ਬਰਨਾਲਾ ਦੇ ਕਿਸਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਬਰਨਾਲਾ 12 ਅਗਸਤ (ਪ.ਬ.) ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਨੇ ਦਿੱਤਾ ਸੀ। ਪਰ ਅੱਜ ਕਿਸਾਨ ਦੀ ਜੈ ਕਰਨਾ ਤਾਂ ਦੂਰ ਦੀ ਗੱਲ, ਦੇਸ਼ ਦਾ ਢਿੱਡ ਭਰਨ ਵਾਲੇ ਇਸ ਅੰਨਦਾਤਾ ਨੂੰ ਕੋਈ ਪੁੱਛਦਾ ਤੱਕ ਨਹੀਂ। ਇਹੀ ਕਾਰਨ ਹੈ ਕਿ ਕਿਰਸਾਣੀ ਦਾ ਨਿਘਾਰ ਹੁੰਦਾ ਜਾ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ। ਇਸੇ ਲੜੀ ਵਿਚ ਬੀਤੇ ਦਿਨੀਂ ਤੇਜਾ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬੱਲੋਕੇ ਨੇ ਫਾਹਾ ਲਗਾ ਕੇ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੱਲਬਾਤ ਕਰਦਿਆਂ ਚਮਕੌਰ ਸਿੰਘ ਪੁੱਤਰ ਮੇਹਰ ਸਿੰਘ, ਜਗਰ ਸਿੰਘ ਪੁੱਤਰ ਨਾਹਰ ਸਿੰਘ ਪ੍ਰਧਾਨ ਭਾਕਿਯੂ ਡਕੌਂਦਾ ਇਕਾਈ ਬਰਨਾਲਾ, ਮਲਕੀਤ ਸਿੰਘ ਪੁੱਤਰ ਜਰਨੈਲ ਸਿੰਘ, ਬਚਿੱਤਰ ਸਿੰਘ ਪੁੱਤਰ ਈਸ਼ਰ ਸਿੰਘ, ਨਾਇਬ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੱਲੋਕੇ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਤੇਜਾ ਸਿੰਘ ਦੀ 4 ਏਕੜ ਜ਼ਮੀਨ ਸੀ, ਜੋ ਘਰ ਵਿਚ ਬੀਮਾਰੀ ਦੇ ਚਲਦਿਆਂ ਹੋਇਆ ਵਿਕ ਗਈ।

ਸੈਨਾ ਵਿਚੋਂ ਰਿਟਾਇਰ ਹੋਣ ਦੇ ਬਾਅਦ ਪੈਨਸ਼ਨ ਵੀ ਬਹੁਤ ਘੱਟ ਸੀ, ਜਿਸ ਕਾਰਨ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਅਪਣੀ ਲੜਕੀ ਦਾ ਵਿਆਹ ਕੀਤਾ ਸੀ। ਵਿਆਹ ਕਾਰਨ ਉਸ ਤੇ ਪੈਸੇ ਦੇ ਲੈਣ-ਦੇਣ ਦਾ ਬੋਝ ਪੈ ਗਿਆ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਪਿਛਲੇ ਦਿਨੀਂ ਉਸ ਨੇ ਆਪਣੇ ਘਰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਇਸ ਸਬੰਧੀ ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਿ੍ਰਤਕ ਤੇਜਾ ਸਿੰਘ ਦੀ ਪਤਨੀ ਜਸਮੇਲ ਕੌਰ ਦੇ ਬਿਆਨਾਂ ਤੇ ਅਧਾਰ ‘ਤੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।

Barnala
farmer
suicide