ਕੈਪਟਨ ਦੇ ਵਾਅਦੇ ਨਾ ਹੋਏ ਵਫ਼ਾ, ਖੁਦਕੁਸ਼ੀਆਂ ਦਾ ਦੌਰ ਹੋਇਆ ਤੇਜ਼

ਕੈਪਟਨ ਰਾਜ ਦੇ 125 ਦਿਨਾਂ ’ਚ 175 ਕਿਸਾਨਾਂ ਨੇ ਕੀਤੀ ਖੁਦਕੁਸ਼ੀ

(ਅਨਿਲ ਵਰਮਾ ਦੀ ਵਿਸ਼ੇਸ਼ ਰਿਪੋਰਟ) :

ਕਰਜੇ ਦੀ ਪੰਡ ਦਾ ਭਾਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਇਸ ਭਾਰ ਨੂੰ ਨਾ ਸਹਾਰਦਿਆਂ ਕਿਸਾਨਾਂ ਦਾ ਖੁਦਕੁਸ਼ੀਆਂ ਕਰਨਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਉਂਕਿ ਪਿਛਲੇ 10 ਸਾਲ ਸਤਾ ਤੇ ਕਾਬਜ ਰਹੀ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਬੇੜੀ ਵਿੱਚ ਨਕਲੀ ਬੀਜ, ਸਪਰੇਹਾਂ ਨਾਲ ਵੱਟੇ ਪਏ ਉਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਤਿਆਗਕੇ ਕਾਂਗਰਸ ਦੇ ਨਾਲ ਖੜਨ ਦਾ ਸੱਦਾ ਦੇਣ ਅਤੇ ਕਾਂਗਰਸ ਸਰਕਾਰ ਬਨਣ ਤੇ ਬੈਂਕ, ਸੁਸਾਇਟੀ ਤੇ ਆੜਤੀਆਂ ਦਾ ਸਾਰਾ ਕਰਜਾ ਮੁਆਫ ਕਰਨ ਦੇ ਵਾਅਦੇ ਕਰਨ ਵਾਲੇ ਕੈਪਟਨ ਸਾਹਿਬ ਨੇ ਵੀ ਬਤੌਰ ਮੁੱਖ ਮੰਤਰੀ ਬਣਦਿਆਂ ਕਿਸਾਨਾਂ ਦੀ ਬਾਂਹ ਨਾ ਫੜੀ। ਮਹਿਜ ਦੋ ਲੱਖ ਰੁਪਏ ਪ੍ਰਤੀ 5 ਏਕੜ ਕਰਜਮੁਆਫੀ ਦਾ ਐਲਾਨ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਨਾ ਮੌੜ ਸਕਿਆ ਤੇ ਜੇਕਰ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸਿਰ ਚੜੇ ਕਰਜੇ ਮੁਆਫ ਕਰਕੇ ਫਸਲਾਂ ਦੇ ਭਾਅ ਅੱਜ ਦੇ ਹਾਲਾਤ ਮੁਤਾਬਕ ਦੇਣੇ ਯਕੀਨੀ ਨਾ ਬਣਾਏ ਤਾਂ ਪੰਜਾਬ ਦੇ ਵਿਗੜਦੇ ਹਾਲਾਤ ਸਾਂਭੇ ਨਹੀਂ ਜਾਣੇ? ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਫ ਕਹਿ ਦਿੱਤਾ ਹੈ ਕਿ ਪੰਜਾਬ ਦੀ ਔਕਾਤ ਨਹੀਂ ਕਿ ਉਹ ਕਿਸਾਨਾਂ ਸਿਰ ਚੜੇ 54 ਹਜਾਰ ਕਰੋੜ ਤੋਂ ਵੱਧ ਦੇ ਕਰਜੇ ਨੂੰ ਮੁਆਫ ਕਰ ਸਕੇ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕੈਪਟਨ ਸਾਹਿਬ ਦੇ ਵਾਅਦੇ ਕਿੱਥੇ ਗਏ? ਖੁਦਕੁਸ਼ੀਆਂ ਦੀ ਰਿਪੋਰਟ ਪਹਿਰੇਦਾਰ ਵੱਲੋਂ ਸਮੇਂ ਸਮੇਂ ਸਿਰ ਸਾਹਮਣੇ ਲਿਆਂਦੀ ਗਈ ਤੇ ਹੁਣ ਤੱਕ ਕੈਪਟਨ ਸਰਕਾਰ ਦੇ 125 ਦਿਨਾ ਵਿੱਚ 175 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਤੇ ਇਹਨਾਂ ਪਿਛਲੇ 14 ਦਿਨਾਂ ਵਿੱਚ 24 ਹੋਰ ਕਿਸਾਨਾਂ ਨੇ ਮੌਤ ਨੂੰ ਗਲੇ ਲਾ ਲਿਆ।

ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮਿਤੀ 16 ਜੁਲਾਈ ਨੂੰ ਮਾਨਸਾ ਨੇੜਲੇ ਪਿੰਡ ਰਾਮਗੜ ਜਵੰਧੇ ਦੇ ਨੌਜਵਾਨ ਕਿਸਾਨ ਗੁਰਮੇਲ ਸਿੰਘ (28) ਪੁੱਤਰ ਬੌਰੀਆਂ ਸਿੰਘ, ਪਰਵਿੰਦਰ ਸਿੰਘ (27) ਪੁੱਤਰ ਸੇਵਕ ਸਿੰਘ ਪਿੰਡ ਮਹਿਤਾ ਅਤੇ ਪਿੰਡ ਸੱਪਾ ਵਾਲੀ ਦੇ ਨੌਜਵਾਨ ਕਿਸਾਨ ਸ਼ੇਰ ਸਿੰਘ ਪੁੱਤਰ ਨੇ ਨਹਿਰ ’ਚ ਛਾਲ ਮਾਰਕੇ ਖੁਦਕੁਸ਼ੀ ਕਰ ਲਈ। 18 ਜੁਲਾਈ ਨੂੰ ਲਹਿਰਾਗਾਗਾ ਦੇ ਪਿੰਡ ਖਾਈ ਦੇ ਕਿਸਾਨ ਅਮਰੀਕ ਸਿੰਘ ਪੁੱਤਰ ਕਾਹਨਾ ਸਿੰਘ, ਕੁਲਪ੍ਰੀਤ ਸਿੰਘ ਗੋਲੂ (26) ਅਤੇ ਜਿਲਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦੇ ਕਿਸਾਨ ਭੁਪਿੰਦਰ ਸਿੰਘ, 19 ਜੁਲਾਈ ਨੂੰ ਸੁਨਾਮ ਦੇ ਨੇੜਲੇ ਪਿੰਡ ਕੁਲਾਰ ਖੁਰਦ ਕਰਤਾਰ ਸਿੰਘ ਪੁੱਤਰ ਕਪੂਰ ਸਿੰਘ, 20 ਜੁਲਾਈ ਨੂੰ ਮਹਿਲਕਲਾਂ ਦੇ ਪਿੰਡ ਸਹਿਜੜਾ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬਿੰਦੀ, ਨਾਹਰ ਸਿੰਘ ਪੁੱਤਰ ਬਲਵੰਤ ਸਿੰਘ ਪਿੰਡ ਸੰਗਤੀਕਲਾ, 22 ਜੁਲਾਈ ਨੂੰ ਪਿੰਡ ਮਹਿਰਾਜ ਦੇ ਅਜਮੇਰ ਸਿੰਘ ਪੁੱਤਰ ਸਾਧੂ ਸਿੰਘ, 23 ਜੁਲਾਈ ਨੂੰ ਬਰਨਾਲਾ ਦੇ ਰਣਜੀਤ ਸਿੰਘ (45) ਪੁੱਤਰ ਸਵ. ਮੱਘਰ ਸਿੰਘ ਅਤੇ ਕਿਸਾਨ ਬਲਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਤਲਵੰਡੀ ਨੌਂ ਬਹਾਰ, 24 ਜੁਲਾਈ ਨੂੰ ਪਿੰਡ ਬੰਗਾ ਦੇ ਕਿਸਾਨ ਸੂਰਜ ਭਾਨ ਪੁੱਤਰ ਹਰੀ ਰਾਮ, ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਨਵਾਂ ਭੁੱਲਰ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ, ਹਿੰਮਤਪੁਰਾ ਦੇ ਕਿਸਾਨ ਬਸੰਤ ਸਿੰਘ ਪੁੱਤਰ ਸਵ. ਰਣਜੀਤ ਸਿੰਘ, ਅਜਨਾਲਾ ਅਧੀਨ ਆਉਂਦੇ ਪਿੰਡ ਤੇੜਾਂ ਕਲਾਂ ਦੇ ਕਿਸਾਨ ਮੇਜਰ ਸਿੰਘ, 26 ਜੁਲਾਈ ਨੂੰ ਮਲੇਰਕੋਟਲਾ ਦੇ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ, ਜਿਲਾ ਬਰਨਾਲਾ ਦੇ ਪਿੰਡ ਧੌਲਾ ਦੇ ਕਿਸਾਨ ਅਜੈਬ ਸਿੰਘ ਪੁੱਤਰ ਬਾਬਾ ਸਿੰਘ, 27 ਜੁਲਾਈ ਨੂੰ ਪਿੰਡ ਤਲਵੰਡੀ ਨਾਹਰ ਦੇ ਕਿਸਾਨ ਰਣਧੀਰ ਸਿੰਘ ਪੁੱਤਰ ਕਿਰਪਾ ਸਿੰਘ ਅਤੇ ਗੋਨਿਆਣਾ ਦੇ ਕੋਠੇ ਚੇਤ ਸਿੰਘ ਵਾਲੇ ਦੇ ਕਿਸਾਨ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ, 28 ਜੁਲਾਈ ਨੂੰ ਲਹਿਰਗਾਗਾ ਦੇ ਪਿੰਡ ਗਿਦੜਿਆਣੀ ਦੇ ਨੌਜਵਾਨ ਕਿਸਾਨ ਗੁਰਦੀਪ ਸਿੰਘ (22) ਪੁੱਤਰ ਸ਼ਿੰਦਰ ਸਿੰਘ, 29 ਜੁਲਾਈ ਨੂੰ ਕੌਹਰੀਆਂ ਦੇ ਕਿਸਾਨ ਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ, ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਕਿਸਾਨ ਨਿਰਭੈ ਸਿੰਘ ਪੁੱਤਰ ਨਿਰੰਜਨ ਸਿੰਘ ਅਤੇ ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨੇ ਕਰਜੇ ਦੀ ਮਾਰ ਨਾ ਝੱਲਦਿਆਂ ਖੁਦਕੁਸ਼ੀ ਕਰ ਲਈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਵੇਲੇ ਹਰ ਤਰਾਂ ਦੇ ਕਰਜੇ ਨੂੰ ਮੁਆਫ ਕਰਨ ਦੇ ਵਾਅਦੇ ਨੂੰ ਕਿਵੇਂ ਪੂਰਾ ਕਰਦੀ ਹੈ ਤਾਂ ਜੋ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਿਆ ਜਾ ਸਕੇ? 

Unusual
farmer
suicide