ਰਾਸ਼ਟਰਪਤੀ ਚੋਣ ਬਨਾਮ ਸਿੱਖ ...

ਜਸਪਾਲ ਸਿੰਘ ਹੇਰਾਂ
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਤੇ ਸੁਪਰੀਮ ਕੋਰਟ ਦੇ ਨਾਮੀ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਪਹਿਲਾਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਦੇ ਆਹੁਦੇ ਤੋਂ ਅਸਤੀਫ਼ਾ ਦੇ ਕੇ ਅਤੇ ਹੁਣ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਵੱਲੋਂ ਕਾਂਗਰਸੀ ਉਮੀਦਵਾਰ ਮੀਰਾ ਕੁਮਾਰ ਨੂੰ ਵੋਟਾਂ ਪਾਉਣ ਦੇ ਫੈਸਲੇ ਦਾ ਵਿਰੋਧ ਕਰਕੇ, ਸਿਆਸਤ ’ਚ ਤਾਂ ਧਮਾਕਾ ਕੀਤਾ ਹੀ ਹੈ। ਪ੍ਰੰਤੂ ਉਨਾਂ ਨੇ ਸਾਡੇ ਸਿੱਖ ਐਮ. ਪੀਜ਼. ਅਤੇ ਵਿਧਾਇਕਾਂ ਅੱਗੇ ਭੱਵਿਖ ਦੀ ਵੱਡੀ ਚੁਣੌਤੀ ਵੀ ਖੜੀ ਕਰ ਦਿੱਤੀ ਹੈ। ਉਨਾਂ ਨੇ ਇਨਾਂ ਐਮ. ਪੀਜ਼ ਅਤੇ ਵਿਧਾਇਕਾਂ ਦੀ ਆਤਮਾ ਨੂੰ ਝੰਜੋੜਣ ਵਾਲਾ ਫੈਸਲਾ ਲਿਆ ਹੈ ਅਤੇ ਇਸ ਫੈਸਲੇ ਨਾਲ ਇਹ ਸਾਰੇ ਆਗੂ, ਸਿੱਖ ਪੰਥ ਦੇ ਸਿੱਖੀ ਜ਼ਜ਼ਬੇ ਵਾਲੇ “ਰਾਡਾਰ” ਤੇ ਆ ਗਏ ਹਨ। ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਆਜ਼ਾਦੀ ਦੇ ਮੁੱਦੇ ਤੇ ਵਿਸ਼ਵਾਸ਼ਘਾਤ ਕੀਤਾ ਅਤੇ ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਸਮੇਂ ਘੋਰ- ਤਸ਼ਦੱਦ ਕੀਤਾ ਅਤੇ ਜ਼ੁਲਮ -ਜਬਰ ਦਾ ਸਿਖ਼ਰ ਉਦੋਂ ਹੋ ਨਿਬੜਿਆ, ਜਦੋਂ ਧਰਤੀ ਦੇ ਸੱਚਖੰਡ ਸਿੱਖਾਂ ਦੀ ਜਿੰਦ-ਜਾਨ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਕੇ, ਤੋਪਾਂ- ਟੈਕਾਂ ਨਾਲ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ- ਢੇਰੀ ਕਰਦਿਆਂ, ਬੇਦੋਸ਼ੀਆਂ ਸਿੱਖ-ਸੰਗਤਾਂ ਦਾ ਵਹਿਸ਼ੀਆਨਾ ਕਤਲੇਆਮ ਕਰ ਛੱਡਿਆ।

ਦਰਦਨਾਕ ਕਹਾਣੀ ਇਥੇ ਹੀ ਖ਼ਤਮ ਨਹੀਂ ਹੋਈ, ਸਿੱਖਾਂ ਵਿੱਰੁਧ ਨਫ਼ਰਤ ਉਦੋਂ ਜਵਾਲਾਮੁਖੀ ਵਾਂਗੂੰ ਫੱਟਕੇ ਬਾਹਰ ਆ ਗਈ। ਜਦੋਂ 31 ਅਕਤੂਬਰ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਸਿੱਖ ਯੋਧਿਆਂ ਨੇ “ਸੋਧਾ” ਲਾ ਦਿੱਤਾ ਤੇ ਉਸ ਬਹਾਨੇ ਨਵੰਬਰ 1984’ਚ ਸਿੱਖਾਂ ਦਾ ਦਿੱਲੀ ਸਮੇਤ ਵੱਖ- ਵੱਖ ਵੱਡੇ 127 ਸ਼ਹਿਰਾਂ’ਚ ਦਰਦਨਾਕ ਵਹਿਸ਼ੀਆਨਾ ਕਤਲੇਆਮ ਹੋਇਆ। ਸਿੱਖਾਂ ਦੇ ਖੂਨ ਖੇਡਣ ਵਾਲੀ ਤੇ ਦਰਬਾਰ ਸਾਹਿਬ ਤੇ ਹੱਲਾ-ਬੋਲਣ ਵਾਲੀ ਕਾਂਗਰਸ ਨੂੰ ਸਿੱਖ, ਜਨਮ-ਜਨਮ ਮਾਫ਼ ਨਹੀਂ ਕਰ ਸਕਦੇ। ਫ਼ਿਰ ਉਸਦੇ ਉਮੀਦਵਾਰ ਨੂੰ ਕੋਈ ਸੱਚਾ ਸਿੱਖ ਵੋਟ ਕਿਵੇਂ ਪਾ ਸਕਦਾ ਹੈ? ਬਹਾਨਾ ਓਹ ਕਾਂਗਰਸ ਤੇ “ਆਹ ਕਾਂਗਰਸ ਦਾ ਘੜਿਆ ਜਾ ਸਕਦਾ ਹੈ” ਪਰ ਸੱਚਾ ਸਿੱਖ ਕਿਸੇ ਵੀ ਕੀਮਤ ਤੇ ਵੀ ਕਾਂਗਰਸ ਨੂੰ ਮਾਫ਼ ਨਹੀਂ ਕਰ ਸਕਦਾ ਆਮ ਆਦਮੀ ਪਾਰਟੀ ਨੇ ਆਪਣੀ ਰਾਜਸੀ  ਖੇਡ ਅਨੁਸਾਰ ਭਾਜਪਾ ਵਿਰੋਧੀ ਉਮੀਦਵਾਰ ਦੀ ਹਮਾਇਤ ਕੀਤੀ ਹੈ। ਉਹ ਰਾਜਸੀ ਪਾਰਟੀ ਦਾ ਫੈਸਲਾ ਹੈ।ਠੀਕ ਵੀ ਹੈ ਸਕਦਾ, ਗਲਤ ਵੀ ਹੋ ਸਕਦਾ। ਪ੍ਰੰਤੂ ਸਿੱਖਾਂ ਦੀਆਂ ਜਖ਼ਮੀ ਧਾਰਮਿਕ ਭਾਵਨਾਵਾਂ, ਜਿਹੜੀਆਂ ਪਿਛਲੇ 33 ਵਰਿਆ ਤੋਂ ਸੁਲਘ ਰਹੀਆਂ ਹਨ, ਉਹ ਕਾਂਗਰਸ ਨੂੰ ਕਿਵੇਂ ਵੀ ਮਾਫ਼ ਨਹੀਂ ਕਰ ਸਕਦੀਆਂ। ਇਸ ਲਈ ਜੇ ਸਿੱਖ ਐਮ. ਪੀਜ਼ ਅਤੇ ਸਿੱਖ ਐਮ. ਐਲ. ਏਜ਼. ਸਮੂਹਿਕ ਰੂਪ’ਚ ਸਾਕਾ ਸ਼੍ਰੀ ਦਰਬਾਰ ਸਾਹਿਬ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਵਾਉਂਦਿਆਂ, ਕਾਂਗਰਸੀ ਉਮੀਦਵਾਰ ਦੇ ਬਾਈਕਾਟ ਦਾ ਐਲਾਨ ਕਰ ਦੇਣ ਤਾਂ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਇਸ ਨੂੰ ਕਿਸੇ ਰਾਜਸੀ ਧਿਰ ਨਾਲ ਨਾਂਹ ਜੋੜਿਆ ਜਾਵੇ, ਸਗੋਂ ਕੌਮੀ ਮੁੱਦੇ ਵੱਜੋਂ ਪੇਸ਼ ਕੀਤਾ ਜਾਵੇ। ਇਹ ਪੂਰੀ ਸਾਫ਼ ਅਤੇ ਸਪੱਸ਼ਟ ਹੈ ਕਿ ਸਿੱਖਾਂ ਲਈ ਜੇ ਕਾਂਗਰਸ “ਸੱਪਨਾਥ” ਹੈ ਤਾਂ ਭਾਜਪਾ “ਨਾਗਨਾਥ” ਹੈ।

ਭਗਵਾਂ ਬਿ੍ਰਗੇਡ ਤਾਂ ਸਿੱਖਾਂ ਦੀ ਹੋਂਦ ਨੂੰ ਹੀ ਹੱੜਪਣ ਲਈ ਕਾਹਲੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਸਿੱਖ ਇਤਿਹਾਸ ਤੱਕ ਮਿਲਾਵਟ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਜੁਆਨੀ ਦਾ ਕਈ ਢੰਗ ਤਰੀਕਿਆਂ ਰਾਂਹੀ ਘਾਣ ਕਰਨ ਦੇ ਯਤਨ ਤੇ ਸਿੱਖੀ ਤੋਂ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਾਂਗਰਸ ਨੇ ਤਾਂ ਹਮੇਸ਼ਾਂ ਸਿੱਖਾਂ ਦੀ ਛਾਤੀ’ਚ ਛੁਰਾ ਮਾਰਿਆ ਹੈ, ਪ੍ਰੰਤੂ ਭਗਵਿਆਂ ਨੇ ਹਮੇਸ਼ਾਂ ਕੌਮ ਦੀ ਪਿੱਠ ’ਚ ਛੁਰਾ ਘੋਪਿਆ ਹੈ। ਸਿੱਖਾਂ ਲਈ ਰਾਸ਼ਟਰਪਤੀ ਦੀ ਚੋਣ ਲੜ ਰਹੇ ਦੋਵੇਂ ਉਮੀਦਵਾਰ ਇੱਕ ਤੋਂ ਇੱਕ ਖ਼ਤਰਨਾਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਲਈ ਸੱਚਾ ਸਿੱਖ ਨਾ ਤਾਂ ਕਾਂਗਰਸ ਨੂੰ ਅਤੇ ਨਾ ਹੀ ਭਾਜਪਾ ਉਮੀਦਵਾਰ ਨੂੰ ਵੋਟ ਪਾ ਸਕਦਾ ਹੈ। ਅਸੀਂ ਸ. ਫੂਲਕਾ ਵੱਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਅਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਸਾਰੇ ਸਿੱਖ ਵਿਧਾਇਕ ਅਤੇ ਐਮ.ਪੀਜ਼. ਇਸ ਸਹੀ ਫੈਸਲੇ ਦੀ ਡੱਟ ਕੇ ਪ੍ਰੋੜਤਾ ਕਰਨਗੇ ਅਤੇ ਪਾਰਟੀ ਪੱਧਰ ਤੋਂ ਉਪੱਰ ਉੱਠ ਕੇ ਸਿਰਫ਼ ਗੁਰੂ ਦੇ ਸਿੱਖ ਵੱਜੋਂ ਆਪਣੀ ਜ਼ਮੀਰ ਦੀ ਆਵਾਜ਼ ਤੇ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਦਾ ਗੱਜ ਵੱਜ ਕੇ “ਕਾਂਗਰਸ ਸਿੱਖ ਮਾਰੂ” ਭਾਜਪਾ ਸਿੱਖ ਹੱੜਪੂ ਦਾ ਨਾਅਰਾ  ਬੁਲੰਦ ਕਰਨਗੇ। ਅਸੀਂ ਫੂਲਕਾ ਸਾਹਿਬ ਤੇ ਉਨਾਂ ਦੇ ਫੈਸਲੇ ਦੇ ਹਮਾਇਤੀਆਂ ਨੂੰ ਇਹ ਅਪੀਲ ਵੀ ਕਰਾਂਗੇ ਕਿ ਉਹ ਸਾਰੇ ਸਿੱਖ ਵਿਧਾਇਕਾਂ ਤੇ ਸਿੱਖ ਐਮ. ਪੀਜ਼. ਥੱਕ ਇਸ ਸੋਚ ਨੂੰ ਲੈ ਕੇ ਜਾਣ ਤੇ ਚੋਣਾਂ ਦੇ ਬਾਈਕਾਟ ਲਈ ਆਪਦੇ ਹਮਾਇਤੀ ਬਣਾਉਣਾ ਕੌਮ ਦੇ ਸਾਹਮਣੇ ਵੀ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਕਿਸ ਵਿਧਾਇਕ ਤੇ ਐਮ. ਪੀ. ਦੀ ਜ਼ਮੀਰ ਜਿਊਂਦੀ ਹੈ ਕਿਸ ਦੀ ਮਰ ਚੁੱਕੀ ਹੈ। ਇਹ ਅੰਦਾਜ਼ੇ ਰਾਸ਼ਟਰਪਤੀ ਪਦ ਲਈ ਵੋਟਾਂ ਪਾਉਣ ਤੋਂ ਬਾਅਦ ਸਮਾਪਤ ਹੋ ਜਾਣਗੇ।

Editorial
Jaspal Singh Heran