ਮਾਮਲਾ ਸਤਲੁਜ-ਯੁਮਨਾ ਲਿੰਕ ਨਹਿਰ ਦਾ

ਸੁਪਰੀਮ ਕੋਰਟ ਪੰਜਾਬ ਦੀ ਮੌਤ ਤੇ ਦਸਤਖ਼ਤ ਕਰਨ ਲਈ ਬਜ਼ਿੱਦ
ਅੱਜ ਦੀ ਸੁਣਵਾਈ ’ਚ ਨਹਿਰ ਪੂਰੀ ਕਰਨ ਦੀ ਦਿੱਤੀ ਲੁਕਵੀਂ ਧਮਕੀ ਅਗਲੀ ਸੁਣਵਾਈ 7 ਸਤੰਬਰ ਨੂੰ

ਨਵੀਂ ਦਿੱਲੀ 11 ਜੁਲਾਈ (ਏਜੰਸੀਆਂ) ਸਤਲੁਜ-ਯੁਮਨਾ ਲਿੰਕ ਨਹਿਰ ਦੇ ਮੁੱਦੇ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਕ ਵਾਰ ਫ਼ਿਰ ਆਪਣੇ ਇਰਾਦੇ ਜ਼ਾਹਰ ਕੀਤੇ ਹਨ। ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਨਹਿਰ ਦੇ ਮੁੱਦੇ ਤੇ ਸਾਫ਼ ਸ਼ਬਦਾਂ ਵਿਚ ਆਖਿਆ ਕਿ ਪੰਜਾਬ ਨੂੰ ਆਪਣੇ ਹਿੱਸੇ ਦੀ ਨਹਿਰ ਹਰ ਹੀਲੇ ਪੂਰੀ ਕਰਨੀ ਪਵੇਗੀ। ਨਹਿਰ ਪੂਰੀ ਹੋਣ ਤੋਂ ਬਾਅਦ ਪਾਣੀਆਂ ਦਾ ਮੁੱਦਾ ਵੱਖਰੇ ਤੌਰ ਤੇ ਵਿਚਾਰਿਆ ਜਾ ਸਕਦਾ ਹੈ। ਇਸ ਤੋਂ ਸਾਫ਼ ਹੈ ਕਿ ਸੁਪਰੀਮ ਕੋਰਟ ਸਤਲੁਜ ਯੁਮਨਾ ਲਿੰਕ ਨਹਿਰ ਨੂੰ ਪੂਰਾ ਕਰਵਾਉਣ ਲਈ ਪੂਰੀ ਤਰਾਂ ਬਜ਼ਿੱਦ ਹੈ ਅਤੇ ਉਹ ਅਗਲੀ ਤਾਰੀਕ ਤੇ ਕੋਈ ਸਖ਼ਤ ਫ਼ੈਸਲਾ ਵੀ ਪੰਜਾਬ ਵਿਰੁੱਧ ਦੇ ਕੇ ਪੰਜਾਬ ਦੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰ ਸਕਦੀ ਹੈ।

ਭਾਵੇਂ ਕਿ ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਵਕੀਲਾਂ ਵਲੋਂ ਇਸ ਮੁੱਦੇ ਤੇ ਕੇਂਦਰ ਸਾਲਸੀ ਨਾਲ ਸਮਝੌਤੇ ਦੀ ਚੱਲ ਰਹੀ ਗੱਲਬਾਤ ਦਾ ਬਹਾਨਾ ਕਰਕੇ ਸੁਪਰੀਮ ਕੋਰਟ ਨੂੰ ਆਪਣਾ ਫ਼ੈਸਲਾ ਟਾਲਣ ਲਈ ਬੇਨਤੀ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿਰੁੱਧ ਅਤੇ ਨਹਿਰੀ ਮੁੱਦੇ ਨੂੰ ਲੈ ਕੇ ਹਰਿਆਣੇ ’ਚ ਇਨੈਲੋ ਵਲੋਂ ਕੀਤੇ ਜਾ ਰਹੇ ਸੰਘਰਸ਼ ਤੇ ਸਖ਼ਤ ਟਿੱਪਣੀਆਂ ਕੀਤੀਆਂ ਅਤੇ ਦੋਵਾਂ ਸੂਬਿਆਂ ਨੂੰ ਇਸ ਗੱਲ ਦੀ ਤਾੜਨਾ ਕੀਤੀ ਕਿ ਮਾਮਲੇ ਦੀ ਸੁਣਵਾਈ ਤੱਕ ਕਿਸੇ ਵੀ ਸੂਬੇ ਵਿਚ ਨਹਿਰੀ ਮੁੱਦੇ ਤੇ ਕੋਈ ਜਨਤਕ ਸੰਘਰਸ਼ ਨਹੀਂ ਹੋਣਾ ਚਾਹੀਦਾ। ਭਾਂਵੇ ਕਿ ਆਖ਼ੀਰ ਵਿਚ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਵਿਚਕਾਰ ਚੱਲ ਰਹੀ ਗੱਲਬਾਤ ਨੂੰ ਕੇਂਦਰ ਵਲੋਂ ਸਿਰੇ ਚੜਾਉਣ ਲਈ ਲਗਭਗ ਦੋ ਮਹੀਨਿਆਂ ਵਕਤ ਦੇ ਦਿੱਤਾ ਹੈ ਪ੍ਰੰਤੂ ਮੁੱਖ ਮੁੱਦਾ ਸਤਲੁਜ-ਯੁਮਨਾ ਲਿੰਕ ਨਹਿਰ ਦੀ ਖੁਦਾਈ ਨੂੰ ਪੂਰਾ ਕਰਵਾਉਣ ਦਾ ਬਣਾਉਂਦਿਆਂ ਸੁਪਰੀਮ ਕੋਰਟ ਨੇ ਵਾਰ ਵਾਰ ਪੰਜਾਬ ਨੂੰ ਨਹਿਰ ਨੂੰ ਪੂਰਾ ਕਰਨ ਲਈ ਆਖਿਆ।

Unusual
Satluj
Supreme Court
PUNJAB
Haryana