ਅਕਾਲ ਤਖ਼ਤ ਐਕਸਪ੍ਰੈਸ ’ਚੋਂ ਮਿਲਿਆ ਬੰਬ, ਅਲਰਟ ਜਾਰੀ

ਲਖਨਊ  10 ਅਗਸਤ (ਏਜੰਸੀਆਂ)  ਲਸ਼ਕਰ-ਏ-ਤੋਇਬਾ ਦੇ ਕਮਾਂਡਰ ਅਬੂ ਦੁਜਾਣਾ ਦੀ ਮੌਤ ਦਾ ਬਦਲਾ ਲੈਣ ਲਈ ਇੱਕ ਚਿੱਠੀ ਸਮੇਤ ਘੱਟ ਸਮਰੱਥਾ ਵਾਲਾ ਬੰਬ ਬਰਾਮਦ ਕੀਤਾ ਗਿਆ ਹੈ। ਇਹ ਬੰਬ ਉੱਤਰ ਪ੍ਰਦੇਸ਼ ਦੇ ਅਮੇਠੀ ਕਸਬੇ ਲਾਗਿਉਂ ਕੋਲਕਾਤਾ ਤੋਂ ਜੰਮੂ-ਤਵੀ ਜਾ ਰਹੀ ਅਕਾਲ ਤਖ਼ਤ ਐਕਸਪ੍ਰੈਸ ਦੀ ਏ.ਸੀ. ਬੋਗੀ ਵਿੱਚੋਂ ਮਿਲਿਆ ਹੈ। 10 ਅਗਸਤ ਨੂੰ ਤਕਰੀਬਨ 1:30 ਵਜੇ ਬੋਗੀ ਨੰਬਰ ਬੀ-3 ਦੇ ਪਖ਼ਾਨਾ ਜਾਣ ਲਈ ਇੱਕ ਮੁਸਾਫ਼ਰ ਆਇਆ ਤਾਂ ਉਸ ਨੂੰ ਤਾਰਾਂ ਵਿੱਚ ਲਪੇਟੀ ਹੋਈ ਸ਼ੱਕੀ ਵਸਤੂ ਵਿਖਾਈ ਦਿੱਤੀ। ਉਸ ਨੇ ਤੁਰੰਤ ਹੀ ਰੇਲ ਦੇ ਗਾਰਡ ਨੂੰ ਸੂਚਿਤ ਕੀਤਾ ਤੇ ਟ੍ਰੇਨ ਅਕਬਰਗੰਜ ਸਟੇਸ਼ਨ ‘ਤੇ ਰੋਕ ਲਈ ਗਈ। ਪੁਲਿਸ ਨੇ ਬੰਬ ਰੋਧਕ ਦਸਤੇ ਦੀ ਸਹਾਇਤਾ ਨਾਲ ਇਸ ਨੂੰ ਰੇਲ ਵਿੱਚੋਂ ਕੱਢ ਲਿਆ। ਜ਼ਿਆਦਾ ਫਿਕਰ ਵਾਲੀ ਗੱਲ ਬੰਬ ਦੇ ਨਾਲ ਇੱਕ ਹੱਥ ਲਿਖਤ ਧਮਕੀ ਪੱਤਰ ਸੀ।

ਇਸ ਵਿੱਚ ਲਿਖਿਆ ਸੀ ਕਿ ਭਾਰਤ ਨੂੰ ਅਬੂ ਦੁਜਾਨਾ ਦੀ ਸ਼ਹੀਦੀ ਦੀ ਕੀਮਤ ਚੁਕਾਉਣੀ ਹੋਵੇਗੀ। ਦੱਸਣਾ ਬਣਦਾ ਹੈ ਕਿ ਅਬੂ ਦੁਜਾਨਾ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੀ ਜੋ 1 ਅਗਸਤ, 2017 ਨੂੰ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਸ ਦੇ ਜਨਾਜ਼ੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਜਿਨਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨਾਲ ਕਿਸੇ ਵੱਡੀ ਝੜਪ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ, ਪਰ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਅਮੇਠੀ ਦੇ ਐਸ.ਪੀ. ਨੇ ਦੱਸਿਆ ਕਿ ਟ੍ਰੇਨ ਨੂੰ ਪੂਰੀ ਤਰਾਂ ਨਾਲ ਜਾਂਚਿਆ ਗਿਆ ਤੇ 5 ਘੰਟੇ ਬਾਅਦ ਸਭ ਸਹੀ ਪਾਏ ਜਾਣ ‘ਤੇ ਟ੍ਰੇਨ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਤੇ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ।

Unusual
Trains
Bomb