸ਼ਾਨ ਨਾਲ ਜਿੱਤੇ, ਕ੍ਰਿਕਟ ’ਚ ਬੇਸ਼ਰਮੀ ਨਾਲ ਹਾਰੇ

ਲੰਡਨ 18 ਜੂਨ (ਏਜੰਸੀਆਂ): ਰਵਾਇਤੀ ਵਿਰੋਧੀ ਜਿਹੜੇ ਖੇਡ ਨੂੰ ਵੀ ਜੰਗ ਵਾਂਗੂੰ ਲੈਂਦੇ ਹਨ, ਉਨਾਂ ਲਈ ਐਤਵਾਰ ਦਾ ਦਿਨ ਖੁਸ਼ੀ ਅਤੇ ਨਿਰਾਸ਼ਾ ਦਾ ਸੰਗਮ ਰਿਹਾ। ਚੈਂਪੀਅਨ ਟਰਾਫ਼ੀ ’ਚ ਭਾਰਤੀ ਕ੍ਰਿਕਟ ਟੀਮ ਜਿਥੇ ਪਾਕਿਸਤਾਨੀ ਟੀਮ ਤੋਂ ਬੁਰੀ ਤਰਾਂ ਹਾਰ ਗਈ ਉਥੇ ਵਿਸ਼ਵ ਹਾਕੀ ਲੀਗ ਦੇ ਸੈਮੀਫ਼ਾਈਨਲ ’ਚ ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਭਾਰਤੀ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਐਫ. ਆਈ. ਐਚ. ਵਿਸ਼ਵ ਲੀਗ ਹਾਕੀ ਸੈਮੀਫਾਈਨਲ ਦੇ ਪੂਲ ਬੀ ਮੈਚ ‘ਚ 7-1 ਨਾਲ ਹਰਾ ਕੇ ਜਿੱਤ ਦੀ ਹੈਟਿ੍ਰਕ ਪੂਰੀ ਕਰ ਲਈ। ਭਾਰਤੀ ਟੀਮ ਇਸ ਜਿੱਤ ਨਾਲ ਪੂਲ ਬੀ ‘ਚ 9 ਅੰਕਾਂ ਨਾਲ ਚੋਟੀ ‘ਤੇ ਪਹੁੰਚ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸਕਾਟਲੈਂਡ ਨੂੰ 4-1 ਨਾਲ ਅਤੇ ਕੈਨੇਡਾ ਨੂੰ 3-0 ਨਾਲ ਹਰਾਇਆ ਸੀ।

ਪਾਕਿਸਤਾਨੀ ਟੀਮ ਇਸ ਤੋਂ ਪਹਿਲਾਂ ਹਾਲੈਂਡ ਤੋਂ 0-4 ਨਾਲ ਅਤੇ ਕੈਨੇਡਾ ਤੋਂ 0-6 ਨਾਲ ਹਾਰ ਚੁੱਕੀ ਸੀ। ਪਾਕਿਸਤਾਨ ਨੂੰ ਇਸ ਤਰਾਂ ਲਗਾਤਾਰ ਦੂਜੇ ਮੈਚ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਜਿੱਤ ‘ਚ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ, ਤਲਵਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਨੇ ਦੋ-ਦੋ ਗੋਲ ਕੀਤੇ ਜਦੋਂ ਕਿ ਪ੍ਰਦੀਪ ਮੋਰ ਨੇ ਇਕ ਹੋਰ ਗੋਲ ਕੀਤਾ। ਪਾਕਿਸਤਾਨ ਦਾ ਇਕੋ-ਇਕ ਗੋਲ ਮੁਹੰਮਦ ਉਮਰ ਨੇ ਕੀਤਾ। 

ਉਧਰ ਦੂਜੇ ਪਾਸੇ ਚੈਂਪੀਅਨ ਟਰਾਫ਼ੀ ਦੇ ਫ਼ਾਈਨਲ ’ਚ ਭਾਰਤ ਦੇ ਕ੍ਰਿਕਟ ਪ੍ਰੇਮੀਆਂ ਨੂੰ ਆਪਣੀ ਟੀਮ ਤੋਂ ਵੱਡੀਆਂ ਉਮੀਦਾਂ ਸਨ ਪ੍ਰੰਤੂ ਇਹ ਉਮੀਦਾਂ ਉਸ ਸਮੇਂ ਮਿੱਟੀ ’ਚ ਮਿਲ ਗਈਆਂ ਜਦੋਂ ਭਾਰਤੀ ਟੀਮ ਪਾਕਿਸਤਾਨ ਕ੍ਰਿਕਟ ਟੀਮ ਤੋਂ ਵੱਡੇ ਫ਼ਰਕ ਨਾਲ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਟੀਮ ਨੇ ਪਹਾੜ ਜਿੰਨਾ 338 ਦੌੜਾਂ ਦਾ ਸਕੋਰ ਸਿਰਫ਼ 4 ਵਿਕਟਾਂ ਗੁਆ ਕੇ ਹੀ ਖੜਾ ਕਰ ਦਿੱਤਾ। ਅੱਜ ਦਾ ਇਹ ਮੈਚ ਵਿਸ਼ੇਸ਼ ਰੂਪ ਵਿਚ ਛੱਕਿਆਂ ਲਈ ਜਾਣਿਆ ਜਾਵੇਗਾ। ਪਾਕਿਸਤਾਨ ਵਲੋਂ ਫ਼ਖਰ ਜਮਾਨ ਨੇ 106 ਗੇਂਦਾਂ ਤੇ 114 ਦੌੜਾਂ ਬਣਾਈਆਂ ਜਿਨਾਂ ਵਿਚ 12 ਚੌਕੇ ਤੇ 3 ਛੱਕੇ ਸ਼ਾਮਿਲ ਹਨ। ਪ੍ਰੰਤੂ 339 ਦੌੜਾਂ ਦਾ ਜੇਤੂ ਟੀਚਾ ਲੈ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਸ਼ੁਰੂ ’ਚ ਹੀ ਲੜਖੜਾ ਗਈ ਉਸਦੇ 2 ਮਹੱਤਵਪੂਰਨ ਵਿਕਟ ਰੋਹਿਤ ਸ਼ਰਮਾ ਅਤੇ ਕਪਤਾਨ ਵਿਰਾਟ ਕੋਹਲੀ 6 ਦੌੜਾਂ ਦੇ ਸਕੋਰ ਤੱਕ ਪਹੁੰਚਦਿਆਂ ਪਹੁੰਚਦਿਆਂ ਵਾਪਸ ਪਰਤ ਗਏ ਸਨ।

ਉਸ ਤੋਂ ਬਾਅਦ ਸਿਖ਼ਰ ਧਵਨ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਵੀ 21 ਦੌੜਾਂ ਬਣਾ ਕੇ ਚਲਦਾ ਬਣਿਆ। ਇਸੇ ਤਰਾਂ ਯੂਵਰਾਜ ਸਿੰਘ 22 ਦੌੜਾਂ ਬਣਾ ਕੇ ਅਤੇ ਧੋਨੀ ਸਿਰਫ਼ 4 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਚਮਕਦਾਰ ਪਾਰੀ ਖੇਡਦਿਆਂ ਹੋਇਆ 43 ਗੇਂਦਾਂ ਤੇ 4 ਚੌਕੇ ਅਤੇ  6 ਛੱਕੇ ਲਾ ਕੇ 76 ਦੌੜਾਂ ਬਣਾਈਆਂ ਪ੍ਰੰਤੂ ਉਸ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਪਾਰੀ ਢਹਿ ਢੇਰੀ ਹੋ ਗਈ। ਪਾਕਿਸਤਾਨ ਵਲੋਂ ਮੁਹੰਮਦ ਆਮਿਰ ਅਤੇ ਹਸਨ ਅਲੀ ਨੇ 3-3 ਵਿਕਟਾਂ ਤੇ ਸ਼ਤਾਬ ਖਾਨ ਨੇ 2 ਵਿਕਟਾਂ ਲਈਆਂ।

Cricket
pakistan
India
Hockey
Unusual