ਕੇਬਲ ਮਾਫ਼ੀਆ ਦਾ ਭੋਗ, ਹਿੰਦੂਜਾ ਗਰੁੱਪ ਦੀ ਐਂਟਰੀ, ਗਾਹਕਾਂ ਦੀ ਬੱਲੇ-ਬੱਲੇ

ਚੰਡੀਗੜ 14 ਜੁਲਾਈ (ਮੇਜਰ ਸਿੰਘ) ਪੰਜਾਬ ਵਿੱਚ ਹੁਣ ਕੇਬਲ ਮਾਫੀਆ ਦਾ ਭੋਗ ਪੈਣ ਜਾ ਰਿਹਾ ਹੈ। ਕੇਬਲ ‘ਤੇ ਇੱਕੋ ਗਰੁੱਪ ਦੇ ਕਬਜ਼ੇ ਨੂੰ ਖਤਮ ਕਰਨ ਲਈ ਭਾਰਤ ਦੇ ਨਾਮਵਰ ਕਾਰਪੋਰੇਟ ਘਰਾਣੇ ਹਿੰਦੂਜਾ ਗਰੁੱਪ ਆਫ਼ ਕੰਪਨੀਜ਼ ਨੇ ਪੰਜਾਬ ਤੇ ਚੰਡੀਗੜ ਵਿੱਚ ਨਵੀਂ ਟੈਕਨਾਲੋਜੀ ਵਾਲਾ ਕੇਬਲ ਨੈੱਟਵਰਕ ਲਾਂਚ ਕੀਤਾ ਹੈ। ਇਸ ਗਰੁੱਪ ਨੇ ਆਪਣਾ ਨੈੱਟਵਰਕ ਵਿਛਾਉਣ ਤੇ ਕੇਬਲ ਓਪਰੇਟਰਾਂ ਨੂੰ ਨੈੱਟਵਰਕ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਕੇਬਲ ਨੈੱਟਵਰਕ ਦੇ ਕੇਬਲ ਓਪਰੇਟਰਾਂ ‘ਤੇ ਸਖ਼ਤ ਕੰਟਰੋਲ ਦੇ ਉਲਟ ਹਿੰਦੂਜਾ ਗਰੁੱਪ ਨੇ ਆਪਣਾ ਕੇਬਲ ਕਾਰੋਬਾਰ ਇਸ ਐਲਾਨ ਨਾਲ ਨਾਲ ਕੀਤਾ ਹੈ ਕਿ ਕੇਬਲ ਓਪਰੇਟਰ ਖ਼ੁਦ ਆਪਣੇ ਕੇਬਲ ਕਾਰੋਬਾਰ ਦੇ ਮਾਲਕ ਹੋਣਗੇ।

ਹਿੰਦੂ ਗਰੁੱਪ ਸਿਰਫ਼ ਉਨਾਂ ਨੂੰ ਸੈੱਟਟੌਪ ਬਾਕਸ, ਸੈਟੇਲਾਈਟ ਸਿਗਨਲ ਤੇ ਹੋਰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗਾ। ਲੋਕਲ ਪੱਧਰ ‘ਤੇ ਤਰਾਂ ਟੀਵੀ ਕੇਬਲ ਕਨੈਕਸ਼ਨ ਦੇਣ ਤੇ ਲੋੜੀਂਦੀ ਕਾਰਵਾਈ ਕੇਬਲ ਓਪਰੇਟਰ ਖ਼ੁਦ ਕਰਨਗੇ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਪਨੀ ਲੋਕਾਂ ਨੂੰ ਹੋਰ ਕੰਪਨੀਆਂ ਦੇ ਮੁਕਾਬਲੇ ਕੁਆਲਿਟੀ ਵੀ ਚੰਗੀ ਦੇਵੇਗੀ ਤੇ ਰੇਟ ਵੀ ਸਸਤੇ ਹੋਣਗੇ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਿੰਦੂਜਾ ਮੀਡੀਆ ਗਰੁੱਪ ਦੇ ਐਮਡੀ ਅਸ਼ੋਕ ਮਾਨਸੁਖਾਨੀ ਨੇ ਦੱਸਿਆ ਕਿ ਪੰਜਾਬ ਦੇ 19 ਜ਼ਿਲਿਆਂ ਵਿੱਚ ਉਹ ਹੁਣ ਤੱਕ ਆਪਣੇ ਨੈੱਟਵਰਕ ਦੀ ਤਿਆਰੀ ਕਰ ਚੁੱਕੇ ਹਨ। 26 ਕੋਪ ਸਥਾਪਤ ਕਰ ਚੁੱਕੇ ਹਨ। ਕੰਪਨੀ ਵੱਲੋਂ ਦਿੱਤੇ ਜਾ ਰਹੇ ਬਹੁਤ ਹੀ ਛੋਟੇ ਆਕਾਰ ਦੇ ਸੈੱਟਟੌਪ ਬਾਕਸ ਦੀ ਕੀਮਤ 1200 ਰੁਪਏ ਹੈ।

ਹੁਣ ਤੱਕ ਮੁਲਕ ਦੇ 29 ਰਾਜਾਂ ਵਿੱਚ ਆਪਣਾ ਨੈੱਟਵਰਕ ਸ਼ੁਰੂ ਕਰ ਚੁੱਕਾ ਹੈ। ਜਦੋਂ ਫਾਸਟਵੇਅ ਚੈਨਲ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ ਕਿ ਉਹ ਕਿਸੇ ਦੇ ਮੁਕਾਬਲੇ ਲਈ ਨਹੀਂ ਆਏ ਸਗੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਕਿਸਮ ਦੇ ਕੇਬਲ ਨੈੱਟਵਰਕ ਸੇਵਾ ਦੇਣ ਲਈ ਆਏ ਹਨ। ਕੰਪਨੀ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਦਰਵਾਜ਼ੇ ਮੌਜੂਦਾ ਤੇ ਨਵੇਂ ਕੇਬਲ ਓਪਰੇਟਰਾਂ ਲਈ ਖੁੱਲੇ ਹੋਣਗੇ। ਉਨਾਂ ਦੱਸਿਆ ਕਿ ਹਿੰਦੂਜਾ ਗਰੁੱਪ ਦੀ ਨਵੀਂ ਇਕਾਈ ਨੈੱਕਸਟ ਡਿਜੀਟਲ ਆਪਣੇ ਗਾਹਕਾਂ ਨੂੰ 500 ਚੈਨਲ ਤੱਕ ਮੁਹੱਈਆ ਕਰੇਗੀ। ਇਸ ਵਿੱਚ ਛੋਟੇ ਵੱਡੇ ਸਾਰੇ ਪੈਕ ਹੋਣਗੇ।

Unusual
Cable Mafia
PUNJAB