ਅਮਰੀਕਾ ਦੀ ਪਾਬੰਦੀ ਦੇ ਬਾਵਜੂਦ ਈਰਾਨ ਜਾਰੀ ਰੱਖੇਗਾ ਮਿਜ਼ਾਇਲ ਪ੍ਰੋਗਰਾਮ

ਤਹਿਰਾਨ 29 ਜੁਲਾਈ (ਏਜੰਸੀਆਂ) ਈਰਾਨ ਨੇ ਆਪਣੇ ਮਿਜ਼ਾਇਲ ਪ੍ਰੋਗਰਾਮਾਂ ਦੇ ਖਿਲਾਫ ਅਮਰੀਕੀ ਕਾਂਗਰਸ ਵਲੋਂ ਪਾਸ ਕੀਤੀ ਨਵੀਂ ਪਾਬੰਦੀ ਦੀ ਸ਼ਨੀਵਾਰ ਨੂੰ ਨਿੰਦਾ ਕੀਤੀ ਤੇ ਇਸ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ। ਇਨਾਂ ਪਾਬੰਦੀਆਂ ਨੂੰ ਕਾਨੂੰਨ ਦਾ ਰੂਪ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ‘ਤੇ ਦਸਤਖਤ ਕਰਨ ਵਾਲੇ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਘਾਸਮੀ ਨੇ ਸਰਕਾਰੀ ਪ੍ਰਸਾਰਕ ਆਈ.ਆਰ.ਆਈ.ਬੀ. ਨੂੰ ਦੱਸਿਆ, ‘‘ਅਸੀਂ ਆਪਣੇ ਮਿਜ਼ਾਇਲ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ।‘‘ ਘਾਸਮੀ ਨੇ ਅਮਰੀਕਾ ਤੇ ਦੁਨੀਆ ਦੀਆਂ ਹੋਰ ਤਾਕਤਾਂ ਦੇ ਨਾਲ ਸਾਲ 2015 ‘ਚ ਹੋਏ ਸਮਝੋਤੇ ਦਾ ਜ਼ਿਕਰ ਕੀਤਾ, ਜਿਸ ‘ਚ ਈਰਾਨ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਗੱਲ ਕਹੀ ਗਈ ਸੀ।

ਉਨਾਂ ਕਿਹਾ, ‘‘ਅਸੀਂ ਅਮਰੀਕਾ ਦੀ ਕਾਰਵਾਈ ਨੂੰ ਬੇਰਹਿਮ, ਨਿੰਦਣਯੋਗ ਤੇ ਨਾਸਵਿਕਾਰ ਕਰਨ ਯੋਗ ਮੰਨਦੇ ਹਾਂ ਤੇ ਇਹ ਪ੍ਰਮਾਣੂ ਸਮਝੋਤੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।‘‘ ਉਨਾਂ ਕਿਹਾ, ‘‘ਫੌਜ ਤੇ ਮਿਜ਼ਾਇਲ ਇਲਾਕੇ ਸਾਡੀਆਂ ਘਰੇਲੂ ਨੀਤੀਆਂ ਹਨ ਤੇ ਕਿਸੇ ਹੋਰ ਨੂੰ ਇਸ ‘ਚ ਦਖਲ ਦੇਣ ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ।‘‘ ਰੂਸ ਤੇ ਉੱਤਰ ਕੋਰੀਆ ਨੂੰ ਨਿਸ਼ਾਨਾ ਬਣਾਉਂਦੇ ਪਾਬੰਦੀ ਬਿੱਲ ਨੂੰ ਅਮਰੀਕੀ ਸੈਨੇਟ ਨੇ ਵੀਰਵਾਰ ਨੂੰ ਪਾਸ ਕੀਤਾ ਸੀ ਤੇ ਇਸ ਤੋਂ ਦੋ ਦਿਨ ਪਹਿਲਾਂ ਪ੍ਰਤੀਨਿਧੀ ਸਭਾ ‘ਚ ਇਸ ਨੂੰ ਮਨਜ਼ੂਰੀ ਮਿਲੀ ਸੀ।

ਵਾਈਟ ਹਾਊਸ ਦੀ ਤਰਜਮਾਨ ਸਾਰਾਹ ਹਕਾਬੀ ਸੈਂਡਰਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਬਿੱਲ ‘ਤੇ ਦਸਤਖਤ ਕਰਨਗੇ, ਜਿਸ ਤੋਂ ਬਾਅਦ ਇਹ ਕਾਨੂੰਨ ‘ਚ ਬਦਲ ਜਾਵੇਗਾ। ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਮਿਜ਼ਾਇਲ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਲੱਗ ਤੋਂ ਪਾਬੰਦੀਆਂ ਲਗਾਈਆਂ ਸਨ। ਈਰਾਨ ਨੇ ਇਕ ਦਿਨ ਪਹਿਲਾਂ ਹੀ ਉਪਗ੍ਰਹਿ ਲਾਂਚ ਕੀਤਾ ਸੀ।

USA
Iran
Donald Trump