ਗੁਰਦਾਸਪੁਰ ’ਚ ਸੈਲਫ਼ੀ ਲੈਂਦੀਆਂ ਦੋ ਭੈਣਾਂ ਨਹਿਰ ’ਚ ਡੁੱਬੀਆਂ

ਗੁਰਦਾਸਪੁਰ 14 ਜੁਲਾਈ (ਪ.ਪ.) ਕਾਹਨੂੰਵਾਲ ਦੀ ਸਠਿਆਲੀ ਨਹਿਰ ਵਿੱਚ ਅੱਜ ਸਵੇਰੇ ਸੈਰ ਕਰਦੇ ਸਮੇਂ ਸੈਲਫੀ ਲੈਣ ਦੇ ਚੱਕਰ ਵਿੱਚ ਦੋ ਭੈਣਾਂ ਨਹਿਰ ਵਿੱਚ ਵਹਿ ਗਈਆਂ ਹਨ। ਜਾਣਕਾਰੀ ਮੁਤਾਬਕ ਤਿੰਨ ਭੈਣਾਂ ਨਿਸ਼ਾ, ਲਵਪ੍ਰੀਤ ਤੇ ਸੋਫ਼ੀਆ ਹਰ ਰੋਜ਼ ਸੈਰ ਕਰਨ ਆਉਂਦੀਆਂ ਸਨ। ਅੱਜ ਨਹਿਰ ਕੋਲ ਸੋਫ਼ੀਆ ਦੂਜੀਆਂ ਭੈਣਾਂ ਨਾਲ ਸੈਲਫੀ ਲੈ ਰਹੀ ਸੀ ਤਾਂ ਲਵਪ੍ਰੀਤ ਦਾ ਪੈਰ ਫਿਸਲ ਗਿਆ। ਉਸ ਨੂੰ ਬਚਾਉਂਦੀ ਨਿਸ਼ਾ ਵੀ ਨਹਿਰ ਵਿੱਚ ਡਿੱਗ ਗਈ। ਘਟਨਾ ਦੇ ਜਾਣਕਾਰੀ ਦਿੰਦੇ ਹੋਏ ਲਵਪ੍ਰੀਤ ਦੇ ਪਿਤਾ ਬਲਵਿੰਦਰ ਮਸੀਹ ਨੇ ਦੱਸਿਆ ਕਿ ਤਿੰਨੇ ਚਚੇਰੀਆਂ ਭੈਣਾਂ ਹਨ। ਉਹ ਰੋਜ਼ਾਨਾ ਸਵੇਰੇ ਸੈਰ ਕਰਨ ਲਈ ਘਰ ਤੋਂ ਆਉਂਦੀਆਂ ਹਨ ਪਰ ਅੱਜ ਕੁਝ ਸਮੇਂ ਬਾਅਦ ਸੋਫ਼ੀਆ ਇਕੱਲੀ ਘਰ ਆਈ। ਉਸ ਨੇ ਦੱਸਿਆ ਕਿ ਉਹ ਤਿੰਨੇ ਭੈਣਾਂ ਨਹਿਰ ਕੋਲ ਸੇਲਫੀ ਲੈ ਰਹੀਆਂ ਸਨ। ਅਚਾਨਕ ਲਵਪ੍ਰੀਤ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿੱਚ ਡਿੱਗੀ ਗਈ। ਉਸ ਨੇ ਕਿਹਾ ਕਿ ਲਵਪ੍ਰੀਤ ਨੂੰ ਬਚਾਉਣ ਲਈ ਨਿਸ਼ਾ ਵੀ ਨਹਿਰ ਵਿੱਚ ਡਿੱਗ ਗਈ। ਇਸ ਮਾਮਲੇ ਵਿੱਚ ਪਰਿਵਾਰ ਤੇ ਪਿੰਡ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪ੍ਰਸ਼ਾਸਨ ਦੋਹਾਂ ਲੜਕੀਆਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਹੈ। ਪਿਤਾ ਨੇ ਦੱਸਿਆ ਕਿ ਲੜਕੀ ਲਵਪ੍ਰੀਤ ਦੀ ਉਮਰ 19 ਤੇ ਨਿਸ਼ਾ ਦੀ 18 ਸਾਲ ਹੈ। ਇਸ ਮਾਮਲੇ ਵਿੱਚ ਕਾਹਨੂੰਵਾਲ ਦੇ ਐਸਐਚਓ ਹਰਜੀਤ ਸਿੰਘ ਨੇ ਕਿਹਾ ਕਿ ਸੈਲਫੀ ਲੈਣ ਦੇ ਚੱਕਰ ਵਿੱਚ ਦੋਵੇਂ ਲੜਕੀਆਂ ਪਾਣੀ ਵਿੱਚ ਵਹਿ ਗਈਆਂ। ਉਨਾਂ ਕਿਹਾ ਕਿ ਨਹਿਰੀ ਵਿਭਾਗ ਨੂੰ ਪਾਣੀ ਘੱਟ ਕਰਨ ਤੇ ਗੋਤਾਖੋਰ ਨੂੰ ਬੁਲਾ ਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਆਰਮੀ ਤੇ ਜ਼ਿਲਾ ਪ੍ਰਸ਼ਾਸਨ ਵੀ ਲੜਕੀਆਂ ਦੀ ਤਲਾਸ਼ ਕਰ ਰਿਹਾ ਹੈ।

Unusual
Death
Selfie
accident