ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ

ਅੱਜ ਕੌਮ ਦੇ ਮਹਾਨ ਵਿਦਵਾਨ ਸਿਰਦਾਰ ਕਪੂਰ ਸਿੰਘ ਦੀ ਬਰਸੀ ਹੈ, ਅਤੇ ਕੁਝ ਦਿਨਾਂ ਬਾਅਦ ਸਿੰਘ ਸਭਾ ਲਹਿਰ ਦੇ ਮੋਢੀ ਅਤੇ ਕੌਮ ਦੇ ਇਕ ਹੋਰ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਹੁਣਾਂ ਦੀ ਬਰਸੀ ਵੀ ਹੈ। ਇਸ ਕਾਰਣ ਇਹ ਦਿਨ ਸਿੱਖਾਂ ਦੇ ਬੌਧਿਕ ਵਿਕਾਸ ਦਾ ਪੱਧਰ ਮਾਪਣ ਲਈ ਪੈਮਾਨਾ ਮੰਨੇ ਜਾਣੇ ਚਾਹੀਦੇ ਹਨ। ਪ੍ਰੰਤੂ ਅਫ਼ਸੋਸ ਹੈ ਕਿ ਕੌਮ ਨੇ ਆਪਣੇ ਬੌਧਿਕ ਅਵੇਸਲੇਪੁਣੇ, ਜਿਸ ਨੂੰ ਜੇ ਬੌਧਿਕ ਦੀਵਾਲੀਆਪਣ ਵੀ ਆਖ ਦਈਏ ਤਾਂ ਅਤਿਕਥਨੀ ਨਹੀਂ ਹੋਵੇਗੀ, ਕੌਮ ਨੇ ਇਨਾਂ ਦੋਵਾਂ ਵਿਦਵਾਨ ਸ਼ਕਤੀਆਂ ਨੂੰ ਲਗਭਗ ਮਨੋਂ ਵਿਸਾਰ ਦਿੱਤਾ ਹੈ, ਉਨਾਂ ਦੇ ਗਿਆਨ ਸਾਗਰ ਅਨੁਸਾਰ ਆਪਣੀ ਵਰਤਮਾਨ ਪ੍ਰਸਥਿਤੀ ਦਾ ਵਿਸ਼ਲੇਸਣ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਕੌਮ ’ਚ ਸਿਰਦਾਰ ਹਰੀ ਸਿੰਘ ਨਲੂਏ ਦੀ ਬਹਾਦਰੀ ਤੋਂ ਲੈ ਕੇ ਸਿਰਦਾਰ ਕਪੂਰ ਸਿੰਘ ਦੀ ਬੌਧਿਕਤਾ ਤੱਕ ਭਾਵੇਂ ਅਨੇਕਾਂ ਅਜਿਹੇ ਸਿਰਦਾਰ ਕੌਮ ਨੇ ਪੈਦਾ ਕੀਤੇ ਹਨ, ਜਿਨਾਂ ਦੀ ਦੇਣ ’ਤੇ ਜਿੰਨਾਂ ਵੀ ਮਾਣ ਕੀਤਾ ਜਾਵੇ, ਥੋੜਾ ਹੈ। ਪ੍ਰੰਤੂ ਜਿਹੜੀ ਕੌਮ ਆਪਣੇ ਗੁਰੂ ਤੋਂ ਅਤੇ ਗੁਰਬਾਣੀ ਤੋਂ ਬੇਮੁਖ ਹੋ ਰਹੀ ਹੈ, ਉਸ ਦਾ ਆਪਣੇ ਅਜਿਹੇ ਸਿਰਦਾਰਾਂ ਨੂੰ ਭੁੱਲ ਜਾਣਾ ਤਾਂ ਸੁਭਾਵਿਕ ਹੀ ਆਖਿਆ ਜਾ ਸਕਦਾ ਹੈ। ਅੱਜ ਵਿਸ਼ਵ ਭਰ ਵਿੱਚ ਸਿੱਖਾਂ ਨੂੰ ਮੁੱਖ ਰੂਪ ’ਚ ਬਹਾਦਰ ਫੌਜੀ ਅਤੇ ਚੰਗੇ ਡਰਾਇਵਰ ਵਜੋਂ ਹੀ ਜਾਣਿਆ ਜਾਂਦਾ ਹੈ। ਅੰਗਰੇਜ਼ਾਂ ਦੇ ਰਾਜ ਵਿੱਚ ਸਿੱਖਾਂ ਨੇ ਬਹਾਦਰ ਫੌਜੀਆਂ ਦੀ ਭੂਮਿਕਾ ਅਦਾ ਕੀਤੀ ਅਤੇ ਵਿਸ਼ਵ ਯੁੱਧਾਂ ਉਪਰੰਤ ਸਿੱਖਾਂ ਦਾ ਇਹ ਅਕਸ ਉੱਭਰ ਕੇ ਸਾਹਮਣੇ ਆਇਆ ਅਤੇ ਉਸ ਤੋਂ ਬਾਅਦ ਭਾਰਤ ’ਤੇ ਵਿਦੇਸ਼ਾਂ ਵਿੱਚ ਟੈਕਸੀ ਅਤੇ ਟਰੱਕ ਡਰਾਈਵਰਾਂ ਦੇ ਰੂਪ ਵਿਚ ਸਿੱਖਾਂ ਨੇ ਆਪਣੀ ਪਹਿਚਾਣ ਬਣਾ ਲਈ। ਪੰਜਾਬ ਤੋਂ ਬਾਹਰ ਬਹੁਗਿਣਤੀ ਸਿੱਖਾਂ ਦਾ ਟਰਾਂਸਪੋਰਟ ਦੇ ਕਿੱਤੇ ਨਾਲ ਸਬੰਧ ਰਿਹਾ। ਜਿਸ ਕਾਰਣ ਵਿਦੇਸ਼ਾਂ ਵਿੱਚ ਗਏ ਸਿੱਖਾਂ ਨੇ ਵੀ ਟੈਕਸੀ ਅਤੇ ਟਰਾਲੇ ਚਲਾਉਣ ਨੂੰ ਹੀ ਪਹਿਲ ਦਿੱਤਾ। ਇਧਰ ਪ੍ਰੋਫੈਸਰੀਆਂ ਕਰਦੇ ਵਿਦੇਸ਼ ਗਏ ਸਿੱਖ ਗੱਭਰੂਆਂ ਨੂੰ ਵੀ ਟੈਕਸੀ ਚਲਾਉਣੀ ਵੱਧ ਨੋਟ ਕਮਾਉਣ ਦਾ ਸਾਧਨ ਲੱਗੀ ਅਤੇ ਉਨਾਂ ਆਪਣੀ ਪੜਾਈ-ਲਿਖਾਈ ਵਸਾਰ ਕੇ ਡਰਾਈਵਰੀ ਨੂੰ ਪਹਿਲ ਦਿੱਤੀ।

ਪੰਜਾਬ ਦੇ ਕਾਲੇ ਦਿਨਾਂ ਤੋਂ ਬਾਅਦ ਦੇਸ਼ ਦੇ ਮੀਡੀਏ ਨੇ ਅੰਤਰਰਾਸ਼ਟਰੀ ਮੀਡੀਏ ਨੂੰ ਆਪਣੇ ਨਾਲ ਮਿਲਾ ਕੇ ਜਾ ਗੁੰਮਰਾਹ ਕਰਕੇ ਸਿੱਖਾਂ ਨੂੰ ‘ਅੱਤਵਾਦੀ’ ਦਾ ਰੂਪ ਦੇ ਦਿੱਤਾ। ਜਿਹੜਾ ਸਿੱਖਾਂ ਅਤੇ ਮੁਸਲਮਾਨਾਂ ਦੀ ਪੱਗੜੀ ਕਾਰਣ ਰਲਗੱਡ ਹੋ ਗਿਆ। ਜਿਹੜਾ ਨਵਾਂ ਚੌਥਾ ਅਕਸ ਅਸੀਂ ਸਿੱਖਾਂ ਦਾ ਉਭਾਰਣ ਲੱਗੇ ਹੋਏ ਹਾਂ ਉਹ ਇਕ ਸਿੱਖ ਦਾ ਦੂਜੇ ਸਿੱਖ ਦੀ ਪੱਗ ਲਾਹੁੰਣ ਦਾ ਹੋ ਸਕਦਾ ਹੈ। ਇਹੋ ਕਾਰਣ ਹੈ ਕਿ ਸਾਨੂੰ ਅੱਜ ਦੇ ਦਿਨ ਜਦੋਂ ਅਸੀਂ ਸਿਰਦਾਰ ਕਪੂਰ ਸਿੰਘ ਦੀ ਮਹਾਨ ਵਿਦਵਤਾ ਨੂੰ ਯਾਦ ਕਰਨ ਲੱਗੇ ਹੋਏ ਹਾਂ, ਤਾਂ ਸਾਨੂੰ ਇਹ ਯਾਦ ਕਰਵਾਉਣ ਦੀ ਲੋੜ ਵੀ ਪੈ ਗਈ ਹੈ ਕਿ ਕੌਮ ਦਾ ਬੌਧਿਕ ਪੱਧਰ ਅੱਜ ਕਿੱਥੇ ਖੜਾ ਹੈ? ਜਿਸ ਕੌਮ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗਿਆਨ ਦਾ ਦੁਰਲੱਭ ਖਜ਼ਾਨਾ ਕਰ ਰਿਹਾ ਹੋਵੇ, ਉਸ ਕੌਮ ’ਤੇ ਜੇ ਬੌਧਿਕ ਦੀਵਾਲੀਏਪਣ ਦੇ ਦੋਸ਼ ਲੱਗਣ ਤਾਂ ਇਸ ਤੋਂ ਚਿੰਤਾਜਨਕ ’ਤੇ ਸ਼ਰਮਨਾਕ ਵਰਤਾਰਾ ਕੀ ਹੋ ਸਕਦਾ ਹੈ? ਵਿਸ਼ਵ ਭਰ ਨੂੰ ਹੋਰ ਖੇਤਰਾਂ ’ਚ ਚਾਹੇ ਉਹ ਅਧਿਆਤਮਕ ਹੋਵੇ, ਚਾਹੇ ਸਮਾਜਿਕ, ਇਥੋਂ ਤੱਕ ਕਿ ਵਿਗਿਆਨ ਵਰਗੇ ਖੇਤਰ ’ਚ ਵੀ ਅਗਵਾਈ ਦੇਣ ਦੇ ਪੂਰਨ ਸਮਰੱਥ, ਸਿੱਖ ਧਰਮ ’ਚ ਬੌਧਿਕ ਦੀਵਾਲੀਏਪਣ ਦੀ ਗੱਲ ਚੱਲਣੀ ਅਤੇ ਸੁਣਨੀ ਬੇਹੱਦ ਅਜੀਬ ਹੈ, ਪ੍ਰੰਤੂ ਇਹ ਕੌੜੀ ਸੱਚਾਈ ਹੈ, ਜਿਸ ਨੂੰ ਸਿੱਖ ਕੌਮ ਨਿਗਲੀ ਬੈਠੀ ਹੈ ਅਤੇ ਇਹੋ ਕਾਰਣ ਹੈ ਕਿ ਸਿੱਖ ਫੌਜੀ ਅਤੇ ਡਰਾਈਵਰ ਦੇ ਅਕਸ ਤੋਂ ਬਾਹਰ ਨਹੀਂ ਆ ਸਕੇ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨਾਂ ਨੂੰ ਵਿਸ਼ਵ ਮਾਹਿਰ ਅਰਥਸ਼ਾਸਤਰੀ ਪ੍ਰਵਾਨ ਕਰਦਾ ਹੈ, ਉਸ ਦੇ ਅਕਸ ਦਾ ਪ੍ਰਭਾਵ ਵੀ ਸਿੱਖ ਕੌਮ ’ਤੇ ਵਿਆਪਕ ਰੂਪ ਵਿੱਚ ਨਹੀਂ ਪਿਆ, ਕਿਉਂਕਿ ਜਦੋਂ ਤੱਕ ਸਮੁੱਚੀ ਕੌਮ ਬੌਧਿਕ ਪ੍ਰਪੱਕਤਾ ਦੀ ਪ੍ਰਾਪਤੀ ਦਾ ਰਾਹ ਨਹੀਂ ਫੜਦੀ, ਉਦੋਂ ਤੱਕ ਸਿੱਖਾਂ ਨੂੰ ਜੋਕਰ ਵਿਖਾਉਣ ਵਾਲੀਆਂ ਸ਼ਕਤੀਆਂ ਨੂੰ ਨਕੇਲ ਨਹੀਂ ਪਾ ਸਕਦੀ।

ਸਿਰਦਾਰ ਕਪੂਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਨੇ ਜਿਸ ਮਾਰਗ ਨੂੰ ਕੌਮ ਦੇ ਤੁਰਨ ਲਈ ਸਜਾਉਣ, ਸੰਵਾਰਨ ਦਾ ਉਪਰਾਲਾ ਕੀਤਾ ਸੀ, ਅਸੀਂ ਉਸ ਰਾਹ ਨੂੰ ਮੁੜ ਉਬੜ-ਖਾਬੜ ਬਣਾ ਦਿੱਤਾ ਹੈ ਤਾਂ ਕਿ ਕੋਈ ਇਸ ਰਾਹ ’ਤੇ ਤੁਰਨ ਦਾ ਹੀਆ ਨਾ ਕਰ ਸਕੇ। ਕੌਮ ਪ੍ਰਤੀ ਸਮਰਪਿਤ ਹੋਣਾ, ਗਿਆਨ ਦਾ ਸਮੁੰਦਰ ਹੋਣਾ, ਨਿਡਰਤਾ ਦਾ ਹਿਮਾਲਾ ਹੋਣਾ ਇਹ ਸਿਰਦਾਰ ਕਪੂਰ ਸਿੰਘ ਦੀ ਸਖ਼ਸੀਅਤ ਦਾ ਨਿਚੋੜ ਹੈ ਅਤੇ ਜੇ ਕੌਮ ਆਪਣੇ ਉਸ ਮਹਾਨ ਵਿਦਵਾਨ ’ਦੇ ਮਾਰਗ ’ਤੇ ਚੱਲਣ ਦਾ ਯਤਨ ਕਰਦੀ ਤਾਂ ਕੌਮ ’ਚ ਬੌਧਿਕ ਦੀਵਾਲੀਏਪਣ ਦਾ ਦੋਸ਼ ਕਦੇ ਵੀ ਨਹੀਂ ਲੱਗ ਸਕਦਾ ਸੀ। ਦੇਸ਼ ਦੀਆਂ ਉੱਚੀਆਂ ਪੱਦਵੀਆਂ ’ਤੇ ਸਾਡੀ ਗਿਣਤੀ ਜ਼ੀਰੋ ਵੱਲ ਜਾ ਰਹੀ ਹੈ, ਇਸ ਸਵਾਲ ਬਹੁਤ ਜਲਦੀ ਜਵਾਬ ਮੰਗਦੇ ਹਨ। ਸਾਡੀ ਦੁਨਿਆਵੀ ਵਿੱਦਿਆ ਅਤੇ ਧਾਰਮਿਕ ਵਿੱਦਿਆ ਜਿਹੜੀ ਮਨੁੱਖ ਵਿੱਚ ਨੈਤਿਕ ਅਤੇ ਸਦਾਚਾਰਕ ਕੀਮਤਾਂ ਪੈਦਾ ਕਰਦੀ ਹੈ। ਦੋਵੇਂ ਖੋਖਲੀਆਂ ਹੋ ਗਈਆਂ ਹਨ। ਸਿੱਖਿਆ ਦਾ ਮਿਆਰ ਖ਼ਤਮ ਕਰਨ ਦੇ ਨਾਲ-ਨਾਲ ਲੱਚਰਤਾ ਅਤੇ ਨਸ਼ਿਆਂ ਦੇ ਹਮਲੇ ਨਾਲ ਸਾਡੀਆਂ ਸਕਾਰਾਤਮਕ ਰੁਚੀਆਂ ਨੂੰ ਮਲੀਆਮੇਟ ਕਰ ਦਿੱਤਾ ਗਿਆ ਹੈ। ਨੌਜਵਾਨ ਮੁੰਡੇ ਕਿਤਾਬਾਂ ਦੀ ਥਾਂ ਸਮੈਕ ਦੀਆਂ ਪੁੜੀਆਂ ’ਚ ਗਲਤਾਨ ਹੋ ਗਏ ਹਨ ਅਤੇ ਸਾਡੀਆਂ ਨੌਜਵਾਨ ਕੁੜੀਆਂ ਵੀ ਅਜਿਹੀ ਰੀਸ ਕਰਨ ਦੇ ਯਤਨਾਂ ’ਚ ਹਨ। ਇਸ ਸਾਰੇ ਵਰਤਾਰੇ ਲਈ ਅਸੀਂ ਸਿਰਫ਼ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ਼ ਦਾ ਦੋਸ਼ ਲਾ ਕੇ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੇ। ਦਾਰੂ ਪੀਣੀ, ਬੱਕਰੇ ਖਾਣੇ ਅਤੇ ਲਲਕਾਰੇ ਮਾਰਨੇ ਇਨਾਂ ਦਾ ਸਿੱਖ ਵਿਰਸੇ ਨਾਲ ਕਦੇ ਵੀ ਸਬੰਧ ਨਹੀਂ ਰਿਹਾ। ਪ੍ਰੰਤੂ ਅੱਜ ਅਸੀਂ ਇਨਾਂ ਨੂੰ ਆਪਣੇ ਵਿਰਾਸਤੀ ਗੁਣਾਂ ਵਜੋਂ ਉਭਾਰਣ ਲੱਗੇ ਹੋਏ ਹਾਂ।

ਸਾਡੇ ਬੌਧਿਕ ਦੀਵਾਲੀਏਪਣ ਕਾਰਣ ਹੀ ਅੱਜ ਮੋਬਾਇਲ ਸੁਨੇਹਿਆਂ, ਇੰਟਰਨੈੱਟ ਅਤੇ ਹੋਰ ਆਧੁਨਿਕ ਸੰਚਾਰ ਸਾਧਨਾਂ ’ਤੇ ਸਿੱਖਾਂ ਨੂੰ ਮਖੌਲ ਦੇ ਪਾਤਰ ਬਣਾ ਦਿੱਤਾ ਗਿਆ ਅਤੇ ਅਕਾਲੀ, ਅਕਲੋ ਖਾਲੀ ਦਾ ਤਾਅਨਾ ਮਾਰਿਆ ਜਾਂਦਾ ਹੈ। ਅੱਜ ਭਾਵੇਂ ਹਰ ਅਮੀਰ ਸਿੱਖ ਆਪਣੇ ਬੱਚੇ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ, ਕਾਲਜ ਵਿੱਚ ਪੜਾ ਰਿਹਾ ਹੈ, ਪ੍ਰੰਤੂ ਉਸ ਦਾ ਨਤੀਜਾ ਕੌਮ ਲਈ ਨਾਂਹਪੱਖੀ ਹੀ ਹੈ, ਕਿਉਂਕਿ ਪੱਛਮੀ ਸੱਭਿਅਤਾ ਦੇ ਰੰਗ ’ਚ ਰੰਗੀ ਇਹ ਪੜਾਈ ਉਸ ਨੂੰ ਘੱਟੋ-ਘੱਟ ਸਿੱਖੀ ਦੇ ਨੇੜੇ ਤਾਂ ਆਉਣ ਨਹੀਂ ਦਿੰਦੀ। ਕਿਉਂਕਿ ਉਸ ਦੇ ਮਨ ਦੇ ਕਿਸੇ ਕੋਨੇ ’ਚ ਵੀ ਸਿੱਖੀ ਪਿਆਰ ਜਾਂ ਦਰਦ ਅਸੀਂ ਬਚਪਨ ਤੋਂ ਹੀ ਪੈਦਾ ਨਹੀਂ ਕੀਤਾ। ਚੌਧਰ ਅਤੇ ਪੈਸੇ ਦੀ ਭੁੱਖ ਨੇ ਸਾਡੇ ਸਿਆਸੀ ਅਤੇ ਧਾਰਮਿਕ ਆਗੂਆਂ ਨੂੰ, ਚੌਧਰ ਦੀ ਜੰਗ ਵਿੱਚ ਉਲਝਾ ਦਿੱਤਾ ਹੈ। ਇਸ ਲਈ ਉਨਾਂ ਪਾਸ ਇਸ ਪਾਸੇ ਸੋਚਣ ਦਾ ਸਮਾਂ ਹੀ ਨਹੀਂ। ਦੂਸਰਾ ਕੌਮ ’ਚ ਸਿਆਪਣ ਦਾ ਆਉਣਾ ਉਨਾਂ ਲਈ ਖ਼ਤਰੇ ਦੀ ਘੰਟੀ ਹੈ। ਜੇ ਅੱਜ ਦਾ ਨੌਜਵਾਨ ਸਿਰਦਾਰ ਕਪੂਰ ਸਿੰਘ ਦੀ ਸੋਚ ਉਪਰ ਤੁਰ ਪਿਆ ਅਤੇ ਸਿਰਦਾਰ ਕਪੂਰ ਸਿੰਘ ਵੱਲੋਂ ਸਿਰਜੇ ਅਨੰਦਪੁਰ ਮਤੇ ਦੀ ਪੂਰਤੀ ਦੀ ਮੰਗ ਕਰਨ ਲੱਗ ਪਿਆ, ਤਾਂ ਇਨਾਂ ਕੌਮ ਦੇ ਗ਼ੱਦਾਰ ਆਗੂਆਂ ਨੂੰ ਭੱਜਣ ਦਾ ਕੋਈ ਰਾਹ ਨਹੀਂ ਲੱਭਣਾ, ਇਸ ਲਈ ਉਹ ਆਪਣੇ ਨੁਕਸਾਨ ਦੇ ਰਾਹ ਕਿਉਂ ਤੁਰਨਗੇ? ਸਿੱਖ ਕੌਮ ਦੇ ਬੁੱਧੀਜੀਵੀ ਵੀ ਪਤਾ ਨਹੀਂ ਕਿਉਂ ਕੌਮ ਤੋਂ ਦੂਰੀ ਬਣਾ ਲੈਂਦੇ ਹਨ ਅਤੇ ਉਨਾਂ ਦੀ ਬੌਧਿਕਤਾ ਨਿੱਜੀ ਹੋ ਕੇ ਰਹਿ ਜਾਂਦੀ ਹੈ।

ਅਸੀਂ ਸਿਰਦਾਰ ਕਪੂਰ ਸਿੰਘ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਦੀ ਦੁਹਾਈ ਦੇ ਕੇ ਕੌਮ ਨੂੰ ਅਪੀਲ ਕਰਾਂਗੇ, ਕਿ ਸਿੱਖੀ ਦੀ ਪੂੰਜੀ ‘ਮਨ ਨੀਵਾਂ, ਮੱਤ ਉਚੀ’ ਹੈ, ਇਸ ਲਈ ਜਿਸ ਕੌਮ ਦਾ ਤਸੱਵਰ ਗੁਰੂ ਸਾਹਿਬਾਨ ਨੇ ਕੀਤਾ ਸੀ, ਉਸ ਕੌਮ ਦੀ ਸਥਾਪਤੀ ਦੇ ਰਾਹ ਵੀ ਤੁਰੀਏ। ਖਾਲਸਾ ਵਿੱਦਿਅਕ ਸੰਸਥਾਵਾਂ ਦਾ ਸੰਕਲਪ ਜਿਹੜਾ ਹੁਣ ਗੁਆਚ ਗਿਆ ਹੈ ਉਸ ਨੂੰ ਮੁੜ ਸੁਰਜੀਤ ਕੀਤਾ ਜਾਵੇ। ਕੌਮ ਉੱਚ ਤਕਨੀਕੀ ਸਿੱਖਿਆਵਾਂ ਦੇ ਕੌਮੀ ਅਦਾਰੇ ਖੜੇ ਕਰੇ, ਜਿਹੜੇ ਸਿੱਖੀ ਸਰੂਪ ਵਾਲੇ ਅਤੇ ਸਿੱਖੀ ਭਾਵਨਾਵਾਂ ਵਾਲੇ ਹਰ ਖੇਤਰ ਦੇ ਮਾਹਿਰ ਪੈਦਾ ਕਰਨ, ਜੋ ਦੇਸ਼-ਵਿਦੇਸ਼ ਵਿੱਚ ਆਪਣੀ ਯੋਗਤਾ ਨਾਲ ਸਿੱਖੀ ਦਾ ਝੰਡਾ ਬੁਲੰਦ ਕਰਨ ਤਾਂ ਕਿ ਦੁਨੀਆ ਨੂੰ ਮਹਿਸੂਸ ਹੋ ਸਕੇ ਕਿ ਸਿੱਖੀ ਮਹਾਨ ਹੈ ਇਸ ਦਾ ਵਿਰਸਾ ਅਦਭੁੱਤ ਹੈ। ਹੁਣ ਗੁਰੂ ਘਰਾਂ ’ਤੇ ਸੋਨੇ ਅਤੇ ਸੰਗਮਰਮਰ ਨਾਲੋਂ ਵਧੇਰੇ ਲੋੜ ਕੌਮ ਦਾ ਬੌਧਿਕ ਪੱਧਰ ਉੱਚਾ ਚੁੱਕਣ ਅਤੇ ਸਿਰਦਾਰ ਕਪੂਰ ਦੇ ਵਾਰਿਸ ਪੈਦਾ ਕਰਨ ਦੀ ਹੈ।

Editorial
Jaspal Singh Heran