ਹਿੰਦੂ ਸੰਗਠਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਨਹੀਂ ਹੋਇਆ ਅਸਰ,ਜਿਆਦਤਰ ਬਾਜ਼ਾਰ ਰਹੇ ਖੁਲੇ

ਦੁਕਾਨਾਂ ਬੰਦ ਕਰਵਾਉਣ ਗਏ ਹਿੰਦੂ ਨੇਤਾਵਾਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ  |   ਅਮਨ -ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਰਹੀ ਮੁਸਤੈਦ 

ਲੁਧਿਆਣਾ,14 ਜੁਲਾਈ (ਗੁਰਪ੍ਰੀਤ ਸਿੰਘ ਮਹਿਦੂਦਾਂ) ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰੀਆਂ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤੇ ਅੱਜ ਲੁਧਿਆਣਾ ਦੇ ਚੌੜਾ ਬਾਜ਼ਾਰ ਨੂੰ ਛੱਡ ਕੇ ਫੀਲਡ ਗੰਜ,ਮੀਨਾ ਬਾਜ਼ਾਰ,ਘੁਮਾਰ ਮੰਡੀ ਸਮੇਤ ਅਨੇਕਾਂ ਬਾਜ਼ਾਰ ਆਮ ਦਿਨਾਂ ਦੀ ਤਰਾਂ ਹੀ ਖੁੱਲੇ ਰਹੇ। ਹਿੰਦੂ ਸੰਗਠਨਾਂ ਵੱਲੋਂ ਬੀਤੇ ਦਿਨਾਂ ਵਿੱਚ ਜਿੱਥੇ ਰੋਸ ਮੁਜ਼ਾਹਰੇ ਕੀਤੇ ਗਏ ਉੱਥੇ ਹੀ ਜ਼ਿਲਾ ਪ੍ਰਸਾਸ਼ਨ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜੇ ਗਏ। ਉਸ ਤੋਂ ਬਾਦ ਹਿੰਦੂ ਸੰਗਠਨਾਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ। ਅੱਜ ਪੰਜਾਬ ਬੰਦ ਦੇ ਤਹਿਤ ਮਹਾਂਨਗਰ ਲੁਧਿਆਣਾ ਵਿੱਚ ਬੰਦ ਦੌਰਾਨ ਮਾਹੌਲ ਖ਼ਰਾਬ ਨਾ ਹੋਵੇ ਇਸ ਲਈ ਸ਼ਹਿਰ ਦੇ ਚੱਪੇ ਚੱਪੇ ਤੇ ਤਾਇਨਾਤ ਰਹੀ। ਅੱਜ ਸਵੇਰੇ ਹਿੰਦੂ ਸੰਗਠਨਾਂ ਦੇ ਅਹੁਦੇਦਾਰ ਅਤੇ ਵਰਕਰ ਭਾਰੀ ਗਿਣਤੀ ਵਿੱਚ ਘੰਟਾ ਘਰ ਚੌਂਕ ਵਿਖੇ ਇਕੱਠੇ ਹੋ ਗਏ, ਜਿੱਥੋਂ ਟੋਲੀਆਂ ਬਣਾ ਕੇ ਉਹ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਕਰਵਾਉਂਣ ਲਈ ਚਲੇ ਗਏ।

ਸ਼ਹਿਰ ਦੇ ਬਹੁਤੇ ਬਾਜ਼ਾਰ ਤਾਂ ਖੁੱਲੇ ਰਹੇ ਪ੍ਰੰਤੂ ਸ਼ਹਿਰ ਦਾ ਮੁੱਖ ਚੌੜਾ ਬਾਜ਼ਾਰ ਕਿਤੇ ਖੁਲਾ ਤੇ ਕਿਤੇ ਬੰਦ ਰਿਹਾ। ਚੌੜਾ ਬਾਜ਼ਾਰ ਸਥਿੱਤ ਪਿੰਕ ਪਲਾਜ਼ਾ ਮਾਰਕੀਟ ਦੀਆਂ ਦੁਕਾਨਾਂ ਪੂਰੀ ਤਰਾਂ ਖੁੱਲੀਆਂ ਰਹੀਆਂ ਜਦੋਂ ਕਿ ਮੁੱਖ ਅਕਾਲਗੜ ਮਾਰਕੀਟ ਅੰਦਰੋਂਂ ਪੂਰੀ ਤਰਾਂ ਖੁੱਲੀ ਰਹੀ ਲੇਕਿਨ ਉਸ ਦਾ ਮੁੱਖ ਗੇਟ ਬੰਦ ਕਰਕੇ ਕੁਝ ਮਾਰਕੀਟ ਦੇ ਆਗੂ ਗੇਟ ਦੇ ਬਾਹਰ ਖੜੇ ਵਿਖਾਈ ਦਿੱਤੇ। ਪਿੰਕ ਪਲਾਜ਼ਾ ਮਾਰਕੀਟ ਖੁੱਲੀ ਹੋਣ ਦੇ ਕਾਰਨ ਜਦੋਂ ਹਿੰਦੂ ਸੰਗਠਨਾਂ ਦੇ ਆਗੂ ਅਤੇ ਵਰਕਰ ਉਸ ਨੂੰ ਸ਼ਾਂਤਮਈ ਢੰਗ ਨਾਲ ਬੰਦ ਕਰਵਾਉਂਣ ਗਏ ਤਾਂ ਪੁਲਿਸ ਨੇ ਹਿੰਦੂ ਨੇਤਾ ਵਰੁਣ ਮਹਿਤਾ ਅਤੇ ਬਲਜੀਤ ਢਿੱਲੋਂ ਨੂੰ ਹਿਰਾਸਤ ਵਿੱਚ ਲੈ ਲਿਆ। ਵੱਖ ਵੱਖ ਬਾਜ਼ਾਰਾਂ ਵਿੱਚ ਗਏ ਹਿੰਦੂ ਸੰਗਠਨਾਂ ਦੀਆਂ ਟੁਕੜੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਚੌੜਾ ਬਾਜ਼ਾਰ ਵੱਲ ਕੂਚ ਕੀਤਾ ਅਤੇ ਘੰਟਾ ਘਰ ਚੌਂਕ ਵਿੱਚ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਸ਼ਹਿਰ ਦਾ ਮਹੌਲ ਖਰਾਬ ਨਾ ਹੋਵੇ ਉਸ ਨੂੰ ਵੇਖਦੇ ਹੋਏ ਪੁਲਿਸ ਨੇ ਉਹਨਾਂ ਪ੍ਰਦਰਸ਼ਕਾਰੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਦ ਜਦੋਂ 3 ਨੰਬਰ ਡਿਵੀਜ਼ਨ ਵੱਲੋਂ ਹਿੰਦੂ ਸੰਗਠਨ ਦੀ ਇੱਕ ਹੋਰ ਟੁਕੜੀ ਚੌੜਾ ਬਾਜ਼ਾਰ ਵੱਲ ਆਈ ਅਤੇ ਪਿੰਕ ਪਲਾਜ਼ਾ ਮਾਰਕੀਟ ਨੂੰ ਬੰਦ ਕਰਵਾਉਂਣ ਲਈ ਦੁਕਾਨਦਾਰਾਂ ਨੂੰ ਅਪੀਲ ਕਰਨ ਲੱਗੀ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿੱਚ ਭਰ ਕੇ ਵੱਖ ਵੱਖ ਥਾਣਿਆਂ ਵਿੱਚ ਲੈ ਗਈ। ਹਿੰਦੂ ਸੰਗਠਨ ਦੇ ਸਾਰੇ ਹੀ ਨੇਤਾਵਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਦ ਬਾਜ਼ਾਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸਜਾ ਲਈਆਂ। 

ਹਿਰਾਸਤ ਵਿੱਚ ਲਏ ਜਾਣ ਦੇ ਡਰੋਂ ਕੁਝ ਨੇਤਾਵਾਂ ਨੇ ਖਿਸਕਣਾ ਹੀ ਸਮਝਿਆ ਬਿਹਤਰ-ਬੰਦ ਕਰਵਾਉਂਣ ਦੇ ਦੌਰਾਨ ਮੀਡੀਆ ਵੱਲੋਂ ਕਵਰੇਜ ਕਰਨ ਮੌਕੇ ਤਾਂ ਕੁਝ ਆਗੂ ਅੱਗੇ ਹੋ ਕੇ ਫੋਟੋਆਂ ਖਿਚਵਾਉਂਦੇ ਰਹੇ ਪ੍ਰੰਤੂ ਪੁਲਿਸ ਵੱਲੋਂ ਨੇਤਾਵਾਂ ਨੂੰ ਜਦੋਂ ਹਿਰਾਸਤ ਵਿੱਚ ਲੈਣਾ ਸੁਰੂ ਕੀਤਾ ਗਿਆ ਤਾਂ ਕੁਝ ਨੇਤਾ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਖਿਸਕ ਗਏ। ਹਿਰਾਸਤ ਵਿੱਚ ਲਏ ਜਾਣ ਤੇ ਆਗੂ ਅਤੇ ਵਰਕਰ ਬੈਠੇ ਸੜਕ ਤੇ-ਪੁਲਿਸ ਵੱਲੋਂ ਜਦੋਂ ਹਿੰਦੂ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉਹ ਰੋਸ ਵਜੋਂ ਸੜਕ ਤੇ ਹੀ ਬੈਠ ਗਏ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਬੱਸਾਂ ਵਿੱਚ ਸਵਾਰ ਹੋ ਗਏ।

ਇਹਨਾਂ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ-ਸਭ ਤੋਂ ਪਹਿਲਾਂ ਪਿੰਕ ਪਲਾਜ਼ਾ ਮਾਰਕੀਟ ਬੰਦ ਕਰਵਾਉਂਣ ਗਏ ਸ਼੍ਰੀ ਹਿੰਦੂ ਤਖ਼ਤ ਦੇ ਨੇਤਾ ਵਰੁਣ ਮਹਿਤਾ ਅਤੇ ਬਲਜੀਤ ਢਿੱਲੋਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਥਾਣਾ ਕੋਤਵਾਲੀ ਲੈ ਗਈ। ਇਸ ਤੋਂ ਬਾਦ ਚੌਂਕ ਘੰਟਾ ਘਰ ਵਿੱਚ ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ,ਅਮਰ ਟੱਕਰ,ਧਰਮਿੰਦਰ ਜੱਜ,ਰਾਕੇਸ਼ ਅਰੋੜਾ, ਸ਼ਿਵ ਸੈਨਾ ਹਿੰਦ ਦੇ ਸਕੱਤਰ ਜਨਰਲ ਰੋਹਿਤ ਸਾਹਨੀ, ਸੁਨੀਲ ਤੰਗੜੀ, ਸ਼ਿਵ ਵੈਲਫੇਅਰ ਸੁਸਾਇਟੀ ਦੇ ਬਿੱਟੂ ਗੁੰਬਰ, ਸ਼ਿਵ ਸੈਨਾ ਬਾਲ ਠਾਕਰੇ ਦੇ ਸੌਰਵ ਅਰੋੜਾ,ਅਮਰ ਟੱਕਰ ਸਮੇਤ ਹੋਰ ਅਨੇਕਾਂ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ । 

Unusual
Protest
PUNJAB
Punjab Police