ਆਮ ਆਦਮੀ ਪਾਰਟੀ ਲਈ ਧਰਮ ਸੰਕਟ, ਕਾਂਗਰਸ ਨਾਲ ਹੱਥ ਮਿਲਾਏ ਜਾਂ ਬੀਜੇਪੀ ਦਾ ਕਮਲ ਫੜੇ

ਚੰਡੀਗੜ 29 ਜੂਨ : ਆਮ ਆਦਮੀ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਵੱਡਾ ਸਵਾਲ ਬਣ ਗਈ ਹੈ। ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਵਿੱਚੋਂ ਇੱਖ ਨੂੰ ਚੁਣਨਾ ਕੋਈ ਸੌਖਾ ਕੰਮ ਨਹੀਂ ਕਿਉਂਕਿ ਦੋਵਾਂ ਧਿਰਾਂ ‘ਆਪ‘ ਦੀਆਂ ਕੱਟੜ ਵਿਰੋਧੀ ਹਨ। ਇਸ ਬਾਰੇ ਵਿਚਾਰ ਕਰਨ ਲਈ ਪਾਰਟੀ ਨੇ ਵੀਰਵਾਰ ਸ਼ਾਮ ਦਿੱਲੀ ਵਿੱਚ ਮੀਟਿੰਗ ਬੁਲਾ ਲਈ ਹੈ। ਇਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਵੱਲੋਂ ਕਿਸ ਉਮੀਦਵਾਰ ਦੇ ਪੱਖ ਵਿੱਚ ਵੋਟ ਪਾਈ ਜਾਵੇ। ਪਾਰਟੀ ਦੀ ਰਾਜਨੀਤਕ ਮਸਲਿਆਂ ਨਾਲ ਸਬੰਧਤ ਕਮੇਟੀ ਇਸ ਮਾਮਲੇ ‘ਤੇ ਵਿਚਾਰ ਕਰਨ ਲਈ ਅਹਿਮ ਮੀਟਿੰਗ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਕਰੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਆਉਣ ਵਾਲੀ 17 ਜੁਲਾਈ ਨੂੰ ਹੋਣ ਜਾ ਰਹੀਆਂ ਹਨ। ਆਮ ਤੌਰ ‘ਤੇ ਰਾਜਨੀਤਕ ਮਸਲਿਆਂ ‘ਤੇ ਆਪਣਾ ਵੱਖਰਾ ਨਜ਼ਰੀਆ ਰੱਖਣ ਵਾਲੀ ਆਮ ਆਦਮੀ ਪਾਰਟੀ ਨੂੰ ਐਨ.ਡੀ.ਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੇ ਯੂ.ਪੀ.ਏ. ਦੀ ਉਮੀਦਵਾਰ ਮੀਰਾ ਕੁਮਾਰ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਵੇਗਾ। ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਵਿੱਚ ਪਾਰਟੀ ਦੇ 4 ਵਿਧਾਇਕ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ 76 ਐਮ.ਐਲ.ਏ. ਤੇ ਪੰਜਾਬ ਵਿੱਚ ਪਾਰਟੀ ਦੀ ਭਾਈਵਾਲ ਪਾਰਟੀ ਦੇ ਦੋ ਮੈਂਬਰਾਂ ਸਣੇ ਕੁੱਲ 20 ਐਮ.ਐਲ.ਏ. ਹਨ। ਰਾਸ਼ਟਰਪਤੀ ਲਈ ਚੋਣਾਂ ਵਿੱਚ ਇੱਕ ਐਮ.ਪੀ ਦੀ ਵੋਟ ਦੀ ਕੀਮਤ ਐਮ.ਐਲ.ਏ. ਦੀ ਵੋਟ ਨਾਲੋਂ ਜ਼ਿਆਦਾ ਮੰਨੀ ਜਾਂਦੀ ਹੈ ਕਿਉਂਕਿ ਐਮ.ਪੀ ਮੁਕਾਬਲਤਨ ਜ਼ਿਆਦਾ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ। ਇਸ ਮੌਕੇ ਭਗਵੰਤ ਮਾਨ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਕੀਤਾ ਹੈ।

ਉਨਾਂ ਕਿਹਾ ਕਿ ਸਪੀਕਰ ਕੇ.ਪੀ. ਰਾਣਾ ਨੇ ਆਪ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ‘ਚੋਂ ਬਾਹਰ ਕੱਢਣ ਦਾ ਹੁਕਮ ਦੇ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨਾਂ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੰਸਦ ਵਿੱਚ ਬੋਲਣ ਦਾ ਮੌਕਾ ਨਾ ਮਿਲਣ ‘ਤੇ ਹਾਲ-ਦੁਹਾਈ ਮਚਾਉਣ ਵਾਲੀ ਕਾਂਗਰਸ ਸੱਤਾ ‘ਤੇ ਕਾਬਜ਼ ਹੋਣ ਮਗਰੋਂ ਬਿਲਕੁਲ ਉਲਟ ਰੁਖ ਅਪਣਾਉਂਦੀ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਪ ਨੇ ਇੱਕ ਵਧੀਆ ਵਿਰੋਧੀ ਧਿਰ ਹੋਣ ਦਾ ਰੋਲ ਨਿਭਾਇਆ ਹੈ ਜਦਕਿ ਅਕਾਲੀਆਂ ਨੇ ਵੱਖ-ਵੱਖ ਮੁੱਦਿਆਂ ‘ਤੇ ਸਿਰਫ ਆਪਣੀਆਂ ਰਾਜਨੀਤਕ ਰੋਟੀਆਂ ਹੀ ਸੇਕੀਆਂ ਹਨ। ਉਨਾਂ ਕਿਹਾ ਕਿ ਅਕਾਲੀਆਂ ਨੇ ਸਿੱਖੀ ਤੇ ਪੱਗ ਦਾ ਹਮੇਸ਼ਾ ਨਿਰਾਦਰ ਕੀਤਾ ਹੈ ਜਦਕਿ ਉਨਾਂ ਦੀ ਪਾਰਟੀ ਨੇ ਸੰਸਦ ਵਿੱਚ ਆਪਣੇ ਆਪ ਨੂੰ ਸਿੱਖ ਧਰਮ ਦਾ ਸੱਚਾ ਰੱਖਿਅਕ ਸਿੱਧ ਕੀਤਾ ਹੈ।

Aam Aadmi Party
Election 2017
President
Punjab Politics