ਭਾਰਤ ਦੇ ਮੁਸਲਮਾਨਾਂ ’ਚ ਬੇਚੈਨੀ ਤੇ ਅਸੁਰੱਖਿਆ ਕਿਉਂ : ਅੰਸਾਰੀ

ਨਵੀਂ ਦਿੱਲੀ 10 ਅਗਸਤ (ਏਜੰਸੀਆਂ) : ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਹੈ ਕਿ ਦੇਸ਼ ਦੇ ਮੁਸਲਮਾਨ ਭਾਈਚਾਰੇ ਵਿੱਚ ਅੱਜ ਅਸੁਰੱਖਿਆ ਤੇ ਬੇਚੈਨੀ ਦਾ ਮਾਹੌਲ ਹੈ। ਖ਼ਬਰ ਏਜੰਸੀ ਪੀ.ਟੀ.ਆਈ. ਮੁਤਾਬਕ ਹਾਮਿਦ ਅੰਸਾਰੀ ਨੇ ਇਹ ਗੱਲ ਰਾਜ ਸਭਾ ਟੀ.ਵੀ. ਨੂੰ ਦਿੱਤੇ ਇੰਟਰਵਿਊ ਵਿੱਚ ਕਹੀ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ‘ਤੇ ਹਾਮਿਦ ਅੰਸਾਰੀ ਦੇ ਦੂਜੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਹੈ। ਉਪ-ਰਾਸ਼ਟਰਪਤੀ ਵਜੋਂ ਹਾਮਿਦ ਅੰਸਾਰੀ ਨੇ ਰਾਜ ਸਭਾ ਟੀ.ਵੀ. ਨੂੰ ਦਿੱਤੇ ਆਪਣੇ ਆਖ਼ਰੀ ਇੰਟਰਵਿਊ ਵਿੱਚ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਜੋ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਵਾਲੀਆਂ ਹੋ ਸਕਦੀਆਂ ਹਨ। ਹਾਮਿਦ ਅੰਸਾਰੀ ਨੇ ਆਪਣੇ ਇੰਟਰਵਿਊ ਵਿੱਚ ਕਿਹਾ,ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਦੇਸ਼ ਦੇ ਮੁਸਲਮਾਨ ਭਾਈਚਾਰੇ ਵਿੱਚ ਬੇਚੈਨੀ ਤੇ ਅਸੁਰੱਖਿਆ ਦੀ ਭਾਵਨਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮੈਨੂੰ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ।

ਭਾਰਤ ਦਾ ਸਮਾਜ ਸਦੀਆਂ ਤੋਂ ਬਹੁਵਾਦੀ ਰਿਹਾ ਹੈ, ਪਰ ਸਭ ਲਈ ਹਾਂਪੱਖੀ ਵਾਲਾ ਇਹ ਮਾਹੌਲ ਹੁਣ ਖ਼ਤਰੇ ਵਿੱਚ ਹੈ। ਲੋਕਾਂ ਦੇ ਭਾਰਤੀ ਹੋਣ ‘ਤੇ ਸਵਾਲ ਖੜੇ ਕਰਨ ਦੀ ਇਹ ਨਵੀਂ ਧਾਰਨਾ ਵੀ ਬੇਹੱਦ ਚਿੰਤਾਜਨਕ ਹੈ। ਪੀ.ਟੀ.ਆਈ. ਮੁਤਾਬਕ, ਉਪ-ਰਾਸ਼ਟਰਪਤੀ ਅੰਸਾਰੀ ਨੇ ਇੰਟਰਵਿਊ ਦੌਰਾਨ ਇਹ ਵੀ ਕਿਹਾ,ਲੋਕਾਂ ਉੱਤੇ ਭੀੜ ਦੇ ਵਧਦੇ ਹਮਲੇ, ਅੰਧਵਿਸ਼ਵਾਸ ਦਾ ਵਿਰੋਧ ਕਰਨ ਵਾਲਿਆਂ ਦੀਆਂ ਹੱਤਿਆਵਾਂ ਤੇ ਕਥਿਤ ਤੌਰ ‘ਤੇ ਘਰ ਵਾਪਸੀ ਦੇ ਮਾਮਲੇ ਭਾਰਤੀ ਕਦਰਾਂ ਕੀਮਤਾਂ ਵਿੱਚ ਆ ਰਹੇ ਨਿਘਾਰ ਦੇ ਉਦਾਹਰਨ ਹਨ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਦੀ ਸਰਕਾਰੀ ਅਧਿਕਾਰੀਆਂ ਦੀ ਸਮਰੱਥਾ ਵੀ ਵੱਖ-ਵੱਖ ਪੱਧਰਾਂ ਉੱਤੇ ਖ਼ਤਮ ਹੋ ਰਹੀ ਹੈ। ਏਜੰਸੀ ਮੁਤਾਬਕ ਉਪ-ਰਾਸ਼ਟਰਪਤੀ ਨੇ ਇੰਟਰਵਿਯੂ ਵਿੱਚ ਇਹ ਵੀ ਕਿਹਾ ਕਿ ਉਨਾਂ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਦਾ ਮੁੱਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਰਕਾਰ ਦੇ ਹੋਰਨਾਂ ਮੰਤਰੀਆਂ ਸਾਹਮਣੇ ਵੀ ਉਠਾ ਚੁੱਕੇ ਹਨ।

 

ਅੰਸਾਰੀ ਨੇ ਸਦਨ ’ਚ ਸਭ ਨੂੰ ਸੰਭਾਲਿਆ : ਮੋਦੀ

ਨਵੀਂ ਦਿੱਲੀ 10 ਅਗਸਤ (ਏਜੰਸੀਆਂ): ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਭਾ ‘ਚ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਵਿਦਾਈ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨਾਂ ਨੇ ਕਿਹਾ ਕਿ ਅੰਸਾਰੀ ਦੇ ਪਰਿਵਾਰ ਨੇ ਦੇਸ਼ ਲਈ ਬਹੁਤ ਯੋਗਦਾਨ ਦਿੱਤਾ ਹੈ। ਅੰਸਾਰੀ ਨੇ ਸਦਨ ‘ਚ ਸਭ ਨੂੰ ਸੰਭਾਲਿਆ। ਪੀ.ਐਮ ਨੇ ਅੰਸਾਰੀ ਦੇ ਯੋਗਦਾਨ ਦੀ ਤਾਰੀਫ ਕੀਤੀ ਅਤੇ ਦੇਸ਼ਵਾਸੀਆਂ ਵੱਲੋਂ ਉਨਾਂ ਦਾ ਧੰਨਵਾਦ ਕੀਤਾ। ਅੱਜ ਹਾਮਿਦ ਅੰਸਾਰੀ ਦਾ ਕਾਰਜਕਾਲ ਖਤਮ ਹੋ ਰਿਹਾ ਹੈ।

Unusual
Muslims
President
Hamid Ansari
pm narendra modi