ਪਾਕਿਸਤਾਨ ਨੇ ਰੋਕੀ ਗੁਰਧਾਮਾਂ ਦੀ ਯਾਤਰਾ, ਸਮਾਗਮ ਕੀਤੇ ਗਏ ਰੱਦ

ਲਾਹੌਰ 27 ਜੂਨ (ਏਜੰਸੀਆਂ) ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਹਜ਼ਾਰਾ ਡਿਵੀਜ਼ਨ ਦੀ ਕੁਰਮ ਏਜੰਸੀ ਦੇ ਸ਼ਹਿਰ ਇਬਰਾਹਿਮ ਜ਼ਈ ‘ਚ ਮੌਜੂਦ ਗੁਰਦੁਆਰਾ ਸ੍ਰੀ ਤੱਲਾ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਰ ਗੁਰਦੁਆਰਿਆਂ ਦੀ ਯਾਤਰਾ ਜੋ ਅੱਜ ਯਾਨੀ ਕਿ 27 ਜੂਨ ਤੋਂ ਸ਼ੁਰੂ ਕੀਤੀ ਜਾਣੀ, ਨੂੰ ਰੋਕ ਦਿੱਤਾ ਗਿਆ ਹੈ। ਇਹ ਯਾਤਰਾ ਪਾਰਾਚਿਨਾਰ, ਕੋਇਟਾ ਅਤੇ ਬਹਾਵਲਪੁਰ ‘ਚ ਹੋਈਆਂ ਘਟਨਾਵਾਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਬਾਰੇ ਕੁਰਮ ਏਜੰਸੀ ਤੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਉਪਰੋਕਤ ਥਾਵਾਂ ‘ਤੇ ਵਾਪਰੀਆਂ ਜਾਨਲੇਵਾ ਘਟਨਾਵਾਂ ਦੇ ਚੱਲਦਿਆਂ ਪੂਰਾ ਪਾਕਿਸਤਾਨ ਸਦਮੇ ਵਿਚ ਹੈ।

ਇਸ ਨੂੰ ਵਿਚਾਰਦਿਆਂ ਪੇਸ਼ਾਵਰੀ ਸਿੱਖ ਸੰਗਤ ਦੇ ਉਪਰੋਕਤ ਗੁਰਦੁਆਰਾ ਸਾਹਿਬਾਨਾਂ ਵਿਚ ਪਹੁੰਚਣ ਦੇ ਬਾਵਜੂਦ ਉੱਥੇ ਹੋਣ ਵਾਲੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ। ਗੁਰੂ ਨਾਨਕ ਨਾਮ ਲੇਵਾ ਪ੍ਰਬੰਧਕ ਕਮੇਟੀ ਗੁਰਦੁਆਰਾ ਤੱਲਾ ਸਾਹਿਬ ਕੁਰਮ ਏਜੰਸੀ ਫਾਟਾ ਵੱਲੋਂ ਈਦ ਦੀਆਂ ਛੁੱਟੀਆਂ ਮੌਕੇ ਨਵਨਿਰਮਾਣ ਕਰਵਾਇਆ ਗਿਆ ਸੀ। ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਜਾਣਾ ਸੀ। 

ਉੱਧਰ ਦੂਜੇ ਪਾਸੇ ਫਾਰੁਖਾਬਾਦ ਦੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰਾ ਸੱਚਾ ਸੌਦਾ ਵਿਖੇ ਸ੍ਰੀ ਨਨਕਾਣਾ ਸਾਹਿਬ ਦੀ ਸੰਗਤ ਵੱਲੋਂ ਮਹਾਨ ਗੁਰਮਤਿ ਸਮਾਗਮ ਦੀ ਸ਼ੁਰੂਆਤ ਕਰਦਿਆਂ 26 ਜੂਨ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 28 ਜੂਨ ਨੂੰ ਪਾਏ ਜਾਣਗੇ। ਅੱਜ ਭਾਰਤ ਤੋਂ ਸਿੱਖ ਸੰਗਤ ਦਾ ਜੱਥਾ 29 ਜੂਨ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਅਟਾਰੀ ਜ਼ਰੀਏ ਪਾਕਿਸਤਾਨ ਪਹੁੰਚੇਗਾ।

Unusual
pakistan
Sikhs