ਚਿੱਟੀ ਮੱਖੀ ਨਾਲ ਬਹੁਤਾ ਨੁਕਸਾਨ ਨਹੀਂ, ਮਾਹੌਲ ਭੜਕਾਉਣ ਲਈ ਮੀਡੀਆ ਜ਼ਿੰਮੇਵਾਰ : ਕੈਪਟਨ ਅਮਰਿੰਦਰ ਸਿੰਘ

ਕੈਪਟਨ ਵੱਲੋਂ ਮੁਆਵਜ਼ੇ ਦੇ ਐਲਾਨ ਨਾ ਕਰਨ ਤੋਂ ਭੜਕੇ ਕਿਸਾਨਾਂ ਨੇ ਕੀਤੀ ਨਾਹਰੇਬਾਜ਼ੀ

ਮਾਨਸਾ 11 ਅਗਸਤ (ਅਨਿਲ ਵਰਮਾ/ਮੁਨੀਸ਼/ਹਰਚਰਨਜੀਤ ਭੁੱਲਰ) : ਬਾਦਲ ਸਰਕਾਰ ਤੋਂ ਬਾਅਦ ਹੁਣ ਕੈਪਟਨ ਸਰਕਾਰ ਵਿੱਚ ਵੀ ਚਿੱਟੀ ਮੱਖੀ ਨੇ ਕਿਸਾਨਾਂ ਦੀ ਨਰਮੇ ਦੀ ਫਸਲ ਮਾਰਕੇ ਰੱਖ ਦਿੱਤੀ ਜਿਸ ਕਰਕੇ ਮਾਲਵਾ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਡੀਜ਼ਲ, ਰੇਹਾਂ, ਸਪਰੇਹਾਂ ਪਾਕੇ ਤਿਆਰ ਕੀਤੀ ਫਸਲ ਵਾਹੁਣੀ ਪੈ ਰਹੀ ਹੈ। ਫਸਲਾਂ ਦੇ ਨੁਕਸਾਨ ਦੀਆਂ ਖਬਰਾਂ ਆਉਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿਲਾ ਮਾਨਸਾ ਦੇ ਪਿੰਡ ਖਿਆਲੀਕਲਾਂ, ਦੂਲੇਵਾਲ ਅਤੇ ਸਾਹਨੇਵਾਲੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਚਿੱਟੀ ਮੱਖੀ ਨਾਲ ਨੁਕਸਾਨੀਆਂ ਫਸਲਾਂ ਦੀ ਜਾਂਚ ਕੀਤੀ ਗਈ। ਮਾਹੌਲ ਉਸ ਸਮੇਂ ਭੜਕ ਉਠਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੁਕਸਾਨੀਆਂ ਫਸਲਾਂ ਲਈ ਕਿਸੇ ਵੀ ਤਰਾਂ ਦੇ ਮੁਆਵਜ਼ੇ ਦਾ ਐਲਾਨ ਨਾ ਕੀਤਾ ਗਿਆ ਤਾਂ ਮਾਯੂਸੀ ਹੱਥ ਪਈ ਦੇਖ ਭੜਕੇ ਕਿਸਾਨਾਂ ਨੇ ਨਾਹਰੇਬਾਜੀ ਕੀਤੀ। ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਿਲਸ ਦੀਆਂ ਭਾਜੜਾਂ ਪੈ ਗਈਆਂ ਤੇ ਦੋ ਪਿੰਡਾਂ ਦਾ ਦੌਰਾ ਤਾਂ ਕੈਪਟਨ ਸਾਹਿਬ ਨੇ ਪੁਲਿਸ ਦੇ ਸੁਰੱਖਿਆ ਘੇਰੇ ਹੇਠ ਕੀਤਾ।

ਕਿਸਾਨ ਆਗੂ ਰਾਮ ਸਿੰਘ, ਗੁਰਮੇਲ ਸਿੰਘ ਨੇ ਦੋਸ਼ ਲਾਏ ਕਿ ਚਿੱਟੀ ਮੱਖੀ ਨਾਲ ਲਗਾਤਾਰ ਹੋ ਰਹੇ ਫਸਲਾਂ ਦੇ ਨੁਕਸਾਨ ਲਈ ਖੇਤੀਬਾੜੀ ਵਿਭਾਗ, ਜਿਲਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ ਜੋ ਹਾਲੇ ਤੱਕ ਵੀ ਚਿੱਟੀ ਮੱਖੀ ਤੋਂ ਫਸਲਾਂ ਦੇ ਬਚਾਅ ਲਈ ਪ੍ਰਬੰਧ ਨਹੀਂ ਕਰ ਸਕੀ। ਇੱਥੋਂ ਤੱਕ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤਾਂ ਸੁਣਵਾਈ ਵੀ ਨਹੀਂ ਕਰਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਟੀ ਮੱਖੀ ਦੇ ਹੋ ਰਹੇ ਨੁਕਸਾਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਸਲਾਂ ਦੇ ਨੁਕਸਾਨ ਲਈ ਨਕਲੀ ਕੀਟਨਾਸ਼ਕ ਅਤੇ ਬੀਜਾਂ ਦੀ ਸਪਲਾਈ ਹੈ ਇਹਨਾਂ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਸਰਕਾਰ ਗੰਭੀਰਤਾ ਨਾਲ ਕਦਮ ਪੱਟੇਗੀ ਅਤੇ ਇਸ ਮਾਮਲੇ ਵਿੱਚ ਜੇਕਰ ਖੇਤੀਬਾੜੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸਨੂੰ ਵੀ ਸਜਾ ਭੁਗਤਣੀ ਪਵੇਗੀ। ਉਹਨਾਂ ਦੱਸਿਆ ਕਿ ਘੱਟ ਮੀਂਹ ਕਾਰਨ ਸੋਕੇ ਅਤੇ ਹੁੰਮਸ ਵਿੱਚ ਚਿੱਟੀ ਮੱਖੀ ਦੇ ਫੈਲਾਅ ਹੋਣ ਦੀ ਸਥਿਤੀ ਨਾਲ ਨਜਿੱਠਣ ਲਈ ਬੁੱਧਵਾਰ ਨੂੰ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਠੋਸ ਕਦਮ ਉਠਾਏ ਜਾਣਗੇ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਕੀਟਨਾਸ਼ਕਾਂ ਨੂੰ ਖਰੀਦਣ ਦੀ ਹੀ ਅਪੀਲ ਕੀਤੀ। ਉਹਨਾਂ ਭਰੋਸਾ ਦਿਵਾਇਆ ਕਿ ਖੇਤੀਬਾੜੀ ਵਿਭਾਗ ਨੁਕਸਾਨੀਆਂ ਫਸਲਾਂ ਦਾ ਅਨੁਮਾਨ ਲਾਏਗਾ ਜਿਸ ਦੇ ਮੁਆਵਜ਼ੇ ਦਾ ਛੇਤੀ ਐਲਾਨ ਕੀਤਾ ਜਾਏਗਾ। ਉਹਨਾਂ ਕਿਹਾ ਕਿ ਚਿੱਟੀ ਮੱਖੀ ਨਾਲ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਹੀ ਇੱਕ ਦੋ ਪ੍ਰਤੀਸ਼ਤ ਨੁਕਸਾਨ ਹੋਇਆ ਹੈ ਤੇ ਜਿਆਦਾਤਰ ਮਾਹੌਲ ਨੂੰ ਭੜਕਾਉਣ ਲਈ ਮੀਡੀਆ ਜਿੰਮੇਵਾਰ ਹੈ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਹਾਜਰ ਸਨ।

Unusual
farmer
Protest
Capt Amarinder Singh
Punjab Government