ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ

ਵਾਸ਼ਿੰਗਟਨ 27 ਜੂਨ (ਏਜੰਸੀਆਂ) ਅਮਰੀਕਾ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਬੀਤੇ ਦਿਨ ਹੋਈ ਮੁਲਾਕਾਤ ਦੌਰਾਨ ਐਚ-1 ਬੀ ਵੀਜ਼ਾ ‘ਤੇ ਕੋਈ ਚਰਚਾ ਨਹੀਂ ਕੀਤੀ ਗਈ। ਜਦਕਿ ਐਚ-1 ਬੀ ਵੀਜ਼ਾ ਭਾਰਤ-ਅਮਰੀਕਾ ਸਬੰਧਾਂ ਦਰਮਿਆਨ ਇੱਕ ਅਹਿਮ ਕੜੀ ਮੰਨਿਆ ਜਾਂਦਾ ਹੈ। ਹਾਸਲ ਜਾਣਕਾਰੀ ਮੁਤਾਬਕ ਨਰੇਂਦਰ ਮੋਦੀ ਨੇ ਟਰੰਪ ਕੋਲ ਇਸ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ। ਮੋਦੀ-ਟਰੰਪ ਮੁਲਾਕਾਤ ਤੋਂ ਪਹਿਲਾਂ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮੋਦੀ ਟਰੰਪ ਕੋਲ ਇਸ ਦਾ ਜ਼ਿਕਰ ਜ਼ਰੂਰ ਕਰਨਗੇ।

ਵਿਦੇਸ਼ ਸਕੱਤਰ ਐਸ ਜੈਸ਼ੰਕਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵਾਂ ਆਗੂਆਂ ਦਰਮਿਆਨ ਅਜਿਹੀ ਕੋਈ ਗੱਲਬਾਤ ਨਹੀਂ ਕੀਤੀ ਗਈ। ਉਨਾਂ ਕਿਹਾ ਦੋਵਾਂ ਆਗੂਆਂ ਕੋਲ ਇਸ ਤੋਂ ਇਲਾਵਾ ਗੱਲਬਾਤ ਕਰਨ ਲਈ ਹੋਰ ਬਹੁਤ ਸਾਰੇ ਮੁੱਦੇ ਅਹਿਮ ਸਨ। ਦੋਵਾਂ ਆਗੂਆਂ ਦੇ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਬਿਆਨ ਵਿੱਚ ਵੀ ਐਚ-1 ਬੀ ਵੀਜ਼ਾ ਬਾਰੇ ਕੋਈ ਜ਼ਿਕਰ ਨਹੀਂ ਸੀ। ਅਪ੍ਰੈਲ 2017 ਵਿੱਚ ਟਰੰਪ ਨੇ ਐਚ-1 ਬੀ ਵੀਜ਼ਾ ਨਿਯਮ ਸਖਤ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਸਨ।

Donald Trump
pm narendra modi
Visa