ਮੁਗਲਸਰਾਏ ਸਟੇਸ਼ਨ ਦਾ ਨਾਂ ਬਦਲਣ ਨੂੰ ਲੈ ਕੇ ਰਾਜ ਸਭਾ ’ਚ ਹੰਗਾਮਾ

ਲਖਨਊ /ਨਵੀਂ ਦਿੱਲੀ, 4 ਅਗਸਤ (ਏਜੰਸੀਆਂ) : ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਜਨਤਾ ਸੰਘ ਦੇ ਨੇਤਾ ਦੀਨ ਦਿਆਲ ਉਪਾਧਿਆਏ ਦੇ ਨਾਂ ‘ਤੇ ਕਰਨ ਨੂੰ ਲੈ ਕੇ ਰਾਜ ਸਭਾ ‘ਚ ਸ਼ੁੱਕਰਵਾਰ ਨੂੰ ਖੂਬ ਹੰਗਾਮਾ ਹੋਇਆ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਸਪਾ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਮਨਮਾਨੀ ਕਰਨ ‘ਚ ਲੱਗੀ ਹੋਈ ਹੈ। ਉਹ ਇਸ ਸਟੇਸ਼ਨ ਦਾ ਨਾਂ ਬਿਨਾਂ ਮਤਲਬ ਬਦਲ ਰਹੀ ਹੈ ਅਤੇ ਇਸ ਦੀ ਕੋਈ ਰਸਮ ਨਹੀਂ ਹੈ। ਅਸਲ ‘ਚ ਯੂ.ਪੀ. ਦੀ ਯੋਗੀ ਸਰਕਾਰ ਦੇ ਫੈਸਲੇ ਨੂੰ ਗ੍ਰਹਿ ਮੰਤਰਾਲੇ ਨੇ ਹਰੀ ਝੰਡੀ ਦਿਖਾ ਦਿੱਤੀ ਸੀ।

ਸਰਕਾਰੀ ਨਿਯਮਾਂ ਦੇ ਮੁਤਾਬਕ ਕਿਸੇ ਸਟੇਸ਼ਨ, ਪਿੰਡ, ਸ਼ਹਿਰ ਦਾ ਨਾਂ ਬਦਲਣ ਦੇ ਲਈ ਰਾਜ ਸਰਕਾਰ  ਨੂੰ ਗ੍ਰਹਿ ਮੰਤਰਾਲੇ ਤੋਂ ਐਨ.ਓ.ਸੀ. ਲੈਣਾ ਜ਼ਰੂਰੀ ਹੈ। ਅਸਲ ‘ਚ ਭਾਜਪਾ ਇਸ ਸਾਲ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਸ਼ਤਾਬਦੀ ਸਾਲ ਮਨਾ ਰਹੀ ਹੈ। ਯੋਗੀ ਸਰਕਾਰ ਨੇ ਕੈਬਿਨਟ ਦੀ ਬੈਠਕ ‘ਚ ਮੁਗਲਸਰਾਏ ਦੇ ਮੁੱਖ ਰਸਤੇ ਦਾ ਨਾਂ ਦੀਨ ਦਿਆਲ ਦੇ ਨਾਂ ‘ਤੇ ਕਰਨ, ਪ੍ਰਮੁੱਖ ਚੌਰਾਹੇ ‘ਤੇ ਉਨਾਂ ਦੀ ਮੂਰਤੀ ਲਗਾਉਣ ਅਤੇ ਉਸ ਦਾ ਨਾਂ ਦੀਨ ਦਿਆਲ ਚੌਕ ਕਰਨ ਦਾ ਵੀ ਫੈਸਲਾ ਕੀਤਾ ਸੀ। ਇਸ ਬੈਠਕ ‘ਚ ਕਿਹਾ ਗਿਆ ਸੀ ਕਿ ਦੀਨ ਦਿਆਲ ਉਪਾਧਿਆਏ ਦਾ ਸਰੀਰ ਮੁਗਲਸਰਾਏ ਰੇਲਵੇ ਸਟੇਸ਼ਨ ‘ਤੇ ਮਿਲਿਆ ਸੀ ਅਤੇ ਇਸ ਲਈ ਇਸ਼ ਸਟੇਸ਼ਨ ਦਾ ਨਾਂ ਉਨਾਂ ਦੇ ਨਾਂ ‘ਤੇ ਰੱਖਿਆ ਜਾਣਾ ਚਾਹੀਦਾ।

Rajya Sabha
Uttar Pardesh