ਆਮ ਆਦਮੀ ਪਾਰਟੀ ਨੇ ਥਾਪੇ ਨਵੇਂ ਜਰਨੈਲ

ਚੰਡੀਗੜ 16 ਜੁਲਾਈ (ਮੇਜਰ ਸਿੰਘ) ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਆਪਣੇ ਸੂਬਾ ਅਹੁਦੇਦਾਰਾਂ ਤੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਨੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਅਰੋੜਾ ਨੇ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰਾਂ ਜਾਂਚ ਕੀਤੀ ਗਈ ਹੈ। ਇਸ ਸੂਚੀ ਨੂੰ ਰਾਜ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਪੂਰਨ ਸਹਿਮਤੀ ਹੈ। ਉਨਾਂ ਨੇ ਕਿਹਾ ਕਿ ਆਪਣੇ ਰਾਜ ਦੇ ਵਿਆਪਕ ਦੌਰੇ ‘ਆਪ ਆਪਣਿਆਂ ਨਾਲ‘ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਫੀਡਬੈਕ ਨੇ ਇਨਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ। ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ ਰਾਜ ਦੇ ਅਹੁਦੇਦਾਰਾਂ ਦੇ ਨਾਮ ਤੇ 5 ਨਵੇਂ ਬਣਾਏ ਜ਼ੋਨਾਂ ਦੇ ਪ੍ਰਧਾਨ ਨਾਮਜਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ।

ਉਨਾਂ ਨੇ ਕਿਹਾ ਕਿ ਅਗਲੀਆਂ ਸੂਚੀਆਂ ਵਿੱਚ ਜ਼ਿਲਾ ਪ੍ਰਧਾਨਾਂ, ਵਿੰਗ ਮੁਖੀਆਂ ਤੇ ਜ਼ੋਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਪਾਰਟੀ 8 ਲੇਅਰ ਦਾ ਸੰਗਠਨ ਬਣਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਰਾਜ, ਜ਼ੋਨ, ਜ਼ਿਲਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ/ਵਾਰਡ ਤੇ ਬੂਥ ਪੱਧਰ ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ। ਅਹੁਦੇਦਾਰਾਂ ਵਿਚ ਗੁਲਸ਼ਨ ਛਾਬੜਾ ਨੂੰ ਖਜ਼ਾਨਚੀ, ਗੈਰੀ ਵੜਿੰਗ ਨੂੰ ਢਾਂਚਾ ਖੜਾ ਕਰਨ ਦਾ ਇੰਚਾਰਜ, ਸੁਖਵਿੰਦਰ ਸਿੰਘ ਨੂੰ ਖਜ਼ਾਨਚੀ, ਡਾ. ਬਲਵੀਰ ਸਿੰਘ,ਚਰਨਜੀਤ ਚੰਨੀ, ਬਲਦੇਵ ਸਿੰਘ ਆਜ਼ਾਦ, ਆਸ਼ੂਤੋਸ਼ ਟੰਡਨ, ਕੁਲਦੀਪ ਧਾਰੀਵਾਲ, ਕਰਨਵੀਰ ਟਿਵਾਣਾ ਅਤੇ  ਹਰੀ ਸਿੰਘ ਟਹੌੜਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ। ਇਸੇ ਤਰਾਂ 19 ਪਾਰਟੀ ਆਗੂਆਂ ਨੂੰ ਜਨਰਲ ਸਕੱਤਰ ਤੇ ਪੰਜ ਮੈਂਬਰ ਪ੍ਰਸ਼ਾਸ਼ਨੀ ਕਮੇਟੀ ਬਣਾਈ ਗਈ ਹੈ। ਪਾਰਟੀ ਨੇ ਮਾਲਵੇ ਦੇ ਤਿੰਨ ਜੋਨਾਂ ਤੇ ਮਾਝਾ ਦੁਆਬਾ ਜੋਨਾਂ ਦੇ ਪੰਜ ਜੋਨ ਪ੍ਰਧਾਨ ਨਿਯੁਕਤ ਕੀਤੇ ਹਨ।

Aam Aadmi Party
bhagwant mann
Punjab Politics