ਨੌਜਵਾਨ ਨੇ ਗੋਲੀਆਂ ਮਾਰ ਕੇ ਬਜ਼ੁਰਗ ਦੀ ਕੀਤੀ ਹੱਤਿਆ

ਪੰਜਗਰਾਈਂ ਕਲਾਂ,12 ਅਗਸਤ (ਸੁਖਜਿੰਦਰ ਸਿੰਘ ਪੰਜਗਰਾਈਂ) : ਸਥਾਨਕ ਪਿੰਡ ਪੰਜਗਰਾਈਂ ਕਲਾਂ ‘ਚ ਲੰਘੇ ਬੁੱਧਵਾਰ ਇੱਕ ਨੌਜਵਾਨ ਨੇ ਬਜੁਰਗ ਮੇਜਰ ਸਿੰਘ (65 ਸਾਲ) ਨੂੰ ਗੋਲੀਆਂ ਮਾਰ ਕੇ ਸਖ਼ਤ ਰੂਪ ਵਿਚ ਜਖ਼ਮੀ ਕਰ ਦਿੱਤੇ ਜਾਣ ਦੀ ਘਟਨਾਂ ਵਾਪਰੀ ਸੀ। ਬੀਤੀ ਰਾਤ ਬਜੁਰਗ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਚ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਦਿੱਤਾ। ਬਾਜਾਖਾਨਾ ਪੁਲੀਸ ਨੇ ਇਸ ਮਾਮਲੇ ਵਿਚ ਹੁਣ ਕਤਲ ਦੀਆਂ ਧਾਰਾਵਾਂ ਹੋਰ ਜੋੜ ਦਿੱਤੀਆਂ ਹਨ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬਾਜਾਖਾਨਾ ਪੁਲੀਸ ਨੇ ਬੀਤੀ 10 ਅਗਸਤ ਨੂੰ ਮੇਜਰ ਸਿੰਘ ਉਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਜਸਕੀਰਤ ਸਿੰਘ ਉਰਫ ਜੱਸੀ, ਜਸਪਾਲ ਸਿੰਘ ਉਰਫ ਨਿੱਕਾ, ਰੂਪ ਸਿੰਘ, ਸਾਧੂ ਸਿੰਘ ਵਾਸੀ ਪੰਜਗਰਾਈਂ ਕਲਾਂ ਸਮੇਤ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।

ਦਰਜ ਮੁਕੱਦਮੇ ਅਨੁਸਾਰ ਮੇਜਰ ਸਿੰਘ ਉਸ ਦਿਨ ਆਪਣੇ ਭਰਾ ਹਰਬੰਸ ਸਿੰਘ ਤੇ ਪੋਤੇ ਹਰਮਨਦੀਪ ਸਿੰਘ ਨਾਲ ਪੁਲੀਸ ਚੌਂਕੀ ਪੰਜਗਰਾਈਂ ਕਲਾਂ ਵਿਖੇ ਮੁਲਜ਼ਮਾਂ ਖ਼ਿਲਾਫ਼ ਰਿਪੋਰਟ ਦਰਜ ਕਰਵਾਉਣ ਗਿਆ, ਕਿਉਂਕਿ ਉਕਤ ਮੁਲਜ਼ਮਾਂ ਨੇ ਹਰਮਨਦੀਪ ਸਿੰਘ ਦੀ ਬਹੁਤ ਬੁਰੀ ਤਰਾਂ ਕੁੱਟਮਾਰ ਕੀਤੀ ਸੀ ਤੇ ਉਸਦੇ ਸਿਰ ਵਿਚ ਗੰਡਾਂਸਾ ਮਾਰ ਕੇ ਜਖ਼ਮੀ ਕਰ ਦਿੱਤਾ ਸੀ। ਰਿਪੋਰਟ ਲਿਖਵਾਉਣ ਉਪਰੰਤ ਇਹ ਹਰਮਨਦੀਪ ਨੂੰ ਸਿਵਲ ਹਸਪਤਾਲ ਕੋਟਕਪੂਰਾ ਲੈ ਕੇ ਆ ਰਹੇ ਸਨ ਕਿ ਰਾਹ ਵਿਚ ਉਕਤ ਮੁਲਜ਼ਮਾਂ ਨੇ ਸਾਰਿਆਂ ਨੂੰ ਘੇਰ ਲਿਆ ਕੇ ਆਪਣੇ ਖ਼ਿਲਾਫ਼ ਰਿਪੋਰਟ ਲਿਖਵਾਉਣ ਤੋਂ ਖਿੱਝ ਕੇ ਜਸਪਾਲ ਸਿੰਘ ਨੇ ਆਪਣੀ 12 ਬੋਰ ਦੇ ਲਾਇਸੰਸੀ ਰਿਵਾਲਵਰ ਨਾਲ ਮੇਜਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਰੂਪ ਵਿਚ ਜਖ਼ਮੀ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਭਰਤੀ ਕਰਵਾਇਆ ਗਿਆ ਸੀ ਜਿਥੇ ਲੰਘੀ ਰਾਤ ਬਜੁਰਗ ਨੇ ਦਮ ਤੋੜ ਦਿੱਤਾ ।

Murder
Crime