ਕੌਮ ’ਚ ਏਕਾ ਹੀ ਸਾਰੇ ਦੁੱਖਾਂ ਦਾ ਦਾਰੂ ਹੈ...

ਜਸਪਾਲ ਸਿੰਘ ਹੇਰਾਂ

ਅੱਜ ਕੌਮ ਇਕ ਚੌਰਾਹੇ ’ਤੇ ਖੜੀ ਹੈ, ਜਿਨਾਂ ਦੇ ਹੱਥ ਸੂਬੇ ਦੀ ਤੇ ਕੌਮ ਦੀ ਵਾਂਗਡੋਰ ਹੈ, ਉਹ ਕੌਮ ਪ੍ਰਤੀ ਢਿੱਡੋਂ ਬੇਈਮਾਨ ਅਤੇ ਉਨਾਂ ਖ਼ੁਦ ਦੀ ਲਗਾਮ, ਸਿੱਖ ਦੁਸ਼ਮਣ ਤਾਕਤਾਂ ਹੱਥ ਹੈ। ਕੌਮ ਇਨਾਂ ਸੂਬੇ ਤੇ ਪੰਥ ਦੋਖ਼ੀ ਠੇਕੇਦਾਰਾਂ ਨੂੰ ਗਲ਼ੋਂ ਲਾਹੁੰਣ ਲਈ ਉਤਾਵਲੀ ਹੈ। ਪ੍ਰੰਤੂ ਪੰਥਕ ਵਿਹੜੇ ’ਚ ਉਸਦੀ ਬਾਂਹ ਫੜਨ ਵਾਲਾ ਹੀ ਕੋਈ ਵਿਖਾਈ ਨਹੀਂ ਦਿੰਦਾ। ਮਨੁੱਖੀ ਅਧਿਕਾਰ ਦੀ ਰਾਖ਼ੀ ਕਰਦੀ-ਕਰਦੀ ਕੌਮ, ਆਪਣੀ ਧਾਰਮਿਕ ਅਜ਼ਾਦੀ ਵੀ ਗੁਆਈ ਜਾ ਰਹੀ ਹੈ। ਪਰ ਕਿਸੇ ਨੂੰ ਬਹੁਤਾ ਫ਼ਰਕ ਪੈਦਾ ਵਿਖਾਈ ਨਹੀਂ ਦਿੰਦਾ। ਪੁਲਿਸ ਧੱਕਾ ਕਰੀ ਜਾਂਦੀ ਹੈ, ਬੇਇਨਸਾਫ਼ੀ ਕਰੀ ਜਾਂਦੀ ਹੈ, ਬਾਦਲ ਸਰਕਾਰ, ਬਾਬਰ ਦੀ ਸਰਕਾਰ ਬਣ ਕੇ ਰਹਿ ਗਈ ਹੈ, ਇਨਾਂ ਸ਼ਬਦਾਂ ਨਾਲ ਅਸੀਂ ਚਿੰਤਾ ਦਾ ਪ੍ਰਗਟਾਵਾ ਕਰਕੇ ਆਪਣੀ ਕੌਮੀ ਜੁੰਮੇਵਾਰੀ ਤੋਂ ਸੁਰਖ਼ਰੂ ਹੋ ਗਏ ਮੰਨ ਲੈਂਦੇ ਹਾਂ। ਇਨਾਂ ਸ਼ਬਦਾਂ ਨਾਲ ਜੇ ਕਦੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਸਾਰ ਲੈਂਦੇ, ਫ਼ਿਰ ਕੌਮ ਦਾ ਅੱਜ ਕੀ ਇਤਿਹਾਸ ਹੁੰਦਾ? ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵੀ ਸ੍ਰੀ ਦਰਬਾਰ ਸਾਹਿਬ ਦੇ ਇਰਦ-ਗਿਰਦ ਲੱਗੇ ਸਖ਼ਤ ਪਹਿਰੇ ਤੋਂ ਘਬਰਾ ਕੇ ਵਾਪਸ ਬੁੱਢਾ-ਬੋਹੜ ਜਾ ਕੇ ਸਮੇਂ ਦੀ ਜਾਬਰ ਹਕੂਮਤ ਦੀ ਸਖ਼ਤੀ ਦਾ ਰੋਣਾ ਰੋ ਕੇ ਸਾਰ ਲੈਂਦੇ, ਫ਼ਿਰ ਸਾਡਾ ਅੱਜ ਦਾ ਇਤਿਹਾਸ ਕੀ ਹੁੰਦਾ? ਅੱਜ ਅਸੀਂ ਸਿੱਖ ਦੇ ਘਰ ਜਨਮ ਲਿਆ ਹੋਣ ਕਾਰਣ ਆਪਣੇ-ਆਪ ਨੂੰ ਸਿੱਖ ਸਮਝੀ ਤੇ ਮੰਨੀ ਜਾਂਦੇ ਹਾਂ। ਪ੍ਰੰਤੂ ਸਿੱਖੀ ਦੇ ਸਕੂਲ ’ਚ ਕਿਸੇ ਨੇ ਕਦੇ ਦਾਖ਼ਲਾ ਲੈਣ ਦੀ ਸੋਚੀ ਹੀ ਨਹੀਂ, ਕਿਉਂਕਿ ਉਸ ਸਕੂਲ ਦੀ ਫ਼ੀਸ ਸਿਰਫ਼ ਤੇ ਸਿਰਫ਼ ‘ਸਿਰ’ ਹੈ। ਆਪਣੀ ਮੱਤ ਅਸੀਂ ਗੁਰੂ ਨੂੰ ਸਮਰਪਿਤ ਕਰਕੇ, ਗੁਰੂ ਦੀ ਮੱਤ ਅਨੁਸਾਰ ਸਿੱਖੀ ਦੇ ਧਾਰਵੀ ਬਣਨ ਦੇ ਰਾਹ ਤੋਂ ਪੂਰੀ ਤਰਾਂ ਭਟਕ ਚੁੱਕੇ ਹਾਂ। ਜਿਸ ਕਾਰਣ ਸਾਡੀ ਹੳੂਮੈ ਮਰਦੀ ਨਹੀਂ, ਸਗੋਂ ਆਏ ਦਿਨ ਸਿਖ਼ਰਾਂ ਵੱਲ ਛਾਲਾਂ ਮਾਰਦੀ ਹੈ।

‘‘ਮੈਂ ਤੇ ਮੇਰੇ’’ ਤੋਂ ਬਿਨਾਂ ਹੋਰ ਕੋਈ ਸ਼ਬਦ ਸਾਡੀ ਸੋਚ ਤੇ ਜੁਬਾਨ ਉਤੇ ਆਉਂਦਾ ਹੀ ਨਹੀਂ। ਈਰਖ਼ਾ, ਸਾੜਾ, ਚੌਧਰ ਦੀ ਭੁੱਖ, ਨਿੱਜੀ ਲਾਲਸਾ, ਚਾਪਲੂਸੀ ਕੀ ਸਾਡੇ ਹਿੱਸੇ ਇਹੋ ਗੁਣ ਹੀ ਰਹਿ ਗਏ ਹਨ? ‘‘ਪੰਥ’’ ਦੀ ਗੱਲ ਹਰ ਕੋਈ ਕਰਦਾ ਹੈ, ਪਰ ‘ਪੰਥ’ ਦੀ ਸੋਚ ਤੇ ‘ਮੈਂ’ ਭਾਰੂ ਹੈ। ਅਜਿਹੀ ਸੋਚ ਨਾਲ ਕਦੇ ਸਿਰ ਨਹੀਂ ਜੁੜਦੇ, ਏਕਾ ਨਹੀਂ ਹੁੰਦਾ, ਇਤਫ਼ਾਕ ਨਹੀਂ ਬਣਦਾ, ਇਕ ਸੁਰਤਾ ਨਹੀਂ ਆਉਂਦੀ। ਸਿਰਫ਼ ਤੇ ਸਿਰਫ਼ ਵਖਰੇਵਾਂ ਵੱਧਦਾ ਹੈ, ਜਿਹੜਾ ਅੱਜ ਵੀ ਵੱਧ ਰਿਹਾ ਹੈ। ਸਿਰ ਪਈ ਤੇ ਵੀ ਜੇ ਕੌਮ ਇਕ ਹੋਣਾ ਭੁੱਲ ਗਈ ਹੈ ਤਾਂ ਫ਼ਿਰ ਵਿਰੋਧੀ ਦਾ ਵਾਰ ਸਾਡਾ ਸਿਰ ਫੇਰੇਗਾ ਹੀ। ਇਤਿਹਾਸ ਕੌਮਾਂ ਸਿਰਜਦੀਆਂ ਹਨ, ਇਤਿਹਾਸ ਸਿਰਫ਼ ਏਕੇ ਨਾਲ ਹੀ ਸਿਰਜਿਆ ਜਾਂਦਾ ਹੈ। ਕੌਮ ’ਚ ਫੁੱਟ ਤੇ ਵਖਰੇਵਾਂ ਤਬਾਹੀ ਤੇ ਨਿਘਾਰ ਲਿਆਉਂਦਾ ਹੈ। ਕੌਮ ਨੇ ਆਪਣੇ ਸਾਢੇ ਪੰਜ ਸਦੀਆਂ ਦੇ ਇਤਿਹਾਸ ’ਚ ਵੱਡੀਆਂ ਜੰਗਾਂ ਲੜੀਆਂ ਹਨ, ਪੈਰ-ਪੈਰ ਤੇ ਲੜਨੀਆਂ ਪਈਆਂ ਹਨ ਤੇ ਕੌਮ ਦੀ ਇਕਜੁੱਟਤਾ ਨੇ ਉਹ ਸਾਰੀਆਂ ਜੰਗਾਂ ਸ਼ਾਨ ਨਾਲ ਜਿੱਤੀਆਂ ਹਨ। ਫ਼ਿਰ ਅੱਜ ਉਸ ਕੌਮ ਦਾ ਬਲ, ਬੁੱਧੀ ਕਿੱਥੇ ਗਈ? ਉਹ ਬੌਣੇ ਜਾਬਰ ਹਾਕਮਾਂ ਅੱਗੇ ਵੀ ਬੌਣੀ ਜਾਪਦੀ ਹੈ। ਸਿਰਫ਼ ਪੁਰਾਤਨ ਇਤਿਹਾਸਕ ਕਾਰਨਾਮਿਆਂ ਦੀਆਂ ਢੀਂਗਾਂ ਮਾਰ ਕੇ ਕੰਮ ਨਹੀਂ ਚੱਲਣਾ। ਅਸੀਂ ਅੱਜ ਕੀ ਹਾਂ ਅਤੇ ਕਿੱਥੇ ਖੜੇ ਹਾਂ? ਸਾਡੇ ’ਚ ਕਿੰਨਾ ਕੁ ਸਾਹ-ਸੱਤ ਹੈ? ਇਹ ਵਿਖਾਵਾ ਕੀਤੇ ਤੋਂ ਬਿਨਾਂ ‘ਸ਼ੇਰਾਂ’ ਦੀ ਕੌਮ ਹੋਣ ਨੂੰ ਕੋਈ ਪ੍ਰਵਾਨ ਨਹੀਂ ਕਰਦਾ। ਅੱਜ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਜੰਗ ਦਾ ਸਮਾਂ ਹੈ। ਪ੍ਰੰਤੂ ਕੌਮ ’ਚ ਏਕਾ, ਸਭ ਤੋਂ ਵੱਡੀ ਤਾਕਤ ਤੇ ਹਥਿਆਰ ਹੈ। ਨਵੀਂ ਪੀੜੀ ਜੋ ਕੁਝ ਵਾਪਰ ਰਿਹਾ ਹੈ, ਉਸਨੂੰ ਨੀਝ ਤੇ ਡੂੰਘੀ ਦਿ੍ਰਸ਼ਟੀ ਨਾਲ ਤੱਕ ਰਹੀ ਹੈ।

ਉਹ ਪੁਰਾਤਨ ਤੇ ਆਧੁਨਿਕ ਸਿੱਖ ਤੇ ਵੱਡੇ ਫ਼ਰਕ ਤੋਂ ਹੈਰਾਨ ਵੀ ਹੈ, ਪ੍ਰੇਸ਼ਾਨ ਵੀ ਹੈ। ਉਸਦੀ ਇਹ ਦੁਬਿਧਾ ਕੌਮ ਦੇ ਹੋਂਦ ਤੇ ਭਵਿੱਖ ਦੋਵਾਂ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਹੈ ਅਤੇ ਇਸਦੀ ਸਮੁੱਚੀ ਜੁੰਮੇਵਾਰੀ ਵਰਤਮਾਨ ਪੰਥਕ ਅਖਵਾਉਂਦੇ ਆਗੂਆਂ ਸਿਰ ਹੋਵੇਗੀ। ਕੱਲ ਦਾ ਇਤਿਹਾਸ ਫ਼ਿਰ ਸਾਨੂੰ ਕਿੱਥੇ ਖੜਾ ਕਰੇਗਾ? ਇਹ ਅਹਿਸਾਸ ਹਰ ਪੰਥਕ ਅਖਵਾਉਂਦੇ ਆਗੂ ਨੂੰ ਆਪਣੇ ਮਨ ’ਚ ਝਾਤੀ ਮਾਰਕੇ ਇਕ ਵਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ। ਬਾਦਲ ਸਰਕਾਰ ’ਚ ਹਿੰਮਤ ਨਹੀਂ ਕਿ ਉਹ ਸਿੱਖਾਂ ਤੇ ਜਬਰ ਕਰ ਸਕੇ, ਸਾਡੀ ਧਾਰਮਿਕ ਅਜ਼ਾਦੀ ਖੋਹਣ ਦੀ ਜੁਰੱਅਤ ਕਰ ਸਕੇ। ਇਹ ਸਿਰਫ਼ ਤੇ ਸਿਰਫ਼ ਕੌਮ ’ਚ  ਫੁੱਟ ਤੇ ਆਪੋ-ਆਪਣੀ ਡੱਫ਼ਲੀ ਕਾਰਣ ਹੀ ਹੈ। ਐਨੇ ਖ਼ੁਆਰ ਹੋਣ ਦੇ ਬਾਵਜੂਦ ਅਸੀਂ ਸਿਰ ਜੋੜਨ ਵੱਲ ਨਹੀਂ ਤੁਰਦੇ। ਸਗੋਂ ਤੀਲਾ-ਤੀਲਾ ਹੋ ਕੇ ਆਪਣੀ ਸ਼ਕਤੀ ਤੇ ਹੋਂਦ ਗੁਆ ਰਹੇ ਹਾਂ, ਤੇ ਮੁਕੰਮਲ ਰੂਪ ’ਚ ਗੁਆ ਬੈਠਾਂਗੇ, ਇਸ ਬਾਰੇ ਕਿਸੇ ਨੂੰ ਕੋਈ ਭਰਮ-ਭੁਲੇਖਾ ਨਹੀਂ ਰਹਿਣਾ ਚਾਹੀਦਾ।

Editorial
Jaspal Singh Heran